ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 21 ਅਕਤੂਬਰ

ਭਾਰਤੀ ਕਿਸਾਨ ਯੂਨੀਅਨ(ਟਿਕੈਤ) ਵੱਲੋਂ ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੂੰ ਹਟਾਉਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਕਿਹਾ ਗਿਆ ਕਿ ਕਿਸਾਨਾਂ ਨੂੰ ਦਿੱਲੀ ਪੁਲੀਸ ਨੇ ਹੀ ਕੌਮੀ ਮਾਰਗਾਂ ਉਪਰ ਕੰਡਿਆਲੀਆਂ ਤਾਰਾਂ ਲਾ ਕੇ ਡੱਕਿਆ ਹੋਇਆ ਹੈ ਨਾ ਕਿ ਕਿਸਾਨਾਂ ਨੇ ਕੋਈ ਰਾਹ ਰੋਕਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਟਿਕੈਤ ਧੜੇ ਦੇ ਆਗੂ ਸੌਰਭ ਉਪਾਧਿਆਏ ਨੇ ਕਿਹਾ ਕਿ ਗਾਜ਼ੀਪੁਰ ਹੱਦ ਖਾਲੀ ਕਰਨ ਦੀਆਂ ਭਰਮ ਫੈਲਾਉਣ ਵਾਲੀਆਂ ਰਿਪੋਰਟਾਂ ਯੂਨੀਅਨ ਰੱਦ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਸਤਿਕਾਰ ਕਰਦੇ ਹਨ ਤੇ ਕਿਸਾਨ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਦਿੱਲੀ ਪੁਲੀਸ ਹੀ ਹੈ, ਜਿਸ ਨੇ ਮੋਰਚੇ ਵਾਲੀ ਥਾਂ ਉਪਰ ਬੈਰੀਕੇਡ ਲਾਏ ਹੋਏ ਹਨ। ਮੋਰਚੇ ਨੇ ਪਹਿਲਾਂ ਵੀ ਮੰਗ ਕੀਤੀ ਹੈ ਕਿ ਪੁਲੀਸ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਲਾਈਆਂ ਰੋਕਾਂ ਹਟਾਏ। ਉਪਾਧਿਆਏ ਨੇ ਕਿਹਾ ਕਿ ਦਿੱਲੀ ਹੋਵੇ ਜਾਂ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਕਿਤੇ ਵੀ ਕਿਸਾਨਾਂ ਨੇ ਕਿਸੇ ਵੀ ਸੜਕ ਉਪਰ ਰੋਕਾਂ ਨਹੀਂ ਲਾਈਆਂ, ਕਿਉਂਕ ਕਿਸਾਨਾਂ ਕੋਲ ਸੜਕਾਂ ਰੋਕਣ ਦੀ ਤਾਕਤ ਨਹੀਂ ਪਰ ਪੁਲੀਸ ਕੋਲ ਇਹ ਜ਼ੋਰ ਹੈ।

ਗਾਜ਼ੀਪੁਰ ਮੋਰਚੇ ਉਪਰ ਦਿੱਲੀ-ਮੇਰਠ ਐਕਸਪ੍ਰੈਸਵੇਅ (ਕੌਮੀਸ਼ਾਹ ਰਾਹ-9) ਤੋਂ ਕਿਸਾਨਾਂ ਦਾ ਇੱਕ ਟੈਂਟ ਹਟਾਏ ਜਾਣ ਦੀਆਂ ਸੋਸ਼ਲ ਮੀਡੀਆ ਉਪਰ ਚਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਮੁੱਢੋਂ ਹੀ ਰੱਦ ਕਰਦੇ ਹੋਏ ਕਿਹਾ ਕਿ ਇੱਕ ਤੰਬੂ ਹਟਾਇਆ ਗਿਆ ਹੈ, ਜੋ ਯੂਪੀ ਗੇਟ ‘ਤੇ ਕੌਮੀ ਸ਼ਾਹ ਰਾਹ-9 ਦੇ ਫਲਾਈਓਵਰ ਉਪਰ ਦਿੱਲੀ ਵੱਲ ਦੀ ਸਰਵਿਸ ਲੇਨ ਉਪਰ ਲਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਬੈਰੀਕੇਡ ਹਟਾਉਣਾ ਪੁਲੀਸ ਦੀ ਜ਼ਿੰਮੇਵਾਰੀ ਹੈ।

News Source link