ਮੁੰਬਈ: ਅਦਾਕਾਰਾ ਸਵਰਾ ਭਾਸਕਰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਇਕਾਂਤਵਾਸ ਹੈ ਪਰ ਸੋਸ਼ਲ ਮੀਡੀਆ ‘ਤੇ ਉਸ ਦੀ ਮੌਤ ਦੀ ਦੁਆ ਮੰਗੀ ਜਾ ਰਹੀ ਹੈ। ਸਵਰਾ ਨੇ ਅੱਜ ਉਸ ਦੀ ਮੌਤ ਦੀ ਦੁਆ ਮੰਗਣ ਵਾਲਿਆਂ ਦੀ ਚੰਗੀ ਝਾੜ-ਝੰਬ ਕੀਤੀ। ਸਵਰਾ ਨੇ ਬੀਤੇ ਦਿਨ ਟਵਿੱਟਰ ‘ਤੇ ਆਖਿਆ ਸੀ ਕਿ ਉਹ ਇਕਾਂਤਵਾਸ ਹੈ। ਉਸ ਨੇ ਆਖਿਆ ਸੀ, ”ਹੈਲੋ ਕੋਵਿਡ! ਹੁਣੇ ਮੇਰੀ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਪਾਜ਼ੇਟਿਵ ਹੈ। ਮੈਂ ਇਕਾਂਤਵਾਸ ਵਿੱਚ ਹਾਂ। ਮੇਰੇ ‘ਚ ਕੋਵਿਡ ਦੇ ਲੱਛਣ ਹਨ ਜਿਵੇਂ ਬੁਖਾਰ ਤੇ ਸਿਰ ਦਰਦ ਸਮੇਤ ਮੈਨੂੰ ਕੋਈ ਸਵਾਦ ਪਤਾ ਨਹੀਂ ਲੱਗ ਰਿਹਾ। ਦੋਵੇਂ ਡੋਜ਼ ਲਵਾ ਚੁੱਕੀ ਹਾਂ, ਉਮੀਦ ਹੈ ਜਲਦੀ ਠੀਕ ਹੋ ਜਾਵਾਂਗੀ।” ਉਪਰੰਤ ਅਦਾਕਾਰਾ ਨੇ ਆਪਣੇ ਨਾਂ ਹੇਠ ਟਵਿੱਟਰ ‘ਤੇ ਟਰੈਂਡਿੰਗ ਦਾ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ਵਿੱਚ ਕਈਆਂ ਨੇ ਉਸ ਦੀ ਤਸਵੀਰ ਨਾਲ ‘ਆਤਮਾ ਨੂੰ ਸ਼ਾਂਤੀ’ ਲਿਖਿਆ ਹੈ। ਨਫ਼ਰਤ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਸਵਰਾ ਨੇ ਲਿਖਿਆ, ” ਮੇਰੀ ਮੌਤ ਦੀ ਦੁਆ ਮੰਗਣ ਵਾਲੇ ਮੇਰੇ ਪਿਆਰੇ ਨਫ਼ਰਤੀ ਚਿੰਟੂਜ਼ ਅਤੇ ਟਰੌਲਜ਼… ਦੋਸਤੋ ਆਪਣੀਆਂ ਭਾਵਨਾਵਾਂ ਕਾਬੂ ‘ਤੇ ਰੱਖੋ… ਜੇਕਰ ਮੈਨੂੰ ਕੁਝ ਹੋ ਗਿਆ ਤਾਂ ਤੁਹਾਡੀ ਰੋਜ਼ੀ-ਰੋਟੀ ਖੁੱਸ ਜਾਵੇਗੀ… ਘਰ ਕਿਵੇਂ ਚੱਲੇਗਾ।” -ਆਈਏਐੱਨਐੱਸ

News Source link