ਸੰਜੀਵ ਬੱਬੀ

ਚਮਕੌਰ ਸਾਹਿਬ, 8 ਅਕਤੂਬਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਹੋਈ ਮੰਦਭਾਗੀ ਘਟਨਾ ਕਦੇ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਬੇਦੋਸ਼ੇ ਕਿਸਾਨਾਂ ਦੇ ਮਾਰੇ ਜਾਣ ‘ਤੇ ਕਿਸਾਨ ਅੰਦੋਲਨ ਖਤਮ ਨਹੀਂ ਹੋਣਗੇ। ਇਹ ਗੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਆਪਣੇ ਲੜਕੇ ਦੇ ਵਿਆਹ ਦੇ ਸ਼ੁਕਰਾਨੇ ਵੱਜੋਂ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੀ। ਸ੍ਰੀ ਚੰਨੀ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਖੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਕਾਂਗਰਸ ਹਾਈ ਕਮਾਂਡ ਦੇ ਉੱਚ ਲੀਡਰ ਅਤੇ ਪੰਜਾਬ ਸਰਕਾਰ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਮੰਤਰੀਆਂ ਨੇ ਮਿਲ ਕੇ ਹਰ ਸੰਭਵ ਮੱਦਦ ਦੇਣ ਦਾ ਜਿੱਥੇ ਭਰੋਸਾ ਦਿੱਤਾ ਉਥੇ ਹੀ ਉਨ੍ਹਾਂ ਹਰ ਸਮੇਂ ਕਿਸਾਨਾਂ ਨਾਲ ਖੜਨ ਦਾ ਵਾਅਦਾ ਵੀ ਕੀਤਾ। ਸ੍ਰੀ ਚੰਨੀ ਨੇ ਕਿਹਾ ਕਿ ਉਹ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਵੀ ਕੀਤੀ ਜਿਸ ਤੇ ਉਨ੍ਹਾਂ ਛੇਤੀ ਹੀ ਕੋਈ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁੱਖੀ ਵਿਵੇਕਸੀਲ ਸੋਨੀ, ਏਡੀਸੀ ਦੀਪ ਸਿਖਾ, ਐੱਸਡੀਐੰਮ ਪਰਮਜੀਤ ਸਿੰਘ, ਤਹਿਸੀਲਦਾਰ ਚੇਤਨ ਬੰਗੜ, ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਚੇਅਰਮੈਨ ਕਰਨੈਲ ਸਿੰਘ, ਵਾਇਸ ਚੇਅਰਮੈਨ ਤਰਲੋਚਨ ਸਿੰਘ ਭੰਗੂ, ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸਮਿਤੀ ਮੈਂਬਰ ਡਾ. ਬਲਵਿੰਦਰ ਸਿੰਘ, ਸਰਪੰਚ ਲਖਵਿੰਦਰ ਸਿੰਘ ਅਤੇ ਰੋਹਿਤ ਸੱਭਰਵਾਲ ਹਾਜ਼ਰ ਸਨ।

News Source link