ਮੁੰਬਈ, 4 ਅਕਤੂਬਰ

ਸਥਾਨਕ ਕੋਰਟ ਨੇ ਕਰੂਜ਼ ‘ਤੇ ਡਰੱਗਜ਼ ਪਾਰਟੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਬੌਲੀਵੁੱਡ ਦੇ ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੇ ਦੋ ਹੋਰਨਾਂ ਦਾ ਐਂਟੀ-ਡਰੱਗ ਏਜੰਸੀ ਐੱਨਸੀਬੀ ਵੱਲੋਂ ਲਿਆ ਰਿਮਾਂਡ 7 ਅਕਤੂਬਰ ਤੱਕ ਵਧਾ ਦਿੱਤਾ ਹੈ। ਇਨ੍ਹਾਂ ਤਿੰਨਾਂ ਨੂੰ ਇਕ ਦਿਨਾ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।

ਐੱਨਸੀਬੀ ਦੀ ਟੀਮ ਨੇ ਸ਼ਨਿੱਚਰਵਾਰ ਸ਼ਾਮ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ‘ਤੇ ਚੱਲ ਰਹੀ ਡਰੱਗ ਪਾਰਟੀ ਦੌਰਾਨ ਕੀਤੀ ਛਾਪੇਮਾਰੀ ਵਿੱਚ ਆਰੀਅਨ ਖ਼ਾਨ ਤੇ ਸੱਤ ਹੋਰਨਾਂ ਨੂੰ ਹਿਰਾਸਤ ਵਿੱਚ ਲਿਆ ਸੀ। ਹਾਲਾਂਕਿ ਆਰੀਅਨ ਤੇ ਦੋ ਹੋਰਨਾਂ ਨੂੰ ਐਤਵਾਰ ਸ਼ਾਮ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਆਰ.ਐੱਮ.ਨਰਲੀਕਰ ਦੀ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਇਸ ਕੇਸ ਵਿੱਚ ਕੀਤੀ ਜਾ ਰਹੀ ਜਾਂਚ ਅਹਿਮ ਹੈ, ਲਿਹਾਜ਼ਾ ਮੁਲਜ਼ਮਾਂ ਦੀ ਐੱਨਸੀਬੀ ਅੱਗੇ ਮੌਜੂਦਗੀ ਜ਼ਰੂਰੀ ਹੈ। -ਪੀਟੀਆਈ

ਹੰਸਲ ਮਹਿਤਾ, ਪੂਜਾ ਭੱਟ ਵੱਲੋਂ ਸ਼ਾਹਰੁਖ ਦੀ ਹਮਾਇਤ

ਮੁੰਬਈ: ਡਰੱਗਜ਼ ਕੇਸ ਮਾਮਲੇ ਵਿੱਚ ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਫ਼ਿਲਮਸਾਜ਼ ਹੰਸਲ ਮਹਿਤਾ ਤੇ ਅਭਿਨੇਤਰੀਆਂ ਪੂਜਾ ਭੱਟ ਤੇ ਸੁਚਿੱਤਰਾ ਕ੍ਰਿਸ਼ਨਾਮੂਰਤੀ ਨੇ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਹਮਾਇਤ ਕੀਤੀ ਹੈ। ਇਸ ਤੋਂ ਪਹਿਲਾਂ ਸੁਪਰਸਟਾਰ ਸਲਮਾਨ ਖ਼ਾਨ ਨੇ ਵੀ ਸ਼ਾਹਰੁਖ ਦੇ ਘਰ ਜਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਸੀ। ਫ਼ਿਲਮ ਸਨਅਤ ਨਾਲ ਜੁੜੇ ਕੁਝ ਹੋਰਨਾਂ ਲੋਕਾਂ ਨੇ ਸੋਸ਼ਲ ਮੀਡੀਆ ਜ਼ਰੀਏ ਸ਼ਾਹਰੁਖ਼ ਨਾਲ ਖੜ੍ਹਨ ਦੀ ਗੱਲ ਆਖੀ ਹੈ। ਹੰਸਲ ਮਹਿਤਾ ਨੇ ਲਿਖਿਆ, ”ਜਦੋਂ ਕਦੇ ਬੱਚਾ ਕਿਸੇ ਮੁਸੀਬਤ ਵਿੱਚ ਪੈਂਦਾ ਹੈ ਤਾਂ ਮਾਪਿਆਂ ਲਈ ਇਸ ਨਾਲ ਸਿੱਝਣਾ ਦੁਖਦਾਈ ਹੁੰਦਾ ਹੈ। ਮਸਲਾ ਉਦੋਂ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ ਜਦੋਂ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਲੋਕ ਆਪਣੇ ਫੈਸਲੇ ਸੁਣਾਉਣ ਲਗਦੇ ਹਨ। ਇਹ ਮਾਪਿਆਂ ਤੇ ਮਾਪਿਆਂ ਤੇ ਬੱਚੇ ਦੇ ਰਿਸ਼ਤੇ ਦਾ ਨਿਰਾਦਰ ਹੈ।’

News Source link