ਨਵੀਂ ਦਿੱਲੀ, 15 ਅਕਤੂਬਰ

ਕਾਂਗਰਸ ਨੇ ਅੱਜ ਇਕ ਵੀਡੀਓ ਜਿਸ ਵਿਚ ਚੀਨ ਦੀ ਹਿਰਾਸਤ ਵਿਚ ਕਥਿਤ ਤੌਰ ‘ਤੇ ਜ਼ਖ਼ਮੀ ਭਾਰਤੀ ਸੈਨਿਕ ਦਿਖਾਈ ਦੇ ਰਹੇ ਹਨ, ਦੀ ਸੱਚਾਈ ਬਾਰੇ ਸਰਕਾਰ ਦੀ ਚੁੱਪ ‘ਤੇ ਸਵਾਲ ਉਠਾਏ ਹਨ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਇਹ ਵੀਡੀਓ ਅਸਲੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਨੂੰ ਜੰਗ ਸਬੰਧੀ ਅਪਰਾਧਾਂ ਵਿਚ ਸ਼ਾਮਲ ਹੋਣ ਲਈ ਦੁਨੀਆਂ ਭਰ ਦੇ ਸਾਹਮਣੇ ਜਵਾਬਦੇਹ ਬਣਾਉਣਾ ਚਾਹੀਦਾ ਹੈ। ਇੱਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਚੀਨ ਵੱਲੋਂ ਜਾਰੀ ਕੀਤੀ ਗਈ ਇਸ ਵੀਡੀਓ ਨੇ ਹਰੇਕ ਭਾਰਤੀ ਨੂੰ ਕਾਫੀ ਨਿਰਾਸ਼ ਕੀਤਾ ਹੈ। ਇਸ ਵੀਡੀਓ ਵਿਚ ਗਲਵਾਨ ਘਾਟੀ ‘ਚ ”ਸਾਡੇ ਦਿਲੇਰ ਜ਼ਖ਼ਮੀ ਸੈਨਿਕਾਂ ਨੂੰ ਚੀਨ ਦੀ ਹਿਰਾਸਤ ਵਿਚ ਦਿਖਇਆ ਗਿਆ ਹੈ। ਇਸ ਵੀਡੀਓ ਬਾਰੇ ਸਾਡੀ ਸਰਕਾਰ ਦੀ ਚੁੱਪ ਕਾਰਨ ਸਾਰੇ ਦੇਸ਼ ਵਾਸੀ ਦੁਚਿੱਤੀ ਵਿਚ ਹਨ। ਜੇਕਰ ਇਹ ਵੀਡੀਓ ਸਹੀ ਹੈ ਤਾਂ ਇਹ ਜੰਗੀ ਅਪਰਾਧ ਦੀ ਕੈਟਾਗਰੀ ਵਿਚ ਆਉਂਦਾ ਹੈ ਜਿਸ ਲਈ ਚੀਨ ਖ਼ਿਲਾਫ਼ ਕੌਮਾਂਤਰੀ ਅਪਰਾਧਿਕ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਜਾਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਇਕ-ਦੂਜੇ ‘ਤੇ ਦੋਸ਼ ਲਾਉਣ ਦੀ ਥਾਂ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਦੁਨੀਆਂ ਦੇ ਸਾਹਮਣੇ ਚੀਨ ਦੀ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ। -ਪੀਟੀਆਈ

News Source link