ਆਤਿਸ਼ ਗੁਪਤਾ/ ਹਰਜੀਤ ਸਿੰਘ

ਚੰਡੀਗੜ੍ਹ/ ਜ਼ੀਰਕਪੁਰ, 7 ਅਕਤੂਬਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਤਾਨਾਸ਼ਾਹ ਰਵੱਈਏ ਖ਼ਿਲਾਫ਼ ਪੰਜਾਬ ਕਾਂਗਰਸ ਤੋਂ ਵੱਡਾ ਜਥਾ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਰਵਾਨਾ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਕਾਫ਼ਿਲੇ ਨੂੰ ਸਹਾਰਨਪੁਰ ਵਿੱਚ ਰੋਕ ਲਿਆ ਗਿਆ। ਇਸ ਦੌਰਾਨ ਕਾਫ਼ਿਲੇ ਵਿੱਚ ਸ਼ਾਮਲ ਲੋਕਾਂ ਨੇ ਬੈਰੀਕੇਡ ਤੋੜ ਦਿੱਤੇ, ਜਿਸ ਕਾਰਨ ਪੁਲੀਸ ਨਾਲ ਉਨ੍ਹਾਂ ਦੀ ਝੜਪ ਹੋ ਗਈ। ਇਸ ਕਾਰਨ ਸਿੱਧੂ, ਕਈ ਮੰਤਰੀਆਂ ਤੇ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਦਾ ਕਹਿਣਾ ਹੈ ਸਿਰਫ ਪੰਜ ਜਣਿਆਂ ਨੂੰ ਜਾਣ ਦੀ ਇਜਾਜ਼ਤ ਹੈ। ਇਸ ਲਈ ਪੂਰਾ ਕਾਫ਼ਿਲਾ ਅੱਗੇ ਨਹੀਂ ਜਾ ਸਕਦਾ। ਇਸ ਤੋਂ ਪਹਿਲਾਂ ਸਿੱਧੂ ਦੀ ਅਗਵਾਈ ਵਿੱਚ ਜ਼ੀਰਕਪੁਰ ਤੋਂ ਕਾਫ਼ਿਲਾ ਰਵਾਨਾ ਹੋਇਆ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਪਰਗਟ ਸਿੰਘ, ਵਿਜੈਇੰਦਰ ਸਿੰਗਲਾ ਸਣੇ ਕਈ ਵਿਧਾਇਕ ਵੀ ਸ਼ਾਮਲ ਹੋਏ। ਜਥੇ ਦੀ ਅਗਵਾਈ ਕਰਦਿਆਂ ਨੂੰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਜ਼ੁਲਮ ਵਧਦਾ ਜਾਂਦਾ ਹੈ ਤਾਂ ਵਿਰੋਧ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੇ ਪੁੱਤ ਦਾ ਨਾਮ ਕੇਸ ਵਿੱਚ ਦਰਜ ਹੋਣ ਦੇ ਬਾਵਜੂਦ ਗਿ੍ਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਅਜੇ ਮਿਸ਼ਰਾ ਦੇ ਪੁੱਤ ਤੇ ਹੋਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਸ੍ਰੀ ਸਿੱਧੂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੀ ਹੋਂਦ ਲਈ ਪਿਛਲੇ 10 ਮਹੀਨਿਆਂ ਤੋਂ ਲੜਾਈ ਲੜ ਰਿਹਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਜੇਕਰ ਕਿਸਾਨੀ ਦੀ ਰਾਖੀ ਲਈ ਜਾਨ ਵੀ ਦੇਣੀ ਪਈ ਤਾਂ ਖੁਸ਼ੀ- ਖੁਸ਼ੀ ਦੇ ਦੇਵਾਂਗਾ।

ਸ੍ਰੀ ਸਿੱਧੂ ਵੱਲੋਂ ਪਹਿਲਾਂ ਐਲਾਨੇ ਪ੍ਰੋਗਰਾਮ ਤਹਿਤ ਜ਼ੀਰਕਪੁਰ ਵੱਡੇ ਕਾਫਲੇ ਨਾਲ ਮਾਰਚ ਸ਼ੁਰੂ ਕੀਤਾ ਗਿਆ। ਸ੍ਰੀ ਸਿੱਧੂ ਆਪਣੀ ਨਿੱਜੀ ਗੱਡੀ ਵਿੱਚ ਦੁਪਹਿਰ ਬਾਅਦ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਇਥੇ ਪਹੁੰਚੇ, ਜਿਸ ਮਗਰੋਂ ਉਹ ਪਟਿਆਲਾ ਰੋਡ ‘ਤੇ ਸਥਿਤ ਹਵਾਈ ਅੱਡੇ ਦੀ ਲਾਈਟਾਂ ਤੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਗਏ। ਉਨ੍ਹਾਂ ਨਾਲ ਕਈਂ ਕੈਬਨਿਟ ਮੰਤਰੀ ਅਤੇ ਵਿਧਾਇਕ ‘ਤੇ ਪਾਰਟੀ ਦੇ ਵੱਡੇ ਆਗੂ ਵੀ ਹਾਜ਼ਰ ਸਨ। ਉਨ੍ਹਾਂ ਨਾਲ ਸੈਂਕੜੇ ਗੱਡੀਆਂ ਦਾ ਕਾਫਲਾ ਸੀ।

News Source link