ਜੋਗਿੰਦਰ ਸਿੰਘ ਮਾਨ

ਮਾਨਸਾ, 14 ਅਕਤੂਬਰ

ਪੰਜਾਬ ਵਿੱਚ ਕੋਲੇ ਦੀ ਸਪਲਾਈ ਬਾਹਰੋਂ ਆਉਣ ਦੇ ਬਾਵਜੂਦ ਰਾਜ ਵਿੱਚ ਬਿਜਲੀ ਦਾ ਸੰਕਟ ਜਾਰੀ ਹੈ। ਅੱਜ ਬਣਾਂਵਾਲਾ ਤਾਪ ਘਰ ਦੇ ਦੋ ਅਤੇ ਲਹਿਰਾ ਮੁਹੱਬਤ ਦੇ ਦੋ ਯੂਨਿਟਾਂ ਸਮੇਤ ਕੁੱਲ 5 ਯੂਨਿਟ ਬੰਦ ਹੋ ਗਏ ਹਨ। ਵੇਰਵਿਆਂ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿੱਚ ਲੱਗੇ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਇਕ ਯੂਨਿਟ ਹੋਰ ਬੰਦ ਹੋ ਗਿਆ ਹੈ, ਜਦੋਂ ਕਿ ਇੱਕ ਯੂਨਿਟ ਪਹਿਲਾਂ ਹੀ ਬੰਦ ਚੱਲਦਾ ਆ ਰਿਹਾ ਹੈ। ਇਸ ਤਾਪ ਘਰ ਨੇ ਭਾਵੇਂ ਬੀਤੇ ਦਿਨ 958 ਮੈਗਾਵਾਟ ਬਿਜਲੀ ਉਤਰੀ ਗਰਿੱਡ ਨੂੰ ਦਿੱਤੀ ਸੀ, ਪਰ ਅੱਜ ਇੱਕ ਯੂਨਿਟ ਹੋਰ ਬੰਦ ਹੋਣ ਕਾਰਨ ਯੂਨਿਟ ਨੰਬਰ-3 ਵੱਲੋਂ 624 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਗਈ ਹੈ। ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਲਾ ਅਜੇ ਪਿਆ ਹੈ। ਇਸੇ ਦੌਰਾਨ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਨੇ ਦੱਸਿਆ ਕਿ ਲਹਿਰਾ ਮੁਹੱਬਤ ਦੇ ਜੀਐੱਚਟੀਪੀ ਤਾਪ ਘਰ ਵੱਲੋਂ ਯੂਨਿਟ ਨੰਬਰ-1 ਵੱਲੋਂ 174 ਮੈਗਾਵਾਟ ਅਤੇ ਯੂਨਿਟ-4 ਵੱਲੋਂ 231 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਇਹ ਤਾਪਘਰ ਕੁੱਲ 405 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ, ਜਦੋਂ ਕਿ ਇਸ ਦਾ ਯੂਨਿਟ ਨੰਬਰ 2 ਅਤੇ 3 ਬੰਦ ਹਨ। ਇਸੇ ਤਰ੍ਹਾਂ ਰੋਪੜ ਦੇ ਜੀਜੀਐੱਸਐੱਸਟੀਪੀ ਤਾਪ ਘਰ ਦਾ ਇੱਕ ਯੂਨਿਟ ਬੰਦ ਹੈ, ਜਦੋਂ ਕਿ 2,3,4 ਨੰਬਰ ਯੂਨਿਟਾਂ ਵੱਲੋਂ 506 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਰਾਜਪੁਰਾ ਦੇ ਐੱਲ ਐਂਡ ਟੀ ਤਾਪਘਰ ਵੱਲੋਂ 1328 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਹੈ ਜਦੋਂ ਕਿ ਜੀਵੀਕੇ ਗੋਬਿੰਦਵਾਲ ਤਾਪਘਰ ਦੇ ਦੋਨੋਂ ਯੂਨਿਟਾਂ ਵੱਲੋਂ 374 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

News Source link