ਦਿਲਬਾਗ ਗਿੱਲ

ਅਟਾਰੀ, 4 ਅਕਤੂਬਰ

ਪਾਕਿਸਤਾਨੀ ਮੂਲ ਦੇ 99 ਹਿੰਦੂ ਯਾਤਰੀ ਜਿਨ੍ਹਾਂ ਵਿੱਚ 47 ਦੇ ਕਰੀਬ ਬੱਚੇ ਵੀ ਸ਼ਾਮਲ ਹਨ, ਕਰੋਨਾਵਾਇਰਸ ਮਹਾਮਾਰੀ ਕਾਰਨ ਹੋਈ ਤਾਲਾਬੰਦੀ ਕਰ ਕੇ ਹੁਣ ਤੱਕ ਭਾਰਤ ਵਿੱਚ ਹੀ ਫਸੇ ਹੋਏ ਸਨ। ਪਾਕਿਸਤਾਨੀ ਮੂਲ ਦੇ ਇਹ ਹਿੰਦੂ ਯਾਤਰੀ ਪਿਛਲੇ ਕਰੀਬ 14 ਦਿਨਾਂ ਤੋਂ ਅਟਾਰੀ ਸਰਹੱਦ ਦੇ ਬਾਹਰ ਬੈਠੇ ਆਪਣੀ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕੋਲ ਭੋਜਨ, ਰਿਹਾਇਸ਼ ਤੇ ਜ਼ਰੂਰਤ ਦੀ ਕਿਸੇ ਚੀਜ਼ ਦਾ ਇੰਤਜ਼ਾਮ ਨਹੀਂ ਹੈ ਜਿਸ ਕਰ ਕੇ ਸਥਾਨਕ ਲੋਕਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਪਾਕਿਸਤਾਨੀ ਹਿੰਦੂ ਯਾਤਰੀਆਂ ਲਈ ਤਿੰਨੋਂ ਡੰਗ ਦੀ ਰੋਟੀ, ਚਾਹ, ਦਵਾਈਆਂ ਤੇ ਹੋਰ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਯਾਤਰੀ ਅਟਾਰੀ ਸਰਹੱਦ ਦੇ ਬਾਹਰ ਖਾਲੀ ਪਏ ਇੱਕ ਢਾਬੇ ਤੇ ਹੋਰ ਥਾਵਾਂ ਵਿੱਚ ਪਰਿਵਾਰਾਂ ਸਣੇ ਰਹਿ ਕੇ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨੀ ਸੂਬਾ ਸਿੰਧ ਤੇ ਪੰਜਾਬ ਦੇ ਇਹ ਹਿੰਦੂ ਯਾਤਰੀ 21 ਸਤੰਬਰ ਨੂੰ ਵਤਨ ਪਰਤਣ ਲਈ ਅਟਾਰੀ ਸਰਹੱਦ ‘ਤੇ ਪਹੁੰਚੇ ਸਨ ਪਰ ਪਾਕਿਸਤਾਨ ਜਾਣ ਦੀ ਇਜਾਜ਼ਤ ਤੇ ਜੋਧਪੁਰ (ਰਾਜਸਥਾਨ) ਤੋਂ ਪੁਲੀਸ ਕਲੀਅਰੈਂਸ ਸਰਟੀਫਿਕੇਟ ਨਾ ਮਿਲਣ ਕਾਰਨ ਇਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ।

News Source link