ਦਰਸ਼ਨ ਸਿੰਘ ਸੋਢੀ

ਮੁਹਾਲੀ, 14 ਅਕਤੂਬਰ

646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਨੇ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਇਥੇ ਮੁਜ਼ਾਹਰਾ ਕੀਤਾ ਅਤੇ ਚੂੜੇ ਵਾਲੀ ਮੁਟਿਆਰ ਸਮੇਤ ਚਾਰ ਬੇਰੁਜ਼ਗਾਰ ਅਧਿਆਪਕ ਪੁਲੀਸ ਨੂੰ ਝਕਾਨੀ ਦੇ ਕੇ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ‘ਤੇ ਸਥਿਤ ਇਤਿਹਾਸਕ ਨਗਰ ਸੋਹਾਣਾ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਏ। ਇਸ ਦੌਰਾਨ ਉਨ੍ਹਾਂ ਦੇ ਬਾਕੀ ਸਾਥੀ ਟੈਂਕੀ ਦੇ ਹੇਠ ਧਰਨੇ ‘ਤੇ ਬੈਠ ਗਏ। ਬੇਰੁਜ਼ਗਾਰ ਨੌਜਵਾਨਾਂ ਨੇ ਸੂਬਾ ਸਰਕਾਰ, ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੂਬਾ ਕਮੇਟੀ ਦੇ ਆਗੂ ਗੁਰਲਾਭ ਸਿੰਘ ਭੋਲਾ, ਮੋਨੂੰ ਪਟਿਆਲਾ, ਸੰਦੀਪ ਸਿੰਘ ਬੰਗਾ ਅਤੇ ਕਮਲ ਘੁਰਕਣੀ ਨੇ ਕਿਹਾ ਕਿ ਤਤਕਾਲੀ ਸੂਬਾ ਸਰਕਾਰ ਨੇ 9 ਮਈ 2011 ਵਿੱਚ 646 ਪੀਟੀਆਈ ਅਧਿਆਪਕਾਂ ਦੀਆਂ ਆਸਾਮੀਆਂ ਕੱਢੀਆਂ ਸਨ ਪਰ ਬਾਅਦ ਵਿੱਚ ਭਰਤੀ ਪ੍ਰਕਿਰਿਆ ਸਿਰੇ ਨਹੀਂ ਚੜ੍ਹੀ। ਉਨ੍ਹਾਂ ਮੰਗ ਕੀਤੀ ਕਿ ਇਹ ਭਰਤੀ ਬਾਰਵੀਂ ਅਤੇ ਸੀਪੀਈਡੀ ਦੇ ਪ੍ਰਾਪਤ ਅੰਕਾਂ ਦੇ ਆਧਾਰਿਤ ਕੀਤੀ ਜਾਵੇ ਅਤੇ ਅਸਾਮੀਆਂ ਲਈ 2011 ਤੱਕ ਅਪਲਾਈ ਕਰਨ ਵਾਲੇ ਪੀਟੀਆਈ ਉਮੀਦਵਾਰ ਹੀ ਵਿਚਾਰੇ ਜਾਣ। ਭਰਤੀ ਬਿਨਾਂ ਟੈੱਸਟ ਤੋਂ 2011 ਦੇ ਨੋਟੀਫਿਕੇਸ਼ਨ ਅਨੁਸਾਰ ਨਿਰੋਲ ਮੈਰਿਟ ‘ਤੇ ਕੀਤੀ ਜਾਵੇ।

News Source link