ਹਰਮਿੰਦਰ ਸਿੰਘ ਸੰਧੂ ਦਾ ਕਤਲ, ਸਿੱਖ ਸੰਘਰਸ਼ ਅਤੇ ਪੰਜਾਬ ਦੀਆਂ ਭਵਿੱਖੀ ਚੁਣੌਤੀਆਂ!

(ਤੱਥ ਵਿਹੂਣੇ ਇਤਿਹਾਸਕਾਰ ਦੇ ਕੋਝੇ ਸਿਧਾਂਤਾਂ ਦਾ ਟੀਰ)

-ਹਰਚਰਨ ਸਿੰਘ ਪਰਹਾਰ

Tel.: 403-681-8689 Email: [email protected]

‘ਖਾਲਿਸਤਾਨ ਦਾ ਸੰਕਲਪ ਪਹਿਲੇ ਦਿਨ ਤੋਂ ਹੀ ਗੈਰ-ਸਿੱਖਾਂ ਦੀ ਸਿੱਖਾਂ ਵਿਰੁੱਧ ਵਰਤਣ ਲਈ ਘੜੀ ਗਈ ਘਾੜਤ ਸੀ।ਇਸ ਦੀਆਂ ਜੜ੍ਹਾਂ 1945 ਤੱਕ
ਕਾਂਗਰਸ ਪਾਰਟੀ ਦੇ ਦਸਤਾਵੇਜਾਂ ਅਤੇ ਮਾਹਾਸ਼ਾ ਅਖ਼ਬਾਰਾਂ ਦੇ ਨੀਤੀ-ਲੇਖਾਂ ਤੱਕ ਪਹੁੰਚਦੀਆਂ ਹਨ।ਸਿੱਖਾਂ-ਮੁਸਲਮਾਨਾਂ ਦੇ ਆਪਸੀ
ਡੂੰਘੇ ਵੈਰ ਪਵਾ ਕੇ ਪੰਜਾਬ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਇਸਨੂੰ 1947 ਤੋਂ ਪਹਿਲਾਂ ਵਰਤਿਆ ਜਾ ਚੁੱਕਾ ਸੀ।ਉਸ ਤੋਂ ਬਾਅਦ
ਇਹ ਸਿੱਖਾਂ ਅਤੇ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਣ ਲਈ ਉਸੇ ਤਰ੍ਹਾਂ ਵਰਤਿਆ ਗਿਆ ਸੀ, ਜਿਵੇਂ ਪਾਕਿਸਤਾਨ ਦੇ ਸੰਕਲਪ ਨੂੰ
ਮੁਸਲਮਾਨਾਂ ਨੂੰ ਹਿੰਦ ਵਿੱਚ ਥਾਂ ਸਿਰ ਰੱਖਣ ਲਈ ਵਰਤਿਆ ਗਿਆ ਸੀ।1984 ਤੋਂ ਬਾਅਦ ਸਿੱਖਾਂ ਦੇ ਅਥਾਹ ਰੋਸ ਤੇ ਜੋਸ਼ ਨੂੰ ਕੁਰਾਹੇ
ਪਾਉਣ ਲਈ ਫੇਰ ਇਹੀ ‘ਖਾਲਿਸਤਾਨ’ ਦਾ ਲਖ਼ਜ਼ ਵਰਤਿਆ ਗਿਆ।ਜੂਨ 1984 ਵਿੱਚ ਦੋ ਪੱਤਰਕਾਰ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਸੰਤ
ਭਿੰਡਰਾਂਵਾਲ਼ਿਆਂ ਨੂੰ ਆਖਰੀ ਸਮੇਂ ਮਿਲਣ ਦਾ ਝੂਠਾ ਦਾਅਵਾ ਕੀਤਾ ਅਤੇ ਸੰਤਾਂ ਦੇ ਏਸ ਸਬੰਧੀ ਆਪੇ ਘੜੇ ਬਿਆਨ ਜਾਰੀ
ਕੀਤੇ।ਕੁਝ ਸਮੇਂ ਬਾਅਦ ਸੰਤ ਜੀ ਦੀ ਏਸ ਸਬੰਧੀ ਗੁੱਸੇ ਵਿੱਚ ਕੀਤੀ ਇੱਕ ਛੋਟੀ ਜਿਹੀ ਟਿੱਪਣੀ ਲੱਭ ਲਈ ਗਈ (ਜਿਸ ਦਿਨ ਅਕਾਲ ਤਖਤ ਤੇ ਹਮਲਾ
ਹੋਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ)
ਅਤੇ ਫਿਰ ਇਸਨੂੰ ਸਿੱਖ ਕੌਮੀ ਰਾਜਨੀਤੀ ਦੇ ਧੁਰੇ ਦਾ ਦਰਜਾ ਦੇ ਕੇ ਪ੍ਰਚਾਰਨਾ ਸ਼ੁਰੂ
ਕੀਤਾ ਗਿਆ।ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਝੰਬੀ ਸਿੱਖ ਮਾਨਸਿਕਤਾ ਦੇ ਮੁੱਢਲੇ ਖਾੜਕੂ ਆਗੂਆਂ ਨੇ ਖਾਲਿਸਤਾਨ ਨੂੰ, ਸੁਤੇ
ਸਿਧ, ਸੱਚੇ ਮਨ ਨਾਲ਼ ਗੱਲਵੱਕੜੀ ਪਾ ਲਈ।ਉਹ ਗੁਰਸਿੱਖੀ ਰੀਤ ਅਨੁਸਾਰ ਸਿਰ ਤਲੀ ਉਤੇ ਰੱਖ ਕੇ ਜੂਝ ਗਏ।’
‘ਇਸ ਰੀਤ ਨੂੰ ਗਾਡੀ ਰਾਹ ਬਣਨ ਤੋਂ ਰੋਕਣ ਦਾ ਇੰਤਜ਼ਾਮ ਪਹਿਲਾਂ ਹੀ ਹੋ ਚੁੱਕਾ ਸੀ।ਸਿੱਖਾਂ ਵਿਰੁੱਧ ਨਫਰਤ ਭਰਿਆ, ਹਿੰਦੂਆਂ ਨੂੰ
ਡਰਾਉਣ ਵਾਲ਼ਾ, ਦੁਸ਼-ਪ੍ਰਚਾਰ ਇਸਦਾ ਇੱਕ ਅੰਗ ਸੀ। ਖਾੜਕੂ ਭੇਸ ਵਿੱਚ ਪੁਲਿਸ ਮੁੱਖਬਰ, ਜਮੀਨ-ਦੋਜ਼ ਪੁਲਿਸ ਧਾੜਾਂ ਅਤੇ ਬੇਗਾਨੇ
ਦੇਸ਼ਾਂ ਵਿੱਚ ਮਰਨ-ਮਾਰਨ ਨੂੰ ਤੂਲ ਦੇਣ ਵਾਲ਼ੇ ਸਰਕਾਰ ਦੇ ਹਾਮੀ ਵੱਡੀ ਗਿਣਤੀ ਵਿੱਚ ਭਰਤੀ ਕੀਤੇ ਗਏ।ਮਣਾਂ-ਮੂੰਹੀਂ ਧਨ ਲੁਟਾਇਆ
ਗਿਆ।ਇਸ ਹਰਚੰਦਿਓਰੀ ਦੇ ਦਰਸ਼ਨ ਕਰਵਾਉਂਦਿਆਂ ਦੇਸ਼-ਵਿਦੇਸ਼ ਵਿੱਚ ਸਿੱਖਾਂ ਨੂੰ ਗੁਰਦੁਆਰਿਆ ਰਾਹੀਂ ਲੁੱਟਿਆ ਗਿਆ, ਬੇਦੋਸ਼ਿਆਂ
ਦਾ ਮਣਾਂ-ਮੂੰਹੀਂ ਖੂਨ ਇਸ ਬਹਾਨੇ (ਖਾਲਿਸਤਾਨੀ ਲਹਿਰ ਰਾਹੀਂ) ਬਹਾਇਆ ਗਿਆ।ਇਸ ਵਿਉਂਤਬੰਦੀ ਦਾ ਆਖਰੀ ਨਿਸ਼ਾਨਾ ਸੀ, ਸਿੱਖ
ਵਿਰੋਧੀ ਅਨਸਰਾਂ ਨੂੰ ਖਾੜਕੂ ਪ੍ਰਚਾਰ ਕੇ, ਗੈਰ-ਰਸਮੀ ਸਿੱਖ ਸਿਆਸਤ ਉਤੇ ਕਾਬਿਜ਼ ਕਰਵਾ ਕੇ, ਸਰਕਾਰੀ ਮੰਤਵ ਹੱਲ ਕਰਨਾ? ਇਸ ਤਰ੍ਹਾਂ
ਸਿਰਜੇ ਮਾਹੌਲ ਵਿੱਚ ਭਰਾ-ਮਾਰੂ ਜੰਗ ਦਾ ਰੁਝਾਨ ਚਲਾ ਕੇ ਅਤੇ ਕੌਮ ਦੇ ਅਸਲ ਹਿੱਤਾਂ ਨੂੰ ਨਾਕਾਰ ਕੇ ਸਿੱਖੀ ਨੂੰ ਆਗੂ-ਰਹਿਤ ਕਰਨ
ਦਾ ਕੰਮ ਆਰੰਭ ਹੋਇਆ।ਇਸ ਵਿੱਚ ਚਿਰਾਂ ਤੋਂ ਚੱਲੇ ਆਉਂਦੇ ਸਥਾਪਿਤ ਸਿੱਖ ਆਗੂਆਂ, ਸਿਆਸੀ ਜਮਾਤਾਂ, ਵਿਦੇਸ਼ੀਂ ਵੱਸਦੇ
ਸਰਦੇ-ਪੁੱਜਦੇ ਸਿੱਖਾਂ ਆਦਿ ਨੇ ਵੱਡਾ ਹਿੱਸਾ ਪਾਇਆ।ਕਹਿੰਦੇ-ਕਹਾਉਂਦੇ ਆਗੂਆਂ ਨੇ ਨਕਲੀ ਖਾੜਕੂ ਪਾਲ਼ੇ ਅਤੇ ਉਨ੍ਹਾਂ
ਕੋਲ਼ੋਂ ਮਨ-ਭਾਉਂਦੇ ਕੰਮ ਕਰਵਾਏ-ਜਿਹੋ-ਜਿਹੇ ਕੰਮ ਅੱਜ-ਕੱਲ੍ਹ ਦੇ ਦੌਰ ਵਿੱਚ ਗੈਂਗਸਟਰ ਆਖ ਕੇ ਬਦਨਾਮ ਕੀਤੇ ਨੌਜਵਾਨਾਂ
ਤੋਂ ਕਰਵਾਏ ਜਾ ਰਹੇ ਹਨ? ਇਸ ਤਰ੍ਹਾਂ ਸਿੱਖੀ ਅਤੇ ਪੰਜਾਬ ਦੇ ਅਸਲ ਨਿਸ਼ਾਨਿਆਂ ਨੂੰ ਹਾਸਿਲ ਕਰਨ ਲਈ ਚੱਲੀ ਤਹਿਰੀਕ ਨੂੰ ਕੁਰਾਹੇ
ਪਾਇਆ ਗਿਆ?’
ਉਪਰਲੇ ਵਿਚਾਰ ਕਿਸੇ ਕਾਮਰੇਡ, ਕਾਂਗਰਸੀ, ਭਾਜਪਈ, ਆਰ. ਐਸ. ਐਸ ਦੇ ਕਿਸੇ ਲੀਡਰ ਜਾਂ ਵਿਦਵਾਨ ਦੇ ਨਹੀਂ, ਸਗੋਂ ਸਿੱਖਾਂ ਵਿੱਚ ਪਿਛਲੇ 40
ਕੁ ਸਾਲਾਂ ਤੋਂ ਸਥਾਪਿਤ ਟਕਸਾਲੀ ਸਿੱਖ ਵਿਦਵਾਨ, ਹਿਸਟੋਰੀਅਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਸਭ ਤੋਂ ਪਿਆਰੇ ਸਾਥੀ ਤੇ ਖਾਸ
ਸਲਾਹਕਾਰ, ਸ਼੍ਰੋਮਣੀ ਕਮੇਟੀ ਤੋਂ ‘ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ਼ ਸਨਮਾਨਿਤ ਤੇ ਸਿੱਖ ਕੌਮ ਤੇ ਹੋਰ ਰਹੇ ਧੱਕਿਆਂ
ਖਿਲਾਫ ਜੂਝਣ ਲਈ ‘ਆਈ. ਏ. ਐਸ.’ ਦੀ ਵਕਾਰੀ ਨੌਕਰੀ ਤਿਆਗਣ ਵਾਲ਼ੇ ਸਿਰਦਾਰ ਗੁਰਤੇਜ ਸਿੰਘ ਦੇ ਹਨ, ਜੋ ਉਨ੍ਹਾਂ ਨੇ ਆਪਣੇ ਫੇਸਬੁੱਕ
ਪੇਜ਼ ਤੇ 3 ਸਤੰਬਰ, 2021 ਨੂੰ ਲਿਖੇ ਲੇਖ ‘ਤੱਥ ਵਿਹੂਣੇ ਇਤਿਹਾਸਕਾਰ ਦੇ ਕੋਝੇ ਸਿਧਾਂਤਾਂ ਦਾ ਤੀਰ’ ਵਿੱਚ ਪ੍ਰਗਟ ਕੀਤੇ ਹਨ।ਗੁਰਤੇਜ
ਸਿੰਘ ਦੀਆਂ ਸਿੱਖ ਸੰਘਰਸ਼ ਬਾਰੇ ਇਹ ਟਿੱਪਣੀਆਂ, ਸਿੱਖ ਚਿੰਤਕ ਤੇ ਖਾਲਿਸਤਾਨ ਦੇ ਸੰਕਲਪ ਦੇ ਸਿਧਾਂਤਕ ਵਿਆਖਿਆਕਾਰ ਅਜਮੇਰ ਸਿੰਘ
ਵਲੋਂ ਪਿਛਲ਼ੇ ਕੁਝ ਮਹੀਨਿਆਂ ਤੋਂ ਆਪਣੇ ਯੂ ਟਿਊਬ ਚੈਨਲ ‘ਸਿੱਖ ਵਿਊ ਪੁਆਇੰਟ’ ਰਾਹੀਂ ਸੰਘਰਸ਼ ਬਾਰੇ ਸਿਰਜੇ ਜਾ ਰਹੇ ਬਿਰਤਾਂਤਾਂ
ਤੇ ਖਾਸਕਰ ਡਾ. ਸੋਹਣ ਸਿੰਘ ਦੀ ਅਗਵਾਈ ਵਾਲ਼ੀ ਪੰਥਕ ਕਮੇਟੀ ਅਧੀਨ ਕੰਮ ਕਰਦੀਆਂ ਪੰਜ ਖਾੜਕੂ ਜਥੇਬੰਦੀਆਂ ਵਲੋਂ ਸੰਤ
ਭਿੰਡਰਾਂਵਾਲ਼ਿਆਂ ਦੇ ਖਾਸਮ-ਖਾਸ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਨੂੰ ਗਦਾਰ ਕਹਿ ਕੇ ਕੀਤੇ

ਕਤਲ ਨੂੰ 30 ਸਾਲ ਬਾਅਦ ਜਾਇਜ਼ ਠਹਿਰਾਉਣ ਦੇ ਪ੍ਰਤੀਕਰਮ ਵਿੱਚ ਆਈਆਂ ਹਨ।ਜਿਥੇ ਸ. ਅਜਮੇਰ ਸਿੰਘ ਖਾੜਕੂ ਸੰਘਰਸ਼ ਨੂੰ ਉਚੀਆਂ-
ਸੁੱਚੀਆਂ ਤੇ ਇਲਾਹੀ ਸੋਚ ਵਿੱਚ ਲਬਰੇਜ ਕਦਰਾਂ-ਕੀਮਤਾਂ ਦਾ ਨਾਮੂਨਾ ਪੇਸ਼ ਕਰਦਾ ਹੈ, ਉਥੇ ਗੁਰਤੇਜ ਸਿੰਘ ਹੋਰੀਂ ਜੋ ਕਿ ਇਸ ਸੰਘਰਸ਼

ਵਿੱਚ ਸੰਤ ਭਿੰਡਰਾਂਵਾਲ਼ਿਆਂ ਨਾਲ਼ ਸ਼ੁਰੂ ਤੋਂ ਜੁੜੇ ਰਹੇ ਹਨ, ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਨ ਤੇ ਕਹਿ ਰਹੇ ਹਨ ਕਿ ਖਾਲਿਸਤਾਨ ਦਾ
ਐਲਾਨ ਕਰਵਾਕੇ ਸਰਕਾਰੀ ਏਜੰਟਾਂ ਤੇ ਕੁਝ ਪੰਥ ਦੋਖੀ ਧਿਰਾਂ ਵਲੋਂ ਸਿੱਖਾਂ ਨੂੰ ਸਵੈ-ਘਾਤੀ ਹਿੰਸਕ ਖਾਲਿਸਤਾਨੀ ਸੰਘਰਸ਼ ਦੇ ਰਾਹ
ਪਾਇਆ ਗਿਆ ਸੀ। ਜੇ ਗੁਰਤੇਜ ਸਿੰਘ ਹੋਰਾਂ ਦੀਆਂ ਉਪਰਲੀਆਂ ਗੱਲਾਂ ਨੂੰ ਬਿਨਾਂ ਕਿਸੇ ਟਿੱਪਣੀ ਦੇ ਬਿਲਕੁਲ ਸੱਚ ਮੰਨੀਏ ਤਾਂ ਸਪੱਸ਼ਟ
ਹੁੰਦਾ ਹੈ ਕਿ ‘ਖਾਲਿਸਤਾਨ’ ਦੀ ਮੰਗ ਸਿੱਖਾਂ ਦੀ ਨਹੀਂ ਸੀ, ਇਸਨੂੰ ਸਿੱਖਾਂ ਸਿਰ ਮੜਿਆ ਗਿਆ ਸੀ ਅਤੇ ਦੂਜਾ 1984 ਤੋਂ ਬਾਅਦ
ਸ਼ੁਰੂ ਹੋਇਆ ਖਾੜਕੂਵਾਦ ਦਾ ਦੌਰ ਸਿੱਖ ਵਿਰੋਧੀਆਂ ਵਲੋਂ ਜੂਨ 84 ਦੇ ਹਮਲੇ ਤੋਂ ਬਾਅਦ ਪੈਦਾ ਹੋਏ ਰੋਸ ਨੂੰ ਸਿੱਖਾਂ ਖਿਲਾਫ
ਹੀ ਵਰਤਣ ਲਈ ਸ਼ੁਰੂ ਕਰਵਾਇਆ ਗਿਆ ਸੀ? ਅਸੀਂ ਆਪਣੇ ਪਿਛਲੇ ਆਰਟੀਕਲ ‘ਕੀ ਸਿੱਖਾਂ ਨੂੰ 1947 ਵਿੱਚ ਖਾਲਿਸਤਾਨ ਮਿਲ਼ਦਾ ਸੀ?’ ਵਿੱਚ
ਸਿੱਖ ਵਿਦਵਾਨਾਂ ਦੀਆਂ ਲਿਖਤਾਂ ਦੇ ਅਧਾਰ ਤੇ ਇੱਕ ਨਿਮਾਣਾ ਜਿਹਾ ਯਤਨ ਕੀਤਾ ਸੀ ਕਿ ‘ਖਾਲਿਸਤਾਨ’ ਮਿਲਣਾ ਜਾਂ ਨਾ ਮਿਲਣਾ ਤਾਂ ਬਾਅਦ ਦੀ
ਗੱਲ ਸੀ, ਖਾਲਿਸਤਾਨ ਸਿੱਖਾਂ ਦੀ ਕਿਸੇ ਰਾਜਸੀ ਜਾਂ ਧਾਰਮਿਕ ਜਥੇਬੰਦੀ ਦੀ ਮੰਗ ਹੀ ਨਹੀਂ ਸੀ? ਇਸ ਮੰਗ ਨੂੰ ਸਿੱਖ ਆਗੂਆਂ ਨੇ ਮੁਸਲਿਮ
ਲੀਗ ਦੀ ਪਾਕਿਸਤਾਨ ਦੀ ਮੰਗ ਨੂੰ ਖੁੰਡਾ ਕਰਨ ਲਈ ਹੀ ਵਰਤਿਆ ਸੀ ਕਿ ਜੇ ਦੇਸ਼ ਨੂੰ ਧਰਮ ਦੇ ਅਧਾਰ ਤੇ ਹੀ ਵੰਡਣਾ ਹੈ ਤਾਂ ਹਿੰਦੂਆਂ
ਲਈ ਇੰਡੀਆ ਤੇ ਮੁਸਲਮਾਨਾਂ ਲਈ ਪਾਕਿਸਤਾਨ ਦੇ ਨਾਲ਼ ਸਿੱਖਾਂ ਨੂੰ ਵੀ ਖਾਲਿਸਤਾਨ ਮਿਲਣਾ ਚਾਹੀਦਾ ਹੈ? ਜਿਨ੍ਹਾਂ ਸਿੱਖ ਵਿਦਵਾਨਾਂ ਤੇ
ਖਾਲਿਸਤਾਨੀ ਜਥੇਬੰਦੀਆਂ ਨੂੰ ਸੰਬੋਧਨ ਕਰਕੇ ਗੁਰਤੇਜ ਸਿੰਘ ਹੋਰਾਂ ਇਹ ਵਿਚਾਰ ਪ੍ਰਗਟ ਕੀਤੇ ਹਨ, ਉਨ੍ਹਾਂ ਵਲੋਂ ਲਹਿਰ ਤੇ ਲਗਾਏ
ਗੰਭੀਰ ਦੋਸ਼ਾਂ ਦਾ ਮਹੀਨਾ ਬੀਤਣ ਬਾਅਦ ਵੀ ਪ੍ਰਤੀਕਰਮ ਨਾ ਆਉਣਾ, ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਕਿ ਗੁਰਤੇਜ ਸਿੰਘ ਦੀਆਂ
ਗੱਲਾਂ ਵਿੱਚ ਜੇ ਸਾਰੀ ਨਹੀਂ ਤਾਂ ਬਹੁਤ ਸਾਰੀ ਸਚਾਈ ਜਰੂਰ ਹੈ? ਅਸੀਂ ਸਮਝਦੇ ਹਾਂ ਕਿ ਸਚਾਈ ਕੁਝ ਵੀ ਹੋਵੇ, ਪਰ ਗੁਰਤੇਜ ਸਿੰਘ ਵਲੋਂ
ਪ੍ਰਗਟਾਏ ਖਦਸ਼ਿਆਂ ਜਾਂ ਆਪਣੇ ਭਾਈਚਾਰੇ ਬਾਰੇ ਉਨ੍ਹਾਂ ਦੀ ਸੁਹਿਰਦ ਚਿੰਤਾ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ?
ਗੁਰਤੇਜ ਸਿੰਘ ਆਪਣੇ ਇਸ ਲੇਖ ਵਿੱਚ ਖਾਲਿਸਤਾਨ ਦੀ ਲਹਿਰ ਬਾਰੇ ਇੱਕ ਹੋਰ ਗੰਭੀਰ ਸਵਾਲ ਉਠਾਉਂਦੇ ਹੋਏ, ਖਾਲਿਸਤਾਨੀ ਧਿਰਾਂ ਅਤੇ
ਖਾਸਕਾਰ ਇਸਦੇ ਵਿਆਖਿਆਕਾਰਾਂ ਤੋਂ ਮੰਗ ਕਰਦੇ ਹਨ: ‘ਮੈਂ ਕਈ ਦਹਾਕਿਆਂ ਤੋਂ ਮੰਗ ਕਰ ਰਿਹਾ ਹਾਂ ਕਿ ਏਸ ਲਫਜ਼ (ਖਾਲਿਸਤਾਨ) ਦੀ
ਏਸ ਨਾਮ ਹੇਠ ਤਹਿਰੀਕ ਚਲਾਉਣ ਵਾਲਿਆਂ ਵਲੋਂ ਕੀਤੀ ਕੋਈ ਵਿਆਖਿਆ ਸਾਹਮਣੇ ਆਉਣੀ ਚਾਹੀਦੀ ਹੈ? ਕਈਆਂ ਨੂੰ ਮਿਲ਼ ਕੇ ਵੀ
ਬੇਨਤੀਆਂ ਕੀਤੀਆਂ, ਪਰ ਕੁਝ ਪੱਲੇ ਨਹੀਂ ਪਿਆ।ਐਸ ਵੇਲੇ ਤੱਕ ‘ਖਾਲਿਸਤਾਨ’ ਇੱਕ ਨਾਅਰੇ ਤੋਂ ਵੱਧ ਕੁਝ ਨਹੀਂ, ਜਿਸਦੇ ਵਰਦਾਨ ਸਦਕਾ
ਕੁਝ ਲੋਕ ਮਾਲਾ-ਮਾਲ ਹਨ।ਇਹੋ ਸ਼ਬਦ ਸੱਚੇ-ਸੁੱਚੇ ਲੋਕਾਂ ਲਈ ਸਰਾਪ ਵੀ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਉਹੀ ਨਾਅਰਾ ਮਾਰਨ ਅਤੇ
ਛਪੀਆਂ ਕਿਤਾਬਾਂ ਰੱਖਣ ਵਿੱਚ ਉਮਰ ਕੈਦ ਵੀ ਹੋ ਚੁੱਕੀ ਹੈ।ਮਾਜਰਾ ਸਮਝ ਨਹੀਂ ਪੈ ਰਿਹਾ।ਗੁੱਥੀ ਉਦੋਂ ਸੁਲਝੇਗੀ, ਜਦੋਂ ਏਸ ਨੂੰ
ਮੰਨਣ ਵਾਲ਼ੇ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ, ਏਸ ਦੀ ਖੁੱਲ੍ਹੇਆਮ ਵਿਆਖਿਆ ਕਰਕੇ ਮਨੁੱਖਾਂ ਦੇ ਹੱਕਾਂ ਅਤੇ ਕਮਿਉਨਿਸਟ
ਮੈਨੀਫੈਸਟੋ ਦੀ ਤਰਜ਼ ਦਾ ਕੋਈ ਦਸਤਾਵੇਜ ਜਾਰੀ ਕਰਨਗੇ?’
ਸਾਡੀ ਤਰਾਸਦੀ ਵੇਖੋ ਕਿ ਗੁਰਤੇਜ ਸਿੰਘ ਵਰਗਾ ਵਿਦਵਾਨ 40 ਸਾਲ ਬਾਅਦ ਸਵਾਲ ਕਰ ਰਿਹਾ ਹੈ ਕਿ ਸਾਨੂੰ ਦੱਸੋ ਕਿ ਤੁਹਾਡਾ ਖਾਲਿਸਤਾਨ ਕੀ
ਬਲਾ ਹੈ? ਤੁਸੀਂ ਕਿਉਂ ਇੱਕ ਨਾਅਰੇ ਨੂੰ ਜਿੰਦਾ ਰੱਖਣ ਲਈ ਸਾਰੀ ਸਿੱਖ ਕੌਮ ਨੂੰ ਬਲ਼ੀ ਦੇ ਬੂਥੇ ਦੇਈ ਜਾਂਦੇ ਹੋ? ਅਸੀਂ ਕੁਝ
ਮਹੀਨੇ ਪਹਿਲਾਂ ਆਪਣੇ ਇੱਕ ਲੇਖ ‘ਕੀ ਸਿੱਖ ਵਿਦਵਾਨ ਭੰਬਲ਼ਭੂਸੇ ਦਾ ਸ਼ਿਕਾਰ ਹਨ’ ਵਿੱਚ ਜ਼ਿਕਰ ਕੀਤਾ ਸੀ ਕਿ ਸਿੱਖ ਲੀਡਰ ਤੇ ਵਿਦਵਾਨ, ਹਰ
ਮੁੱਦੇ ਤੇ ਦੁਬਿਧਾ ਦਾ ਸ਼ਿਕਾਰ ਹਨ, ਕਿਤੇ ਵੀ ਖੁੱਲ੍ਹ ਕੇ ਇਮਾਨਦਾਰੀ ਨਾਲ਼ ਆਪਣਾ ਪੱਖ ਨਹੀਂ ਰੱਖ ਸਕੇ? ਪਿਛਲੇ 70-80 ਸਾਲ ਤੋਂ

‘ਖਾਲਸਾ ਰਾਜ’, ‘ਸਿੱਖ ਰਾਜ’, ‘ਵੱਖਰੀ ਸਿੱਖ ਸਟੇਟ’, ‘ਪੂਰਨ ਆਜ਼ਾਦੀ’, ‘ਆਨੰਦਪੁਰ ਦਾ ਮਤਾ’, ‘ਸਿੱਖਾਂ ਲਈ ਵੱਧ ਅਧਿਕਾਰਾਂ ਵਾਲ਼ਾ ਵੱਖਰਾ
ਸੂਬਾ’, ‘ਖਾਲਿਸਤਾਨ’ ਆਦਿ ਵਿੱਚ ਉਲਝੇ ਹੋਏ ਹਨ। ਅਜੇ ਤੱਕ ਇਸ ਗੱਲ ਪ੍ਰਤੀ ਹੀ ਸਪੱਸ਼ਟ ਨਹੀਂ ਕਿ ਉਹ ਭਾਰਤ ਦੇ ਵਿੱਚ ਰਹਿ ਕੇ ਵੱਖਰਾ ਰਾਜ
ਚਾਹੁੰਦੇ ਹਨ ਜਾਂ ਭਾਰਤ ਤੋਂ ਵੱਖ ਆਜ਼ਾਦ ਦੇਸ਼ ਚਾਹੁੰਦੇ ਹਨ? ਅਜਿਹੇ ਵਿਦਵਾਨਾਂ ਦੇ ਕਾਫਲੇ ਵਿੱਚ ਅਜਮੇਰ ਸਿੰਘ ਪਛੜ ਕੇ ਸ਼ਾਮਿਲ
ਹੋਇਆ ਹੈ, ਪਰ ਨਵੇਂ ਬਣੇ ਮੁਸਲਮਾਨ ਵਾਂਗੂੰ ਕੁਝ ਵਰ੍ਹਿਆਂ ਤੋਂ ਇਸ ਕਾਫਲੇ ਦਾ ਇੱਕੋ-ਇੱਕ ਅਲੰਬਰਦਾਰ ਬਣਨ ਲਈ ਅੱਡੀ-ਚੋਟੀ ਦਾ
ਜ਼ੋਰ ਲਗਾ ਰਿਹਾ ਹੈ।ਲਹਿਰ ਦੀ ਨਿਰਪੱਖ ਪਰਖ-ਪੜਚੋਲ ਕਰਨ ਦੀ ਥਾਂ ਉਹ ਮਾਰੇ ਗਏ ਨੌਜਵਾਨਾਂ ਵਿੱਚੋਂ ਕਿਸੇ ਨੂੰ ਮਹਾਂ-ਨਾਇਕ ਅਤੇ ਕਿਸੇ
ਨੂੰ ਮਹਾਂ-ਖਲਨਾਇਕ ਵਰਗੀਆਂ ਉਪਾਧੀਆਂ ਬਖਸ਼ਦਾ ਜਾ ਰਿਹਾ ਹੈ।ਜਦਕਿ ਖਾਲਿਸਤਾਨ ਦੇ ਖਿਆਲੀ ਸੰਕਲਪ ਬਾਰੇ ਦੂਜੇ ਵਿਦਵਾਨਾਂ ਵਾਂਗ
ਉਸ ਕੋਲ਼ ਵੀ ਕੋਈ ਠੋਸ ਅਧਾਰ ਨਹੀਂ ਹੈ ਅਤੇ ਉਹ ਵੀ ਦੁਬਿਧਾ ਦਾ ਸ਼ਿਕਾਰ ਹੈ?
ਹੁਣ ਅਜਮੇਰ ਸਿੰਘ ਦੇ ਪ੍ਰਵਚਨਾਂ ਦੇ ਉਲਟ, ਜ਼ਰਾ ਇਨ੍ਹਾਂ ਸਤਰਾਂ ਨੂੰ ਵੀ ਪੜ੍ਹ ਕੇ ਦੇਖੋ: ‘ਸਾਡੇ ਵਿੱਚ ਯੋਧੇ ਬਣਨ ਦੀ ਬੜੀ ਲਾਲਸਾ ਰਹਿੰਦੀ
ਹੈ।ਸੰਘਰਸ਼ ਕਿਵੇਂ ਲੜਨਾ ਹੈ, ਬਾਰੇ ਕਦੇ ਸੋਚਿਆ ਨਹੀਂ? ਅਸੀਂ ਸਿਰਫ ਲੜਨਾ-ਝਗੜਨਾ ਜਾਣਦੇ ਹਾਂ।ਕਦੇ ਲਿਆਕਤ ਨਾਲ਼ ਅੱਗੇ ਵਧਣਾ
ਨਹੀਂ ਸਿੱਖਿਆ? ਸਾਡੀ ਇਸੇ ਸੋਚ ਨੇ 84 ਲਿਆਂਦੀ।ਮੂਵਮੈਂਟ ਵਿੱਚ ਚੱਕ ਦਿਉ, ਸੋਧ ਦਿਉ, ਆ ਕਰਦੋ, ਔਹ ਕਰਦੋ, ਉਹਨੂੰ ਮਾਰਦੋ
ਆਦਿ ਦੀ ਸੋਚ ਹੀ ਭਾਰੂ ਸੀ।ਕਦੇ ਸੋਚਿਆ ਹੀ ਨਹੀਂ ਸੀ ਕਿ ਕਦਮ-ਦਰ-ਕਦਮ ਆਪਣੇ ਰਾਜਸੀ ਸੰਘਰਸ਼ ਨੂੰ ਅੱਗੇ ਕਿਵੇਂ ਲਿਜਾਣਾ ਹੈ, ਅਜਿਹੀ
ਕੋਈ ਸੋਚ ਨਹੀਂ ਸੀ? 84 ਵਾਲ਼ੀ ਮੂਵਮੈਂਟ ਰਾਜਨੀਤਕ ਨਾਲ਼ੋਂ ਹਿੰਸਕ ਵੱਧ ਸੀ।ਸਾਡੇ ਵਿੱਚ ਨਿੱਜਵਾਦ ਦੀ ਭੁੱਖ ਬਹੁਤ ਹੈ।ਚੁਰਾਸੀ ਤੋਂ
ਪਹਿਲਾਂ ਸੰਤਾਂ ਦਾ ਜ਼ੋਰ ਸੀ ਤਾਂ ਹਰ ਕੋਈ ਉਨ੍ਹਾਂ ਦੇ ਪੈਰੀਂ ਪੈਂਦਾ ਸੀ, ਪਰ ਕੋਈ ਹਿੰਮਤ ਨਹੀਂ ਸੀ ਕਰਦਾ, ਜੋ ਉਨ੍ਹਾਂ ਨੂੰ ਦੱਸਦਾ
ਕਿ ਰਾਜਨੀਤੀ ਕਿਵੇਂ ਚਲਾਉਣੀ ਹੈ? ਅਕਾਲੀ ਤੇ ਸੰਤ, ਇੱਕ ਦੂਜੇ ਤੋਂ ਤਾਕਤ ਖੋਹਣ ਦੀ ਰਾਜਨੀਤੀ ਹੀ ਕਰਦੇ ਰਹੇ।ਇਸ ਵਿੱਚ ਨੁਕਸਾਨ ਸਾਰੀ ਸਿੱਖ
ਕੌਮ ਦਾ ਹੋਇਆ।ਨੌਜਵਾਨ ਕਦੇ ਦੂਰ-ਅੰਦੇਸ਼ ਨਹੀਂ ਹੁੰਦੇ।ਉਨ੍ਹਾਂ ਵਿੱਚ ਸਿਰਫ ਜ਼ੋਸ਼ ਤੇ ਜ਼ਜਬਾ ਹੁੰਦਾ।ਇਸੇ ਕਰਕੇ ਸਾਡੀ 84 ਦੀ
ਸਾਰੀ ਮੂਵਮੈਂਟ ਪੂਰੀ ਤਰ੍ਹਾਂ ਹਿੰਸਕ ਹੋ ਗਈ ਸੀ।ਕਿਸੇ ਦਾ ਕਿਸੇ ਤੇ ਕੋਈ ਕੰਟਰੋਲ ਨਹੀਂ ਸੀ।ਸਿਰਫ ਬਿਆਨ ਹੀ ਵੱਡੇ-ਵੱਡੇ ਆਉਂਦੇ ਸਨ ਕਿ
ਸਾਡਾ ਰਾਜ ਆਇਆ ਲਉ, ਸਰਬੱਤ ਖਾਲਸਾ ਸੱਦ ਲਿਆ, ਪੰਥਕ ਕਮੇਟੀਆਂ ਬਣਾਤੀਆਂ, ਕਦੇ ਜਥੇਦਾਰ ਲਾ ਦਿੱਤੇ, ਕਦੇ ਲਾਹ ਦਿੱਤੇ, ਕਿਸੇ
ਨੂੰ ਪੰਥ ‘ਚੋਂ ਛੇਕਤਾ, ਕਿਸੇ ਨੂੰ ਗਦਾਰ ਕਹਿ ਕੇ ਮਾਰਤਾ ਆਦਿ ਆਦਿ।ਇਹੀ ਸੋਚ ਲਗਾਤਾਰ ਅੱਜ ਵੀ ਹਾਵੀ ਹੈ।ਸਿੱਖ ਲੀਡਰਾਂ ਕੋਲ਼ ਕੋਈ
ਵਿਜ਼ਨ ਨਹੀਂ?’
ਉਪਰਲੇ ਵਿਚਾਰ ਵੀ ਸਿੱਖ ਕੌਮ ਜਾਂ ਖਾਲਿਸਤਾਨ ਦੇ ਖਾੜਕੂ ਸੰਘਰਸ਼ ਦੇ ਕਿਸੇ ਵਿਰੋਧੀ ਦੇ ਨਹੀਂ, ਸਗੋਂ ਪਿਛਲੇ ਦਿਨੀਂ 16 ਅਗਸਤ, 2021
ਨੂੰ ਖਾਲਿਸਤਾਨੀ ਸੰਘਰਸ਼ ਵਿੱਚ ਰਹੇ ਪ੍ਰਮੁੱਖ ਖਾੜਕੂ ਰਣਜੀਤ ਸਿੰਘ ਕੁੱਕੀ ਨੇ ‘ਪੰਜਾਬ ਨਿਊਜ਼ ਆਨਲਾਈਨ’ ਯੂ ਟਿਊਬ ਚੈਨਲ ਤੇ
ਸੁਖਨੈਬ ਸਿੱਧੂ ਨੂੰ ਦਿੱਤੀ ਇੰਟਰਵਿਊ ਵਿੱਚ ਪ੍ਰਗਟ ਕੀਤੇ ਸਨ।ਰਣਜੀਤ ਸਿੰਘ ਕੁੱਕੀ ਖਾੜਕੂ ਸੰਘਰਸ਼ ਦੇ ਕੁਝ ਚੋਣਵੇਂ ਪੜ੍ਹ-ਲਿਖੇ
ਨੌਜਵਾਨਾਂ ਵਿੱਚੋਂ ਇੱਕ ਹੈ, ਜਿਸਨੇ ਇਸ ਸੰਘਰਸ਼ ਵਿੱਚ 14 ਸਾਲ ਅਮਰੀਕਾ ਵਿੱਚ ਤੇ ਫਿਰ ਕੁਝ ਸਾਲ ਭਾਰਤ ਵਿੱਚ ਜੇਲ੍ਹ ਕੱਟੀ ਸੀ। ਉਨ੍ਹਾਂ ਦੀਆਂ
ਇਸ ਇੰਟਰਵਿਊ ਵਿੱਚ ਕੀਤੀਆਂ ਬੇਬਾਕ ਟਿੱਪਣੀਆਂ ਸਪੱਸ਼ਟ ਤੌਰ ਤੇ ਦੱਸਦੀਆਂ ਹਨ ਕਿ ਸਿੱਖ ਖਾੜਕੂ ਲਹਿਰ ਪੂਰੀ ਤਰ੍ਹਾਂ ਹਿੰਸਕ ਹੋ ਕੇ
ਬੇਕਾਬੂ ਹੋ ਚੁੱਕੀ ਸੀ।’ਆਨੰਦਪੁਰ ਦੇ ਮਤੇ’ ਦੇ ਰੂਪ ਵਿੱਚ ਕੁਝ ਰਾਜਸੀ ਤੇ ਧਾਰਮਿਕ ਮੰਗਾਂ ਲਈ ਸ਼ੁਰੂ ਹੋਇਆ ਸ਼ਾਂਤਮਈ ਸੰਘਰਸ਼
ਹਿੰਸਾ ਦੀ ਭੇਟ ਚੜ੍ਹ ਕੇ ਹਜਾਰਾਂ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਗਿਆ ਸੀ।ਪਰ ਅਜੇ ਵੀ ਅਜਮੇਰ ਸਿੰਘ ਵਰਗੇ ਬਹੁਤ ਸਾਰੇ ਅਜਿਹੇ
ਭੱਦਰਪੁਰਸ਼ ਹਨ, ਜੋ ਦੇਸ਼-ਵਿਦੇਸ਼ ਵਿੱਚ ਬੈਠ ਕੇ ਜਜ਼ਬਾਤੀ ਨੌਜਵਾਨਾਂ ਨੂੰ ਸ਼ਹੀਦੀਆਂ ਦਾ ਪਾਠ ਪੜ੍ਹਾ ਰਹੇ ਹਨ।ਇਸ ਇੰਟਰਵਿਊ ਵਿੱਚ ਕੁੱਕੀ
ਨੇ ਬੜਾ ਅਹਿਮ ਮੁੱਦਾ ਉਠਾਇਆ ਹੈ ਕਿ ਸਿੱਖ ਲੀਡਰਸ਼ਿਪ ਕੋਲ਼ ਹਲਾ-ਲਲਾ ਕਰਨ ਤੋਂ ਇਲਾਵਾ ਕੋਈ ਵਿਜ਼ਨ ਨਹੀਂ ਤੇ ਜਿਸ ਖਾਲਿਸਤਾਨ ਲਈ ਲੜਨ
ਦਾ ਇਹ ਦਾਅਵਾ ਕਰ ਰਹੇ ਹਨ, ਉਸ ਬਾਰੇ 40 ਸਾਲ ਬਾਅਦ ਵੀ ਦੁਨੀਆਂ ਅੱਗੇ ਕੋਈ ਬਲਿਊ ਪ੍ਰਿੰਟ ਨਹੀਂ ਪੇਸ਼ ਕਰ ਸਕੇ? ਇਸ ਸਬੰਧੀ
ਦਰਿਆਈ ਪਾਣੀਆਂ ਦੇ ਮਾਹਰ ਬੁੱਧੀਜੀਵੀ ਪ੍ਰੀਤਮ ਸਿੰਘ ਕੁੰਮੇਦਾਨ ਦੀ ‘ਰੈਫਰੈਂਡਮ 2020’ ਬਾਰੇ ਨਿਊਜ਼ 18 ਪੰਜਾਬ ਚੈਨਲ ਨੂੰ
11 ਅਗਸਤ 2018 ਨੂੰ ‘ਖਾਲਿਸਤਾਨ ਤੇ ਹਿੰਦੁਸਤਾਨ ਦਾ ਇੰਝ ਹੋਵੇਗਾ ਬਟਵਾਰਾ’ ਹੈਡਿੰਗ ਹੇਠ ਦਿੱਤੀ ਇੰਟਰਵਿਊ ਵਿਚਾਰਨਯੋਗ ਹੈ, ਜਿਸ
ਵਿੱਚ ਉਹ ਖਾਲਿਸਤਾਨ ਬਾਰੇ ਅਨੇਕਾਂ ਸਵਾਲ ਉਠਾਉਂਦੇ ਹੋਏ ਕਹਿੰਦੇ ਹਨ ਕਿ ਮੌਜੂਦਾ ਪੰਜਾਬ ਦੇ ਸਾਰੇ ਹੈਡਵਰਕਸ ਬਹੁ-ਗਿਣਤੀ
ਹਿੰਦੂ ਵਸੋਂ ਵਾਲ਼ੇ ਇਲਾਕਿਆਂ ਵਿੱਚ ਹਨ, ਜੇ ਪਾਕਿਸਤਾਨ ਦੀ ਤਰਜ਼ ਤੇ ਵਸੋਂ ਅਧਾਰਿਤ ਤਬਾਦਲੇ ਨਾਲ਼ ਖਾਲਿਸਤਾਨ ਬਣੇ ਤਾਂ ਪੰਜਾਬ ਦਾ
ਰਕਬਾ ਹੋਰ ਸੁੰਘੜ ਜਾਵੇਗਾ ਅਤੇ ਪੰਜਾਬ ਦੀ ਸ਼ਾਹ-ਰਗ ਸਮਝੇ ਜਾਂਦੇ ਪਣ-ਬਿਜਲੀ ਸੋਮੇ ਹਿੰਦੂ ਬਹੁ-ਗਿਣਤੀ ਜ਼ਿਲ੍ਹਿਆਂ ਵਿੱਚ ਚਲੇ ਜਾਣਗੇ? ਪਰ
3 ਸਾਲ ਬੀਤਣ ਬਾਅਦ ਵੀ ਕਦੇ ਕਿਸੇ ਖਾਲਿਸਤਾਨੀ ਲੀਡਰ ਜਾਂ ਵਿਦਵਾਨ ਨੇ ਉਨ੍ਹਾਂ ਦੇ ਜਵਾਬ ਦੇਣ ਦੀ ਹਿੰਮਤ ਨਹੀਂ ਦਿਖਾਈ? ਇਸੇ ਤਰ੍ਹਾਂ
ਖਾਲਿਸਤਾਨ ਦੇ ਨਾਅਰੇ ਲਾਉਣ ਵਾਲ਼ਿਆਂ ਨੇ ਪੰਜਾਬ ਵਿੱਚ ਵਸਦੇ 65% ਹਿੰਦੂਆਂ ਤੇ ਦਲਿਤਾਂ ਬਾਰੇ ਕਦੇ ਨਹੀਂ ਸੋਚਿਆ ਕਿ ਉਨ੍ਹਾਂ
ਨੂੰ ਵਿਸ਼ਵਾਸ਼ ਵਿੱਚ ਲਏ ਬਿਨਾਂ ਇਹ ਮੰਗ ਕਿਵੇਂ ਪੂਰੀ ਹੋਵੇਗੀ?
ਅਜਮੇਰ ਸਿੰਘ ਵਲੋਂ ਹਰਮਿੰਦਰ ਸਿੰਘ ਸੰਧੂ ਦੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਜੋ ਖਿਆਲੀ ਬਿਰਤਾਂਤ ਸਿਰਜਿਆ ਹੈ, ਉਸਦਾ ਇਨ੍ਹਾਂ ਦੇ
ਆਪਣੇ ਖੇਮਿਆਂ ਵਿੱਚ ਵੱਡਾ ਵਿਰੋਧ ਹੋਇਆ ਹੈ।ਹਰਮਿੰਦਰ ਸਿੰਘ ਸੰਧੂ ਦੇ ਨਾਲ਼ ਵਿਚਰਦੇ ਰਹੇ ਫੈਡਰੇਸ਼ਨ ਦੇ ਆਗੂਆਂ;
ਤੇਜਿੰਦਰਪਾਲ ਸਿੰਘ ਟਿੰਮਾ, ਡਾ. ਭਗਵਾਨ ਸਿੰਘ, ਪ੍ਰੋ ਕੁਲਬੀਰ ਸਿੰਘ, ਚਿੱਤਰਕਾਰ ਭੁਪਿੰਦਰ ਸਿੰਘ ਧਨੌਲਾ ਆਦਿ ਨੇ ਇੱਕਸੁਰ ਹੋ ਕੇ
ਕਿਹਾ ਹੈ ਕਿ ਹਰਮਿੰਦਰ ਸਿੰਘ ਸੰਧੂ ਦਾ ਕਤਲ ਨਿੱਜੀ ਰੰਜਸ਼ ਤੇ ਸੰਧੂ ਦੀ ਵਿਦਵਤਾ ਤੋਂ ਘਬਰਾ ਕੇ ਕੀਤਾ ਗਿਆ ਸੀ।ਇਸ ਸਬੰਧੀ ਸੰਤਾਂ
ਤੇ ਬਾਬਾ ਜੁਗਿੰਦਰ ਸਿੰਘ ਦੇ ਲੰਬਾ ਸਮਾਂ ਨਜਦੀਕੀ ਰਹੇ ਅਤੇ ਬਾਅਦ ਵਿੱਚ ਖਾੜਕੂ ਧਿਰਾਂ ਵਲੋਂ ਨਵੰਬਰ 1989 ਦੀਆਂ ਲੋਕ ਸਭਾ ਚੋਣਾਂ
ਵਿੱਚ ਸੰਗਰੂਰ ਤੋਂ ਐਮ. ਪੀ. ਬਣੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੀ ਯੂ ਟਿਊਬ ਚੈਨਲ ‘ਅਲਾਈਵ ਪੰਜਾਬ’ ਤੇ ਜਗਜੀਤ ਸਿੰਘ ਸੰਧੂ
ਨਾਲ਼ ਇੰਟਰਵਿਊ ਵੀ ਵਿਚਾਰਨਯੋਗ ਹੈ।ਜਿਸ ਵਿੱਚ ਉਹ ਖਾੜਕੂ ਧਿਰਾਂ ਬਾਰੇ ਅਨੇਕਾਂ ਤਰ੍ਹਾਂ ਦੇ ਬਹੁਤ ਹੀ ਅਹਿਮ ਖੁਲਾਸੇ ਕਰਦੇ ਹਨ।ਵੱਡੀ ਗੱਲ
ਇਹ ਹੈ ਕਿ ਉਸਨੂੰ ਆਪਣੀ ਗੱਲ ਕਹਿਣ ਲਈ ਸਿੱਖ ਵਿਦਵਾਨਾਂ ਵਾਂਗੂੰ ਮੁਲੰਮੇਬਾਜੀ ਦੀ ਕੋਈ ਜਰੂਰਤ ਨਹੀਂ ਭਾਸਦੀ, ਸਗੋਂ ਉਹ ਉਹਨੀਂ
ਦਿਨੀਂ ਹੋ ਰਹੇ ਕਤਲਾਂ ਤੇ ਸ਼ਹੀਦੀਆਂ ਬਾਰੇ ਸਾਫ-ਸਾਫ ਸ਼ਬਦਾਂ ਵਿੱਚ ਗੱਲ ਕਰਦਾ ਹੈ, ਜੋ ਉਹਨਾਂ ਸਮਿਆਂ ਵਿੱਚ ਪਿੰਡਾਂ ਦੀਆਂ ਸੱਥਾਂ ਵਿੱਚ
ਆਮ ਪ੍ਰਚਲਤ ਸਨ। ਉਨ੍ਹਾਂ ਦੀ ਇੰਟਰਵਿਊ ਦੇ ਕੁਝ ਅਹਿਮ ਨੁਕਤੇ ਇਸ ਤਰ੍ਹਾਂ ਹਨ:
‘ਸੰਤ ਭਿੰਡਰਾਂਵਾਲ਼ਿਆਂ ਦੀ ਸੰਘਰਸ਼ ਬਾਰੇ ਕੋਈ ਯੋਜਨਾ ਨਹੀਂ ਸੀ।ਜੂਨ 84 ਵਿੱਚ ਬਲੂ ਸਟਾਰ ਮੌਕੇ ਦਰਬਾਰ ਸਾਹਿਬ ਵਿਚ ਬੈਠ ਕੇ ਲੜਾਈ
ਲੜਨ ਦੀ ਕੋਈ ਤੁਕ ਨਹੀਂ ਬਣਦੀ ਸੀ।ਜਿਹੜੇ (ਅਜਮੇਰ ਸਿੰਘ ਵਰਗੇ) ਕਹਿੰਦੇ ਹਨ ਕਿ ਖਾੜਕੂ ਜੂਨ 84 ਵਿੱਚ ਦਰਬਾਰ ਸਾਹਿਬ ਵਿੱਚੋਂ ਅਗਲੀ ਲੜਾਈ
ਲੜਨ ਲਈ ਬਾਹਰ ਨਿਕਲ ਗਏ ਸਨ, ਬਿਲਕੁਲ ਗਲਤ ਹੈ।ਇਹ ਲੜਾਈ ਪਹਿਲੇ ਦਿਨ ਤੋਂ ਬਿਨਾਂ ਸੋਚੇ-ਸਮਝੇ ਤੇ ਬਿਨਾਂ ਕਿਸੇ ਯੋਜਨਾ ਦੇ ਚੱਲ ਰਹੀ ਸੀ।
ਉਨ੍ਹਾਂ ਅਨੁਸਾਰ 1983 ਦੇ ਅਖੀਰ ਵਿੱਚ ਟਕਸਾਲ ਦੇ ਸਿੰਘਾਂ ਤੇ ਬੱਬਰਾਂ ਵਿੱਚ ਟਕਰਾਅ ਇਤਨਾ ਵਧ ਗਿਆ ਸੀ ਕਿ ਸੰਤਾਂ ਨੂੰ ਮਾਰਨ ਦੀ
ਸਾਜਿਸ਼ ਰਚੀ ਗਈ ਸੀ। ਜੇ ਸੰਤ ਦਸੰਬਰ 1983 ਵਿੱਚ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਤੇ ਨਾ ਜਾਂਦੇ ਤਾਂ ਇਨ੍ਹਾਂ ਨੇ ਆਪਸ ਵਿੱਚ ਲੜ ਕੇ
ਹੀ ਮਰ ਜਾਣਾ ਸੀ ਅਤੇ 84 ਵਾਲ਼ਾ ਭਾਣਾ ਵਾਪਰਨਾ ਹੀ ਨਹੀਂ ਸੀ? 1984 ਤੋਂ ਬਾਅਦ ਵੀ ਸੰਘਰਸ਼ ਸਬੰਧੀ ਕੋਈ ਯੋਜਨਾ ਨਹੀਂ ਸੀ।ਇਹ ਸਿਰਫ
ਮਾਰ-ਧਾੜ ਦੀ ਲੜਾਈ ਸੀ। ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਰਨੀ ਹੀ ਗਲਤ ਸੀ।ਮੈਂ ਇਹ ਸਵਾਲ ਉਸ ਸਮੇਂ ਜਨਰਲ ਸ਼ੁਬੇਗ ਸਿੰਘ ਕੋਲ਼
ਉਠਾਇਆ ਸੀ ਕਿ ਇਸ ਨਾਲ਼ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ।ਰਾਜਦੇਵ ਸਿੰਘ ਖਾਲਸਾ ਆਪਣੀ ਗੱਲ ਅੱਗੇ ਤੋਰਦਿਆਂ ਖਾੜਕੂ ਸੰਘਰਸ਼
ਬਾਰੇ ਆਪਣੇ ਨਿੱਜੀ ਤਜ਼ੁਰਬੇ ਅਧਾਰਿਤ ਅੰਦਰੂਨੀ ਭੇਤਾਂ ਦਾ ਨਵਾਂ ਖੁਲਾਸਾ ਕਰਦੇ ਹੋਏ ਦੱਸਦੇ ਹਨ ਕਿ ਉਸ ਸਮੇਂ ਦੇ ਪੁਲਿਸ ਮੁਖੀ ਕੇ.
ਪੀ. ਐਸ. ਗਿੱਲ ਨੇ ਤਾਂ ਖਾੜਕੂ ਸੰਘਰਸ਼ ਖਤਮ ਕਰਨ ਦੇ ਐਵੇਂ ਨੰਬਰ ਬਣਾ ਲਏ, ਜਦਕਿ ਕਈ ਅਹਿਮ ਖਾੜਕੂ ਤਾਂ ਆਪਸੀ ਧੜੇਬੰਦੀ ਤੇ
ਆਪਣੀਆਂ ਠਾਹਰਾਂ ਦੀ ਮੁਖਬਰੀਆਂ ਨਾਲ਼ ਮਾਰੇ ਗਏ ਸਨ, ਪੁਲਿਸ ਤਾਂ ਬਾਅਦ ਵਿੱਚ ਲਾਸ਼ਾਂ ਚੁੱਕ ਕੇ ਕਹਿ ਦਿੰਦੀ ਸੀ ਕਿ ਅਸੀਂ ਖਾੜਕੂ
ਮੁਕਾਬਲੇ ਵਿੱਚ ਮਾਰੇ ਹਨ।ਉਹ ਅੱਗੇ ਇੰਕਸ਼ਾਫ ਕਰਦੇ ਹਨ ਕਿ ਇਹ ਲੜਾਈ ਸ਼ੁਰੂ ਜਰੂਰ ਪੰਜਾਬ ਦੀਆਂ ਕੁਝ ਸਾਂਝੀਆਂ ਮੰਗਾਂ ਨੂੰ ਲੈ
ਕੇ ਹੋਈ ਸੀ, ਪਰ ਜਲਦੀ ਹੀ ਆਪ-ਮੁਹਾਰੀ ਲੁੱਟ-ਮਾਰ ਅਤੇ ਹਿੰਸਾ ਵਿੱਚ ਤਬਦੀਲ ਹੋ ਗਈ ਸੀ।ਇਥੇ ਉਨ੍ਹਾਂ ਦਰਬਾਰ ਸਾਹਿਬ ਕੰਪਲੈਕਸ ਵਿਚ
ਸੰਤਾਂ ਦੇ ਨਜਦੀਕੀ ਸੋਢੀ ਦੇ ਕਤਲ ਦਾ ਜ਼ਿਕਰ ਵੀ ਕੀਤਾ ਅਤੇ ਪਿਛੋਂ ਖਾੜਕੂ ਲਹਿਰ ਦੇ ਸਿਖਰ ਸਮੇਂ ਆਪਣੇ ਇਲਾਕੇ ਵਿੱਚ ਮਾਰੇ ਗਏ ਤਿੰਨ
ਅਹਿਮ ਖਾੜਕੂ ਜਰਨੈਲਾਂ ਡਿੰਪਲ ਸਿੰਘ ਬਰਨਾਲ਼ਾ, ਨਾਇਬ ਸਿੰਘ ਰੂੜੇਕੇ ਅਤੇ ਧਰਮ ਸਿੰਘ ਢਿੱਲਵਾਂ ਦੀਆਂ ਸ਼ਹੀਦੀਆਂ ਜਾਂ ਹਤਿਆਵਾਂ
ਦਾ ਹਵਾਲਾ ਦਿੱਤਾ ਕਿ ਉਹ ਕਿਵੇਂ ਆਪਸੀ ਰੰਜਸ਼ਾਂ ਜਾਂ ਫਿਰੌਤੀਆਂ ਦੀ ਵੰਡ-ਵੰਡਾਈ ਵਿੱਚ ਮਾਰੇ ਗਏ ਸਨ।ਉਨ੍ਹਾਂ ਅਨੁਸਾਰ ਡਿੰਪਲ ਤੇ
ਚਰਨ ਸਿੰਘ ਚੁੰਘ ਨੇ 1 ਕਰੋੜ ਦੀ ਫਿਰੌਤੀ ਲਈ ਸੀ।ਫਿਰੌਤੀ ਦੀ ਵੰਡ ਵਿੱਚ ਡਿੰਪਲ ਨੇ ਚੁੰਘ ਨੂੰ ਮਾਰਤਾ ਸੀ।ਬਾਅਦ ਵਿੱਚ ਚੁੰਘ ਦੇ
ਬੰਦਿਆਂ ਨੇ ਡਿੰਪਲ ਨੂੰ ਮੁਖਬਰੀ ਕਰਕੇ ਮਰਾਤਾ ਸੀ।ਇਸੇ ਤਰ੍ਹਾਂ ਆਪਸੀ ਰੰਜਸ਼ ਵਿੱਚ ਧਰਮ ਸਿੰਘ ਢਿੱਲਵਾਂ ਨੂੰ ਨੈਬ ਸਿੰਘ ਰੂੜੇਕੇ
ਨੇ ਮਾਰਤਾ ਸੀ।ਫਿਰ ਨੈਬ ਸਿੰਘ ਨੂੰ ਉਸਦੇ ਬੰਦਿਆਂ ਹੀ ਮਾਰਤਾ ਸੀ।ਇਸ ਤੋਂ ਅੱਗੇ ਉਹ ਸੁਖਦੇਵ ਬੱਬਰ ਤੇ ਗੁਰਜੰਟ ਸਿੰਘ
ਬੁੱਧਸਿੰਘ ਵਾਲ਼ਾ ਦਾ ਹਵਾਲਾ ਦਿੰਦੇ ਹਨ ਕਿ ਸੁਖਦੇਵ ਸਿੰਘ ਬੱਬਰ, ਜੋ ਕਿ ਨਾਭੇ ਵਾਲ਼ੀਆਂ ਬੀਬੀਆਂ ਨਾਲ਼ ਪਟਿਆਲੇ ਅਰਬਨ ਅਸਟੇਟ ਵਿੱਚ
ਠੇਕੇਦਾਰ ਬਣ ਕੇ ਰਹਿੰਦਾ ਸੀ, ਉਸਨੂੰ ਮਰਵਾਉਣ ਲਈ ਬੀਬੀਆਂ ਦੇ ਕਿਸੇ ਨੇੜਲੇ ਰਿਸ਼ਤੇਦਾਰ ਵਲੋਂ ਹੀ ਪੁਲਿਸ ਨੂੰ ਸੂਚਨਾ ਪਹੁੰਚਾਈ
ਗਈ ਸੀ।ਜਿੱਥੇ ਲਹਿਰ ਦੇ ਸ਼ੁਰੂ ਵਿੱਚ ਲੋਕ ਖਾੜਕੂਆਂ ਨੂੰ ਆਪਣੇ ਘਰੀਂ ਠਾਹਰਾਂ ਦਿੰਦੇ ਸਨ, ਬਾਅਦ ਵਿੱਚ ਖਾੜਕੂਆਂ ਦੀ ਬੇਮੁਹਾਰੀ
ਹਿੰਸਾ ਤੋਂ ਬਾਅਦ ਅਤੇ ਪੁਲਿਸ ਦੇ ਵਧੇ ਦਬਾਅ ਕਾਰਨ ਠਾਹਰਾਂ ਦੇਣ ਵਾਲ਼ੇ ਹੀ ਖਾੜਕੂਆਂ ਨੂੰ ਫੜਾਉਣ ਜਾਂ ਮਰਾਉਣ ਲੱਗੇ

ਸਨ।ਬਹੁਤ ਸਾਰੇ ਖਾੜਕੂ ਵੀ ਬਲੈਕ ਕੈਟ ਬਣ ਕੇ ਇਕ ਦੂਜੇ ਨੂੰ ਫੜਾ ਜਾਂ ਮਰਾ ਰਹੇ ਸਨ।ਵੱਖ-ਵੱਖ ਇਲਾਕਿਆਂ ਦੇ ਲੋਕ ਉਨ੍ਹਾਂ ਸਮਿਆਂ
ਬਾਰੇ ਅਨੇਕਾਂ ਕਿੱਸੇ ਸੁਣਾਉਂਦੇ ਹਨ ਕਿ ਜਿਨ੍ਹਾਂ ਵਿੱਚ ਘਰਾਂ ਵਿੱਚ ਖਾੜਕੂਆਂ ਦੀਆਂ ਠਾਹਰਾਂ ਸਨ, ਉਨ੍ਹਾਂ ਨੇ ਹੀ ਖਾੜਕੂਆਂ
ਨੂੰ ਖਾਣੇ ਜਾਂ ਦੁੱਧ ਵਿੱਚ ਜ਼ਹਿਰ ਦੇ ਕੇ ਮਾਰਤਾ ਸੀ, ਬਾਅਦ ਵਿੱਚ ਪੁਲਿਸ ਨੇ ਮੁਕਾਬਲਾ ਦਿਖਾ ਦਿੱਤਾ।
ਟਾਂਡੇ ਏਰੀਏ ਦੇ ਕਈ ਲੋਕਾਂ ਅਨੁਸਾਰ ਜਨਰਲ ਲਾਭ ਸਿੰਘ ਉਰਫ ਸੁੱਖਾ ਸਿਪਾਹੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੁੱਡੇ ਕਰਾਲ਼ੇ ਵਿੱਚ
ਇੱਕ ਠੇਕੇਦਾਰ ਦੀ ਠਾਹਰ ਤੇ ਉਸਦੀ ਪਤਨੀ ਤੇ ਐਸ. ਐਸ. ਪੀ. ਇਜਹਾਰ ਆਲਮ ਵਲੋਂ ਦਬਾਅ ਪਾ ਕੇ ਦੁੱਧ ਵਿੱਚ ਨੀਂਦ ਵਾਲ਼ਾ ਪਾਊਡਰ
ਜ਼ਿਆਦਾ ਪਵਾ ਕੇ ਮਰਾਤਾ ਸੀ ਤੇ ਬਾਅਦ ਵਿੱਚ ਮੁਕਾਬਲਾ ਦਿਖਾ ਦਿੱਤਾ ਸੀ।ਕੁਝ ਦਿਨਾਂ ਬਾਅਦ ਪਰਮਜੀਤ ਸਿੰਘ ਪੰਜਵੜ ਤੇ ਸਾਥੀਆਂ ਨੇ
ਉਸ ਔਰਤ ਨੂੰ ਘਰ ਵਿੱਚ ਜਾ ਕੇ ਉਸਦੀ ਚੁੰਨੀ ਨਾਲ਼ ਗਲ਼ ਘੁੱਟ ਕੇ ਮਾਰਤਾ ਸੀ ਅਤੇ ਉਸਦਾ ਪਤੀ ਠੇਕੇਦਾਰ ਅਜੇ ਵੀ ਵਿਦੇਸ਼ਾਂ ਵਿੱਚ ਕਿਤੇ
ਨਕਲੀ ਨਾਮ ਹੇਠ ਰਹਿ ਰਿਹਾ ਹੈ।ਰਾਜਦੇਵ ਸਿੰਘ ਵਾਂਗੂੰ ਹੀ ਗੁਰਤੇਜ ਸਿੰਘ ਨੇ ਵੀ ਆਪਣੀ ਇੱਕ ਹੋਰ ਫੇਸਬੁੱਕ ਪੋਸਟ ਉਪਰ ਖਾੜਕੂਆਂ
ਵਲੋਂ ਸੁਖਦੇਵ ਸਿੰਘ ਸਖੀਰਾ, ਗੁਰਿੰਦਰ ਸਿੰਘ ਭੋਲਾ, ਬਲਦੇਵ ਸਿੰਘ ਹੋਠੀਆਂ, ਸਰਬਜੀਤ ਸਿੰਘ ਰੋਪੜ, ਹਰੀਰਾਜ ਸਿੰਘ, ਚਮਕੌਰ ਸਿੰਘ
ਰੋਡੇ, ਸੁਖਵੰਤ ਸਿੰਘ ਅੱਕਾਂਵਾਲ਼ਾ, ਪ੍ਰਿਥੀ ਸਿੰਘ ਕਟਾਰਵਾਲ਼ਾ, ਸਰਬਜੀਤ ਸਿੰਘ ਬਾਠ ਆਦਿ ਅਨੇਕਾਂ ਫੈਡਰੇਸ਼ਨ ਆਗੂਆਂ ਅਤੇ
ਖਾੜਕੂਆਂ ਦੇ ਕਤਲਾਂ ਦੀ ਵਿਆਖਿਆ ਦੀ ਮੰਗ ਕੀਤੀ ਹੈ, ਜੋ ਇਸ ਭਰਾ-ਮਾਰੂ ਜੰਗ ਦੀ ਭੇਟ ਚੜ੍ਹੇ ਸਨ।ਇਸੇ ਤਰ੍ਹਾਂ ਦੇ ਮੁਕਾਬਲਿਆਂ
ਬਾਰੇ ਬਹੁਤ ਸਾਰੇ ਖੁਲਾਸੇ ਸਾਬਕਾ ਪੁੁਲਿਸ ਅਧਿਕਾਰੀ ਗੁਰਮੀਤ ਪਿੰਕੀ ਨੇ ਵੀ ਆਪਣੇ ਯੂ ਟਿਊਬ ਚੈਨਲ ਤੇ ਕੀਤੇ ਹਨ।ਗੁਰਜੰਟ ਸਿੰਘ
ਬੁੱਧਸਿੰਘਵਾਲ਼ਾ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਕਿਸੇ ਸਾਬਕਾ ਫੌਜੀ ਦੇ ਘਰੇ ਰਹਿ ਰਿਹਾ ਸੀ, ਜਿੱਥੇ ਘਰ ਵਾਲ਼ਿਆਂ ਹੀ ਫੜਾ
ਕੇ ਮਰਾਤਾ ਸੀ।ਇਸੇ ਤਰ੍ਹਾਂ ਦੀਪੇ ਹੇਰਾਂ ਵਾਲ਼ੇ ਨੂੰ ਉਸਨੂੰ ਠਾਹਰ ਦੇਣ ਵਾਲ਼ੇ ਭਾਗੇ ਸਮਗਲਰ ਨੇ ਜ਼ਹਿਰ ਦੇ ਕੇ ਮਾਰਤਾ ਸੀ ਤੇ ਪੁਲਿਸ
ਨੇ ਮੁਕਾਬਲਾ ਦਿਖਾ ਦਿੱਤਾ ਸੀ।ਪ੍ਰਸਿੱਧ ਖਾੜਕੂ ਜਗਰੂਪ ਸਿੰਘ ਕਾਲਖ ਨੂੰ ਵੀ ਆਪਣੇ ਘਰ ਠਾਹਰ ਦੇਣ ਵਾਲ਼ੇ ਬਜ਼ੁਰਗ ਨੇ ਜਹਿਰ ਦੇ ਦਿੱਤਾ
ਸੀ।ਜਦੋਂ ਬੇਅੰਤ ਸਿੰਘ ਸਰਕਾਰ ਬਣਨ ਉਪਰੰਤ ਪੁਲਿਸ ਦਾ ਜ਼ੋਰ ਵਧ ਗਿਆ ਸੀ, ਧਰਮ ਸਿੰਘ ਕਾਸ਼ਤੀਵਾਲ਼ ਨੂੰ ਮਾਝੇ ਦੇ ਬਦਨਾਮ ਸਮਗਲਰ
ਪੰਮੇ ਮਾਦੋਕੇ ਨੇ ਪੁਲਿਸ ਨੂੰ ਸੂਚਨਾ ਦੇ ਕੇ ਜਲੰਧਰ ਆਪਣੇ ਘਰੋਂ ਰਿਕਸ਼ੇ ਤੇ ਬਿਠਾ ਕੇ ਤੋਰਿਆ ਅਤੇ ਅੱਗਿਉਂ ਜਲੰਧਰ ਪੁਲਿਸ ਦੇ ਡੀ
ਆਈ ਜੀ ਐਸ ਐਸ ਵਿਰਕ ਦੀ ਟੀਮ ਨੇ ਘੇਰਾ ਪਾ ਲਿਆ ਤਾਂ ਉਸਨੇ ਸਾਈਨਾਈਡ ਖਾ ਲਿਆ ਸੀ।ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਗੁਰਜੰਟ
ਸਿੰਘ ਰਾਜਸਥਾਨੀ ਨੂੰ ਇੰਦਰਾ ਗਾਂਧੀ ਨੂੰ ਮਾਰਨ ਵਾਲ਼ੇ ਭਾਈ ਬੇਅੰਤ ਸਿੰਘ ਦੀ ਪਤਨੀ ਬੀਬੀ ਬਿਮਲ ਖਾਲਸਾ ਦੀ ਸੈਕਟਰੀ ਨੇ ਜਹਿਰ ਦੇ
ਕੇ ਮਾਰਤਾ ਸੀ, ਜਿਸਦੇ ਘਰ ਉਹ ਮੋਹਾਲ਼ੀ ਰਹਿੰਦਾ ਸੀ ਤੇ ਪੁਲਿਸ ਨੇ ਕਹਾਣੀ ਬਣਾ ਲਈ ਸੀ ਕਿ ਕਾਬੂ ਆਉਣ ਤੋਂ ਪਹਿਲਾਂ ਉਸਨੇ
ਸਾਇਆਨਾਈਡ ਖਾ ਲਈ ਸੀ।ਪ੍ਰਸਿੱਧ ਖਾੜਕੂ ਮਾਨੋਚਾਹਲ ਨੂੰ ਵੀ ਠਾਹਰ ਵਾਲ਼ਿਆਂ ਹੀ ਦੁੱਧ ਵਿੱਚ ਜਹਿਰ ਦੇ ਕੇ ਮਾਰਤਾ ਸੀ ਤੇ ਪੁਲਿਸ ਨੇ
ਮੁਕਾਬਲਾ ਦਿਖਾ ਦਿੱਤਾ ਸੀ।ਇਸ ਤਰ੍ਹਾਂ ਦੇ ਅਨੇਕਾਂ ਕੇਸ ਹਨ, ਜਿਨ੍ਹਾਂ ਘਰਾਂ ਵਿੱਚ ਖਾੜਕੂ ਰਹਿੰਦੇ ਸਨ, ਉਨ੍ਹਾਂ ਪਰਿਵਾਰਾਂ ਨੇ ਹੀ
ਖਾੜਕੂਆਂ ਅਤੇ ਪੁਲਿਸ ਤੋਂ ਦੁਖੀ ਹੋ ਕੇ ਅਜਿਹੇ ਕੰਮ ਕੀਤੇ ਸਨ।ਸਵਾਲ ਇਹ ਹੈ ਕਿ ਇੱਕ ਸਮੇਂ ਜਿਹੜੇ ਲੋਕ ਹੱਸ ਕੇ ਖਾੜਕੂਆਂ ਨੂੰ
ਪਨਾਹਾਂ ਵੀ ਦਿੰਦੇ ਸਨ ਤੇ ਖਾੜਕੂ ਜੁਗਰਾਜ ਸਿੰਘ ਤੂਫਾਨ ਦੇ ਭੋਗ ਤੇ ਹਜਾਰਾਂ ਲੋਕਾਂ ਦਾ ਇਕੱਠ ਵੀ ਹੁੰਦਾ ਹੈ, ਪਰ ਬਾਅਦ ਵਿੱਚ
ਉਹੀ ਠਾਹਰਾਂ ਦੇਣ ਵਾਲ਼ੇ ਲੋਕ ਹੀ ਖਾੜਕੂਆਂ ਦੇ ਵਿਰੁੱਧ ਕਿਉਂ ਹੋ ਗਏ ਸਨ? ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਪੁਲਿਸ ਨੇ
ਉਪਰੋਂ ਮਿਲ਼ੀ ਬੇਅਥਾਹ ਤਾਕਤ ਨਾਲ਼ ਸੰਘਰਸ਼ ਨੂੰ ਕੁਚਲਣ ਲਈ ਬੇਹੱਦ ਜ਼ਿਆਦਤੀਆਂ ਕੀਤੀਆਂ, ਜਿਸਦੀ ਹਰ ਮਨੁੱਖੀ ਹੱਕਾਂ ਪ੍ਰਤੀ ਚਿੰਤਤ
ਵਿਅਕਤੀ ਨਿੰਦਾ ਕਰਦਾ ਹੈ।ਪਰ ਪੰਜਾਬ ਦੇ ਦੋਨਾਂ ਪੱਖਾਂ ਤੋਂ ਹੋਏ ਨੁਕਸਾਨ ਬਾਰੇ ਕੋਈ ਸੰਜੀਦਾ ਵਿਚਾਰ ਨਾ ਹੋਣੀ, ਹੋਰ ਵੀ ਗੰਭੀਰ
ਮਸਲਾ ਹੈ?
ਰਾਜਦੇਵ ਸਿੰਘ ਖਾਲਸਾ ਆਪਣੀ ਇੰਟਰਵਿਊ ਵਿੱਚ ਖਾੜਕੂ ਸੰਘਰਸ਼ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ: ‘ਜੇ ਅਜਮੇਰ ਸਿੰਘ
ਅਨੁਸਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ ਇਸ ਲਈ ਜਾਇਜ ਸੀ ਜਾਂ ਉਹ ਇਸ ਲਈ ਗਦਾਰ ਸੀ ਕਿ ਉਸਨੇ ਮੌਕੇ ਦੀ ਹਕੂਮਤ ਨਾਲ਼ ਗੱਲਬਾਤ ਕੀਤੀ
ਸੀ ਤਾਂ ਉਹ ਕਹਿੰਦੇ ਹਨ ਕਿ ਮੇਰੇ ਸਮੇਤ ਹਰ ਵੱਡੇ ਖਾੜਕੂ ਤੇ ਖਾੜਕੂ ਜਥੇਬੰਦੀਆਂ ਨਾਲ਼ ਸਰਕਾਰ ਦੇ ਵੱਖ-ਵੱਖ ਤਰ੍ਹਾਂ ਦੇ ਅਧਿਕਾਰੀ
ਜਾਂ ਮਨਿਸਟਰ ਗੱਲ-ਬਾਤ ਕਰਦੇ ਰਹੇ ਸਨ।ਉਨ੍ਹਾਂ ਅਨੁਸਾਰ ਗੱਲ-ਬਾਤ ਕਰਨ ਨਾਲ਼ ਕੋਈ ਗਦਾਰ ਨਹੀਂ ਬਣ ਜਾਂਦਾ? ਉਹ ਕਹਿੰਦੇ ਹਨ ਕਿ ਖਾੜਕੂ
ਗੁਰਬਚਨ ਸਿੰਘ ਮਾਨੋਚਾਹਲ ਦੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ਼ ਇੱਕ ਵਾਰ ਵਿਚੋਲਿਆਂ ਦੇ ਸਹਿਯੋਗ ਨਾਲ਼ 2-3 ਘੰਟੇ ਸਿੱਧੀ ਗੱਲਬਾਤ
ਹੋਈ ਸੀ।ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਹ ਸਰਕਾਰ ਨਾਲ਼ ਮਿਲ਼ਿਆ ਹੋਇਆ ਸੀ।ਖਾਲਸਾ ਅਨੁਸਾਰ ਖਾੜਕੂ ਲਹਿਰ ਦੌਰਾਨ ‘ਦਮਦਮੀ
ਟਕਸਾਲ’, ਆਪੋ-ਧਾਪੀ ਅਤੇ ਸਾਜ਼ਿਸ਼ਾਂ ਦਾ ਅੱਡਾ ਬਣ ਚੁੱਕੀ ਸੀ।ਬੰਦੇ ਮਾਰਨੇ ਖਾੜਕੂਆਂ ਦਾ ਸ਼ੌਕ ਬਣ ਚੁੱਕਾ ਸੀ।ਉਸ ਅਨੁਸਾਰ ਅੱਜ ਦੀ
ਤਾਲੀਬਾਨ ਲਹਿਰ ਉਸ ਸਮੇਂ ਦੀ ਖਾੜਕੂ ਲਹਿਰ ਨਾਲ਼ੋਂ ਕਿਤੇ ਵੱਧ ਸਿਆਣੀ ਤੇ ਵੱਧ ਅਨੁਸ਼ਾਸਨ ਵਾਲ਼ੀ ਲਹਿਰ ਹੈ।ਖਾੜਕੂ ਲਹਿਰ ਆਪੇ ਤੋਂ
ਬਾਹਰ ਸੀ, ਬਿਨਾਂ ਕਸੂਰ ਜਾਂ ਸ਼ੱਕ ਦੇ ਅਧਾਰ ਤੇ ਵੀ ਨਾ ਸਿਰਫ ਆਮ ਲੋਕ ਹੀ ਮਾਰੇ ਜਾ ਰਹੇ ਸਨ, ਸਗੋਂ ਖਾੜਕੂ ਆਪਣੇ ਸਾਥੀਆਂ ਨੂੰ ਵੀ
ਮਾਰੀ ਜਾ ਰਹੇ ਸਨ।ਸਾਬਕਾ ਐਮ ਪੀ. ਰਾਜਦੇਵ ਸਿੰਘ ਖਾਲਸਾ ਅਨੁਸਾਰ ਹਰਮਿੰਦਰ ਸੰਧੂ ਦੀ ਵਿਦਵਤਾ ਹੀ ਉਸਦੇ ਕਤਲ ਦਾ ਕਾਰਨ ਬਣੀ
ਸੀ।ਉਨ੍ਹਾਂ ਅਨੁਸਾਰ, ਸੰਧੂ ਦੀ ਜ਼ੇਲ੍ਹ ਤੋਂ ਰਿਹਾਈ ਬਾਅਦ ਰਾਜਦੇਵ ਸਿੰਘ ਹੀ ਸੰਗਰੂਰ ਤੋਂ ਅੰਮ੍ਰਿਤਸਰ ਤੱਕ ਹਜਾਰਾਂ ਲੋਕਾਂ ਦੇ ਜਲੂਸ
ਵਿੱਚ ਸੰਧੂ ਨੂੰ ਦਰਬਾਰ ਸਾਹਿਬ ਲੈ ਕੇ ਗਿਆ ਸੀ।ਜਿਸ ਤੋਂ ਉਸਦੀ ਲੋਕਪ੍ਰਿਅਤਾ ਦਾ ਪਤਾ ਲਗਦਾ ਹੈ।ਸਾਰੇ ਖਾੜਕੂ ਸਰਕਾਰ ਨਾਲ਼ ਗੱਲਬਾਤ
ਲਈ ਸੰਪਰਕ ਵਿੱਚ ਸਨ, ਸਭ ਨੂੰ ਡਰ ਸੀ ਕਿ ਕਿਤੇ ਦੂਜਾ ਗਰੁੱਪ ਜਿੱਤ ਸਿਹਰਾ ਨਾ ਬੰਨ੍ਹ ਲਵੇ? ਉਨ੍ਹਾਂ ਅਨੁਸਾਰ ਜਿਥੇ ਖਾੜਕੂਵਾਦ ਹੋ ਗਿਆ,
ਉਥੇ ਗੱਲਬਾਤ ਹੋ ਹੀ ਨਹੀਂ ਸਕਦੀ।ਸੰਧੂ ਦਾ ਕਤਲ ਵਿਚਾਰ ਦਾ ਕਤਲ ਸੀ।ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੂੰ ਸਾਲ 1988 ਵਿੱਚ ਅਕਾਲ
ਤਖਤ ਦੇ ਐਕਟਿੰਗ ਜਥੇਦਾਰ ਤੇ ਉਸਦੇ ਸਾਥੀ ਜਥੇਦਾਰਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਕੋਲ਼ ਵਿਚੋਲਗੀ ਦਾ ਮੌਕਾ ਵੀ ਮਿਲ਼ਿਆ ਸੀ ਤਾਂ
ਉਨ੍ਹਾਂ ਬਾਬਾ ਠਾਕੁਰ ਸਿੰਘ ਦੀ ਲਿਖਤੀ ਆਗਿਆ ਤੋਂ ਬਗੈਰ ਇਸ ਤਰ੍ਹਾਂ ਦਾ ਕੋਈ ਪੰਗਾ ਲੈਣ ਦੀ ਨਾਂਹ ਕਰ ਦਿੱਤੀ।ਫਿਰ ਉਨ੍ਹਾਂ ਦੀ
ਮੰਗ ਤੇ ਟਕਸਾਲ ਦੇ ਪੰਜ ਮੋਹਤਵਾਰ ਸਿੰਘਾਂ ਦੀ ਹਾਜਰੀ ਵਿੱਚ ਬਾਬਾ ਜੀ ਦੇ ਦਸਖਤਾਂ ਵਾਲ਼ੀ ਚਿੱਠੀ ਲਈ ਗਈ, ਜਿਸ ਵਿੱਚ ਉਨ੍ਹਾਂ ਜਥੇਦਾਰਾਂ ਦੀ
ਰਿਹਾਈ ਲਈ ਸਹਿਮਤੀ ਦਿੱਤੀ ਸੀ।ਉਸ ਚਿੱਠੀ ਦੇ ਆਸਰੇ ਉਨ੍ਹਾਂ ਦੀ ਰਿਹਾਈ ਸੰਭਵ ਹੋਈ ਕਿਉਂਕਿ ਉਸ ਵਕਤ ਸਰਕਾਰ ਕਿਸੇ ਵੀ ਢੰਗ ਨਾਲ਼
ਖਾੜਕੂਆਂ ਨਾਲ਼ ਗੱਲਬਾਤ ਰਾਹੀਂ ਕੋਈ ਰਾਹ ਲੱਭਣਾ ਚਾਹੁੰਦੀ ਸੀ।ਪਰ ਪੰਜ ਸਿੰਘ ਸਾਹਿਬਾਨ ਦੀ ਰਿਹਾਈ ਤੋਂ ਪਹਿਲਾਂ ਹੀ ਟਕਸਾਲ ਦੇ
ਅੰਦਰੋਂ ਹੀ ਕੁਝ ਆਪ ਹੁਦਰੇ ‘ਗੁਰਮੁੱਖਾਂ’ ਨੇ ਅਖਬਾਰਾਂ ਵਿੱਚ ਬਿਆਨ ਲਗਵਾ ਦਿੱਤਾ ਕਿ ਸਾਡਾ ਰਾਜਦੇਵ ਸਿੰਘ ਨਾਲ਼ ਕੋਈ ਸਬੰਧ
ਨਹੀਂ, ਪਰ ਰਾਜਦੇਵ ਸਿੰਘ ਦੇ ਦੱਸਣ ਅਨੁਸਾਰ ਉਹ ਬਾਬਾ ਜੀ ਦੀ ਚਿੱਠੀ ਦੀ ਕਾਪੀ ਲੈ ਕੇ ਪੰਜਾਬੀ ਟ੍ਰਿਬਿਊਨ ਵਿੱਚ ਆਪਣੇ ਮਿੱਤਰ ਐਡੀਟਰ
ਹਰਭਜਨ ਹਲਵਾਰਵੀ ਕੋਲ਼ ਜਾ ਪਹੁੰਚਾ ਤੇ ਉਸਨੇ ਇੰਨ-ਬਿੰਨ ਚਿੱਠੀ ਛਾਪ ਦਿੱਤੀ, ਫਿਰ ਉਹ ਅਖਬਾਰ ਲੈ ਕੇ ਬਾਬਾ ਜੀ ਕੋਲ਼ ਟਕਸਾਲ ਦੇ ਹੈਡ
ਕੁਆਟਰ ਮਹਿਤੇ ਮਿਲਣ ਗਏ ਤਾਂ ਟਕਸਾਲ ਵਿੱਚ ਬੈਠੀਆਂ ਫੌਜਾਂ ਨੇ ਪੱਤਰਕਾਰਾਂ ਨੂੰ ਮਿਲਣ ਨਾ ਦੇਣ, ਇਸ ਤੋਂ ਪਤਾ ਲਗਦਾ ਹੈ ਕਿ ਉਸ
ਮੌਕੇ ਟਕਸਾਲ ਦਾ ਹੈਡ ਕੁਅਟਰ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਦਾ ਅੱਡਾ ਬਣਿਆ ਹੋਇਆ ਸੀ।ਬਾਅਦ ਵਿੱਚ ਬਾਬਾ ਜੀ ਨੇ ਪੱਤਰਕਾਰਾਂ ਸਾਹਮਣੇ
ਮੰਨਿਆ ਕਿ ਉਨ੍ਹਾਂ ਹੀ ਜਥੇਦਾਰਾਂ ਦੀ ਰਿਹਾਈ ਲਈ ਰਾਜਦੇਵ ਸਿੰਘ ਨੂੰ ਚਿੱਠੀ ਦਿੱਤੀ ਸੀ।ਰਾਜਦੇਵ ਸਿੰਘ ਖਾਲਸਾ ਇਸ ਇੰਟਰਵਿਊ ਵਿੱਚ
ਭਾਰਤੀ ਖੁਫੀਆ ਏਜੰਸੀ ਆਈ ਬੀ ਦੇ ਸਾਬਕਾ ਜੁਆਇੰਟ ਡਾਇਰੈਕਟਰ ਐਮ ਕੇ ਧਰ ਦੀ ਕਿਤਾਬ ‘ਖੁੱਲ੍ਹੇ ਭੇਦ’ ਦਾ ਵੀ ਹਵਾਲਾ ਦਿੰਦੇ
ਹਨ।ਜਿਸ ਵਿੱਚੋਂ ਬਹੁਤ ਸਾਰੀ ਅਹਿਮ ਜਾਣਕਾਰੀ ਪਾਠਕ ਖੁਦ ਲੈ ਸਕਦੇ ਹਨ।ਉਨ੍ਹਾਂ ਅਨੁਸਾਰ ਜਦੋਂ ਜਥੇਦਾਰ ਰੋਡੇ ਆਪਣੇ ਸਾਥੀ ਜਥੇਦਾਰਾਂ
ਸਮੇਤ ਦਰਬਾਰ ਸਾਹਿਬ ਪਹੁੰਚੇ ਸਨ ਤਾਂ ਖਾੜਕੂ ਜਗੀਰ ਸਿੰਘ, ਨਿਰਵੈਰ ਸਿੰਘ, ਅਮਰੀਕ ਸਿੰਘ ਅਜਨਾਲ਼ਾ, ਸੁਰਜੀਤ ਸਿੰਘ ਪੈਂਟਾ ਆਦਿ ਨੇ
ਉਨ੍ਹਾਂ ਦੇ ਆਉਣ ਦੀ ਖੁਸ਼ੀ ਦੀ ਆੜ ਵਿੱਚ ਕੀਤੇ ਜਾਣ ਵਾਲ਼ੇ ਫਾਇਰਾਂ ਵਿੱਚ ਸਾਰੇ ਜਥੇਦਾਰਾਂ ਨੂੰ ਕਤਲ ਕਰਨ ਦੀ ਸਕੀਮ ਵੀ ਬਣਾਈ ਹੋਈ
ਸੀ, ਜੋ ਪਹਿਲਾਂ ਪਤਾ ਲੱਗਣ ਤੇ ਟਲ਼ ਗਈ ਸੀ।ਜਿਸ ਤੋਂ ਸਪੱਸ਼ਟ ਸੀ ਕਿ ਖਾੜਕੂ ਉਸ ਵਕਤ ਕਿਸੇ ਨੂੰ ਵੀ ਸ਼ੱਕ ਦੇ ਅਧਾਰ ਤੇ ਮਾਰਨ ਨੂੰ ਤਿਆਰ
ਰਹਿੰਦੇ ਸਨ? ਖਾਲਸਾ ਜੀ ਇਹ ਵੀ ਦੱਸਦੇ ਹਨ ਕਿ ਸੰਧੂ ਦੇ ਭੋਗ ਤੇ ਉਨ੍ਹਾਂ ਨੂੰ ਬਾਬਾ ਠਾਕੁਰ ਸਿੰਘ ਨਾਲ਼ ਗੱਲ ਕਰਨ ਦੇ ਬਹਾਨੇ ਬੁਲਾ
ਕੇ ਲੈ ਗਏ ਖਾੜਕੂ ਮਾਰਨ ਲੱਗੇ ਸਨ, ਜਦੋਂ ਉਹ ਬਾਬਾ ਠਾਕੁਰ ਸਿੰਘ ਅੱਗੇ ਸਤਿਕਾਰ ਵਜੋਂ ਝੁਕਣ ਲੱਗੇ ਸਨ ਤਾਂ ਮੌਕੇ ਤੇ ਉਨ੍ਹਾਂ ਦੇ
ਅੰਗ ਰੱਖਿਅਕਾਂ ਨੇ ਉਨ੍ਹਾਂ ਨੂੰ ਬਚਾ ਲਿਆ ਸੀ।ਜੇ ਉਹ ਮੇਰੇ ਵਰਗੇ ਸੰਤ ਜੀ ਦੇ ਸਾਥੀ ਤੇ ਖਾੜਕੂਆਂ ਦੇ ਸਮਰਥਕ ਅਤੇ ਲੱਖਾਂ ਲੋਕਾਂ
ਵਲੋਂ ਚੁਣੇ ਹੋਏ ਨੁਮਾਇੰਦੇ ਦਾ ਬਿਨਾਂ ਕਿਸੇ ਕਾਰਨ ਕਤਲ ਕਰਨ ਲਈ ਤਿਆਰ ਸਨ ਤਾਂ ਉਹ ਕੁਝ ਵੀ ਕਰ ਸਕਦੇ ਸਨ? ਉਨ੍ਹਾਂ ਅਨੁਸਾਰ
ਖਾੜਕੂਆਂ ਵਲੋਂ 1989 ਦੀਆਂ ਚੋਣਾਂ ਵਿੱਚ ਜਿੱਤੇ ਐਮ ਪੀ ਜਥੇਦਾਰ ਜਗਦੇਵ ਸਿੰਘ ਖੁਡੀਆ ਅਤੇ ਕਈ ਫੈਡਰੇਸ਼ਨ ਆਗੂਆਂ ਦੇ ਕਤਲ ਵੀ
ਇਵੇਂ ਹੀ ਹੋਏ ਸਨ।’
ਪਿਛਲੇ ਸਮੇਂ ਵਿੱਚ ਖਾੜਕੂ ਸੰਘਰਸ਼ ਨਾਲ਼ ਜੁੜੇ ਰਹੇ ਅਨੇਕਾਂ ਸਾਬਕਾ ਖਾੜਕੂਆਂ ਵਲੋਂ ਸੰਘਰਸ਼ ਬਾਰੇ ਬੇਬਾਕ ਖੁਲਾਸੇ ਕੀਤੇ ਜਾ
ਰਹੇ ਹਨ।ਜੇ ਅਜਿਹੇ ਖੁਲਾਸੇ ਕੋਈ ਸਰਕਾਰੀ ਧਿਰ, ਪੁਲਿਸ ਅਫਸਰ ਜਾਂ ਆਮ ਵਿਦਵਾਨ ਕਰੇ ਤਾਂ ਉਸਦੀ ਉਤਨੀ ਅਹਿਮੀਅਤ ਨਹੀਂ, ਜਿਤਨੀ ਸੰਘਰਸ਼
ਵਿਚਲੇ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਹਨ, ਜੋ ਸੰਘਰਸ਼ ਦੇ ਅੰਦਰਲੇ ਸੱਚ ਨੂੰ ਪ੍ਰਗਟ ਕਰ ਰਹੀਆਂ ਹਨ।ਜਦੋਂ ਸੰਤ
ਭਿੰਡਰਾਂਵਾਲ਼ਿਆਂ ਦੇ ਨਜ਼ਦੀਕੀ ਤੇ ਖਾੜਕੂ ਸੰਘਰਸ਼ ਦੇ ਸਿਧਾਂਤਕ ਹਮਾਇਤੀ ਰਹੇ ਮਰਹੂਮ ਦਲਬੀਰ ਸਿੰਘ, ਕਰਮਜੀਤ ਸਿੰਘ, ਸੁਖਦੇਵ ਸਿੰਘ
ਆਦਿ ਵਰਗੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੀਨੀਅਰ ਪੱਤਰਕਾਰ ਅਤੇ ਅਜਮੇਰ ਸਿੰਘ ਤੇ ਉਨ੍ਹਾਂ ਵਰਗੇ ਹੋਰ ਨਵੇਂ ਉਠੇ ਵਿਆਖਿਆਕਾਰ
ਖਾੜਕੂ ਸੰਘਰਸ਼ ਬਾਰੇ ਜੋ ਆਭਾ-ਮੰਡਲ ਸਿਰਜਦੇ ਹਨ, ਉਸ ਬਾਰੇ ਰਾਜਦੇਵ ਸਿੰਘ ਜਾਂ ਹਰਦੀਪ ਸਿੰਘ ਡਿਬਡਿਬਾ ਵਰਗਿਆਂ ਵਲੋਂ ਕੀਤੇ ਜਾ ਰਹੇ

ਪ੍ਰਗਟਾਵੇ, ਉਨ੍ਹਾਂ ਵਲੋਂ ਸਿਰਜੇ ਜਾ ਰਹੇ ਬਿਰਤਾਂਤਾਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਖੜਾ ਕਰਦੇ ਹਨ।ਗੁਰਤੇਜ ਸਿੰਘ ਵਲੋਂ ਅਜਮੇਰ ਸਿੰਘ
ਨੂੰ ਕੀਤੇ ਸਵਾਲਾਂ ਤੋਂ ਬਾਅਦ ਡਾ. ਗੁਰਦਰਸ਼ਨ ਸਿੰਘ ਢਿੱਲੋਂ ਵਲੋਂ ਜਿਸ ਤਰ੍ਹਾਂ ਦੇ ਨਿੱਜੀ ਇਲਜਾਮ ਗੁਰਤੇਜ ਸਿੰਘ ਤੇ ਲਗਾਏ ਹਨ, ਉਸ
ਤੋਂ ਇਨ੍ਹਾਂ ਵਿਦਵਾਨਾਂ ਦੀ ਸਮਝ ਦਾ ਮਿਆਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਰਹਿੰਦੀ? ਅਸੀਂ ਚਾਹੁੰਦੇ ਹਾਂ ਕਿ ਜੇ ਇਹ ਲੋਕ ਪੰਜਾਬ ਤੇ
ਸਿੱਖਾਂ ਦਾ ਭਲਾ ਚਾਹੁੰਦੇ ਹਨ ਤਾਂ ਇਮਾਨਦਾਰੀ ਨਾਲ਼ ਆਪਣੀ ਲਹਿਰ ਦਾ ਵਿਸ਼ਲੇਸ਼ਣ ਕਰਨ, ਜਿਸ ਖਾਲਿਸਤਾਨ ਦੇ ਸੰਕਲਪ ਨੂੰ ਲੈ ਕੇ ਪਿਛਲੇ
ਸਮੇਂ ਵਿੱਚ ਹਜ਼ਾਰਾਂ ਲੋਕ (ਇਨ੍ਹਾਂ ਅਨੁਸਾਰ ਲੱਖਾਂ ਲੋਕ) ਦੋਨਾਂ ਪਾਸਿਆਂ ਤੋਂ ਮਰੇ ਹਨ, ਉਸ ਖਾਲਿਸਤਾਨ ਬਾਰੇ ਲੋਕਾਂ ਨੂੰ ਕੁਝ ਤਾਂ
ਸਪੱਸ਼ਟ ਕਰਨ ਕਿ ਇਨ੍ਹਾਂ ਦਾ ਖਾਲਿਸਤਾਨ ਕਿਹੋ ਜਿਹਾ ਹੋਵੇਗਾ? ਮਾਡਰਨ ਵਰਲਡ ਰਾਜਨੀਤੀ ਅਨੁਸਾਰ ਇਨ੍ਹਾਂ ਕੋਲ਼ ਕਿਸ ਤਰ੍ਹਾਂ ਦਾ ਆਰਥਿਕ ਮਾਡਲ
ਹੋਵੇਗਾ? ਕੀ ਇਸ ਨਵੇਂ ਦੇਸ਼ ਵਿੱਚ ਰਾਜਨੀਤੀ ਦਾ ਲੋਕਤੰਤਰੀ, ਧਰਮ ਅਧਾਰਿਤ ਡਿਕਟੇਟਰਸ਼ਿਪ ਜਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਜਵਾੜਾਸ਼ਾਹੀ
ਰਾਜ ਹੋਵੇਗਾ? ਸਿੱਖਾਂ ਤੋਂ ਇਲਾਵਾ ਪੰਜਾਬ ਵਿੱਚ ਦੋ ਪ੍ਰਮੁੱਖ ਫਿਰਕਿਆਂ ਹਿੰਦੂਆਂ ਤੇ ਦਲਿਤਾਂ (ਜਿਨ੍ਹਾਂ ਦੀ ਗਿਣਤੀ 65% ਹੈ) ਦੇ
ਨਾਲ਼-ਨਾਲ਼ ਸਿੱਖਾਂ ਵਿਚਲੇ ਨਾਮਧਾਰੀਆਂ, ਰਾਧਾ ਸਵਾਮੀਆਂ, ਨਿਰੰਕਾਰੀਆਂ, ਕਾਮਰੇਡਾਂ ਆਦਿ ਅਨੇਕਾਂ ਘੱਟ-ਗਿਣਤੀ ਫਿਰਕਿਆਂ ਦਾ ਇਸ
ਕਲਪੇ ਜਾਂਦੇ ਖਾਲਿਸਤਾਨ ਵਿੱਚ ਕੀ ਭਵਿੱਖ ਹੋਵੇਗਾ? ਜੇ ਸਿੱਖਾਂ ਤੋਂ ਇਲਾਵਾ ਪੰਜਾਬ ਵਿੱਚ ਵਸਦੇ ਬਾਕੀ ਸਾਰੇ ਫਿਰਕਿਆਂ ਨੂੰ ਇਹ ਆਪਣੇ
ਵਿਰੋਧੀ ਸਮਝਦੇ ਹਨ ਤਾਂ ਉਹ ਕਿੱਥੇ ਜਾਣਗੇ? ਜੇ ਭਾਰਤ ਤੇ ਖਾਲਿਸਤਾਨ ਦਾ ਬਟਵਾਰਾ ਭਾਰਤ-ਪਕਿਸਤਾਨ ਵੰਡ ਵਾਂਗ ਵਸੋਂ ਦੇ ਤਬਾਦਲੇ
ਅਧਾਰਿਤ ਹੋਵੇ ਤਾਂ ਭਾਰਤ ਵਿੱਚ ਪੰਜਾਬ ਤੋਂ ਬਾਹਰ ਵੱਸਦੇ 60 ਲੱਖ ਸਿੱਖਾਂ ਬਾਰੇ ਇਨ੍ਹਾਂ ਦੀ ਕੀ ਪਲੈਨ ਹੈ? 1947 ਦੀ ਵੰਡ ਵੇਲੇ
ਪਾਕਿਸਤਾਨ ਵਿੱਚ ਰਹਿ ਗਏ ਕੁਝ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਲਈ 74 ਸਾਲ ਤੋਂ ਅਰਦਾਸ ਕਰਨ ਵਾਲ਼ੇ ਖਾਲਸੇ ਕੋਲ਼ ਖਾਲਿਸਤਾਨ
ਬਣਨ ਤੋਂ ਬਾਅਦ ਬਾਕੀ ਭਾਰਤ ਵਿੱਚ ਰਹਿ ਜਾਣ ਵਾਲ਼ੇ ਦੋ ਤਖਤਾਂ ਸਮੇਤ ਹਜਾਰਾਂ ਗੁਰਦੁਆਰਿਆਂ ਲਈ ਕੀ ਪਲੈਨ ਹੈ? ਪ੍ਰੀਤਮ ਸਿੰਘ
ਕੁਮੇਦਾਨ ਦੇ ਸਵਾਲ ਕਿ ਪੰਜਾਬ ਵਿਚਲੇ ਪਣ-ਬਿਜਲੀ ਵਾਟਰ ਵਰਕਸ ਬਹੁ-ਗਿਣਤੀ ਹਿੰਦੂ ਜ਼ਿਲ੍ਹਿਆਂ (ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ,
ਫਾਜਿਲਕਾ, ਆਨੰਦਰਪੁਰ ਸਾਹਿਬ, ਨੰਗਲ ਆਦਿ) ਕੋਲ਼ ਚਲੇ ਜਾਣ ਦੀ ਸੂਰਤ ਵਿੱਚ ਪੰਜਾਬ ਦੇ ਪੱਲੇ ਕੀ ਰਹੇਗਾ, ਇਸ ਬਾਰੇ ਕਦੇ ਉਨ੍ਹਾਂ
ਸੋਚਿਆ ਹੈ? ਕੀ ਖਾਲਿਸਤਾਨ ਵੀ ਸ਼ਰੀਅਤ ਅਧਾਰਿਤ ਮੁਸਲਮਾਨ ਦੇਸ਼ਾਂ ਵਾਂਗ ਧਰਮ ਅਧਾਰਿਤ ਸਟੇਟ ਹੋਵੇਗੀ, ਜਿਥੇ ਹਰ ਇੱਕ ਨੂੰ ‘ਸਿੱਖ ਰਹਿਤ
ਮਰਿਯਾਦਾ’ (ਵੈਸੇ ਮਰਿਯਾਦਾਵਾਂ ਵੀ ਕਈ ਹਨ) ਦਾ ਪਾਲਣ ਕਰਨਾ ਪਵੇਗਾ? ਫਿਰ 90% ਮੋਨੇ ਤੇ ਗੈਰ-ਅੰਮ੍ਰਿਤਧਾਰੀ ਵਿਅਕਤੀ ਖਾਲਿਸਤਾਨ
ਵਿੱਚ ਸਿੱਖ ਹੋਣਗੇ ਜਾਂ ਨਾਨ-ਸਿੱਖ? ਅਜਿਹੇ ਅਨੇਕਾਂ ਸਵਾਲ ਹਨ, ਜਿਸਦਾ ਕਿਸੇ ਧਿਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ, ਸਿਰਫ ਨਾਹਰਿਆਂ ਦੀ
ਜਜ਼ਬਾਤੀ ਸਿਆਸਤ ਹੀ ਭਾਰੂ ਹੈ?
ਅਜਮੇਰ ਸਿੰਘ ਆਪਣੇ ਯੂ ਟਿਊਬ ਚੈਨਲ ‘ਸਿੱਖ ਵਿਊ ਪੁਆਇੰਟ’ ਤੇ ਆਪਣੀਆਂ ਤਾਜਾ ਮੁਲਾਕਤਾਂ ਵਿੱਚ ਸਿੱਖ ਖਾੜਕੂ ਸੰਘਰਸ਼
ਬਾਰੇ ਅਨੇਕਾਂ ਬਿਰਤਾਂਤ ਸਿਰਜਦਾ ਹੈ।ਪਰ ਉਹ ਅਕਸਰ ਇਸ ਸੰਘਰਸ਼ ਨੂੰ ਉਥੇ ਦੀਆਂ ਜਮੀਨੀ ਹਕੀਕਤਾਂ ਅਤੇ ਮਾਡਰਨ ਵਰਲਡ ਦੀਆਂ
ਚੁਣੌਤੀਆਂ ਦੇ ਸੰਦਰਭ ਵਿੱਚ ਵਿਚਾਰਨ ਦੀ ਥਾਂ ਰੂਹਾਨੀਅਤ ਦੇ ਭਾਰੀ-ਭਰਕਮ ਤੇ ਭੁਲੇਖਾ ਪਾਊ ਸੰਕਲਪਾਂ ਵਿੱਚ ਉਲਝਾ ਦਿੰਦਾ
ਹੈ।ਆਪਣੀ ਤਾਜ਼ਾ ਇੰਟਰਵਿਊ ‘ਦੇਸ਼ ਭਗਤੀ ਤੇ ਰਾਸ਼ਟਰਵਾਦ’ ਵਿੱਚ ਉਹ ਪੱਛਮ ਦੇ ਪੂੰਜੀਵਾਦ ਤੇ ਨੈਸ਼ਨਲਿਜਮ ਦੇ ਮਾਡਲਾਂ ਦੀ
ਵਿਆਖਿਆ ਕਰਦਾ, ਜਿਥੇ ਉਸਨੂੰ ਮਨੁੱਖਤਾ ਵਿਰੋਧੀ ਕਹਿ ਕੇ ਨਕਾਰਦਾ ਹੈ, ਉਥੇ ਹਿੰਦੂ ਰਾਸ਼ਟਰਵਾਦ ਨੂੰ ਦੁਨੀਆਂ ਦਾ ਸਭ ਤੋਂ
ਨਖਿਧ ਵਰਤਾਰਾ ਦੱਸਦਾ ਹੈ।ਪਰ ਦੂਜੇ ਪਾਸੇ ਉਸੇ ਤਰਜ ਦੇ ‘ਸਿੱਖ ਰਾਸ਼ਟਰਵਾਦ’ ਦੀ ਵਕਾਲਤ ਕਰਦਾ ਹੈ, ਭਾਵੇਂ ਉਸ ਕੋਲ਼ ਸਿੱਖ ਰਾਸ਼ਟਰਵਾਦ
ਦੀ ਵੀ ਕੋਈ ਗੁਰਬਾਣੀ ਅਧਾਰਿਤ ਪ੍ਰੀਭਾਸ਼ਾ ਨਹੀਂ ਹੈ? ਇਸੇ ਤਰ੍ਹਾਂ ਆਪਣੇ ‘ਸ਼ਹੀਦ ਦੀ ਪ੍ਰੀਭਾਸ਼ਾ’ ਲੈਕਚਰ ਵਿੱਚ ਉਹ ਦੁਨੀਆਂ ਭਰ ਵਿੱਚ
ਆਪਣੀਆਂ ਰਾਜਸੀ ਇਛਾਵਾਂ ਦੀ ਪੂਰਤੀ, ਆਪਣੇ ਰਾਸ਼ਟਰਾਂ ਲਈ ਲੜ ਕੇ ਮਰਨ ਵਾਲ਼ੇ ਯੋਧਿਆਂ ਨੂੰ ‘ਸ਼ਹੀਦ’ ਮੰਨਣ ਲਈ ਤਿਆਰ ਨਹੀਂ, ਸਿਰਫ
ਧਰਮ ਲਈ ਮਰਨ ਵਾਲਿਆਂ ਨੂੰ ਹੀ ਸ਼ਹੀਦ ਮੰਨਦਾ ਹੈ।ਪਰ ਉਸੇ ਵਕਤ ਭਾਰਤ ਦੇ ਭੂਗੋਲਿਕ ਨਕਸ਼ੇ ਵਿੱਚ ਇੱਕ ਛੋਟੀ ਜਿਹੀ ਸਟੇਟ ‘ਪੰਜਾਬ’ ਤੇ
ਸਿਆਸੀ ਕਬਜ਼ਾ ਕਰਨ (ਆਪਣਾ ਸਿੱਖ ਰਾਜ ਬਣਾਉਣ) ਲਈ ਮਰਨ ਵਾਲ਼ਿਆਂ ਨੂੰ ਰੂਹਾਨੀਅਤ ਵਿੱਚ ਲਬਰੇਜ਼ ਕਿਸੇ ਇਲਾਹੀ ਜੋਤ ਨਾਲ਼ ਇੱਕ-ਮਿੱਕ ਹੋ
ਕੇ ਲੜਨ ਵਾਲ਼ੇ ‘ਸ਼ਹੀਦ’ ਕਹਿ ਕੇ ਵਡਿਆਉਂਦਾ ਹੈ? ਕਿਨ੍ਹਾਂ ਲੋਕਾਂ ਲਈ ਕੌਣ ਸ਼ਹੀਦ ਹਨ ਜਾਂ ਕੌਣ ਨਹੀਂ ਹਨ, ਇਸਦਾ ਫੈਸਲਾ ਉਨ੍ਹਾਂ
ਲੋਕਾਂ ਨੇ ਆਪ ਕਰਨਾ ਹੁੰਦਾ ਹੈ ਨਾ ਕਿ ਕਿਸੇ ਵਿਦਵਾਨ ਦੀ ਪ੍ਰੀਭਾਸ਼ਾ ਵਿੱਚ ਫਿੱਟ ਆਉਣ ਵਾਲ਼ਾ ਹੀ ‘ਸ਼ਹੀਦ’ ਹੋ ਸਕਦਾ ਹੈ? ਇੱਥੇ ਇਹ
ਵੀ ਵਰਨਣਯੋਗ ਹੈ ਕਿ ਜੇ ਵੱਧ ‘ਸ਼ਹੀਦ’ ਕਰਾਉਣ ਨਾਲ਼ ਕੁਝ ਪ੍ਰਾਪਤ ਹੁੰਦਾ ਤਾਂ ਨੌਜਵਾਨਾਂ ਨੂੰ ‘ਸ਼ਹੀਦੀ ਸਬਕ’ ਪੜ੍ਹਾਉਣ ਤੋਂ ਪਹਿਲਾਂ
ਕਸ਼ਮੀਰ, ਨਾਗਾਲੈਂਡ, ਸ੍ਰੀ ਲੰਕਾ, ਸੀਰੀਆ, ਇਰਾਨ-ਇਰਾਕ ਜੰਗ, ਰਵਾਂਡਾ, ਨਾਈਜ਼ੀਰੀਆ, ਚੇਚਨੀਆ, ਅਫਗਾਨਿਸਤਾਨ, ਸਵਾਤ ਵੈਲੀ ਆਦਿ
ਵਿੱਚ ਮਰੇ ਹਜਾਰਾਂ ਤੇ ਬੇਘਰ ਹੋਏ ਲੱਖਾਂ ਲੋਕਾਂ ਬਾਰੇ ਪੜ੍ਹ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਲੱਖਾਂ ਲੋਕ ਮਰਾ ਕੇ ਕੀ ਮਿਲ਼ਿਆ?
ਸੀਰੀਆ ਵਿੱਚ ਇੱਕ ਕਰੋੜ ਤੋਂ ਵੀ ਵੱਧ ਲੋਕ ਬੇਘਰ ਹਨ ਅਤੇ 15-20 ਲੱਖ ਲੋਕ ਕੱਟੜਪੰਥੀ ਧਾਰਮਿਕ ਤੰਗ ਨਜ਼ਰੀਏ ਵਾਲੀ ਸੋਚ ਕਾਰਨ ਮਾਰੇ ਜਾ
ਚੁੱਕੇ ਹਨ।ਜਦੋਂ ਸਵਾਤ ਵੈਲੀ (ਪਾਕਿਸਤਾਨ) ਵਿੱਚ ‘ਤਹਿਰੀਕ-ਏ-ਤਾਲੀਬਾਨ ਪਾਕਿਸਤਾਨ’ ਦੇ ਬੈਤੁੱਲਾ ਮਹਿਸੂਦ ਉਰਫ ਰੇਡੀਉ ਮੁੱਲਾ ਨੇ 27
ਦਸੰਬਰ, 2007 ਨੂੰ ਬੇਨਜ਼ੀਰ ਭੁੱਟੋ ਦੀ ਹੱਤਿਆ ਤੋਂ ਤੁਰੰਤ ਬਾਅਦ ਹੈਦਰੀ ਝੰਡਾ ਝੁਲ਼ਾ ਦਿੱਤਾ ਸੀ ਅਤੇ ਅਗਲੇ ਤਿੰਨ-ਚਾਰ ਸਾਲ ਪੂਰੇ
ਪਾਕਿਸਤਾਨ ਵਿੱਚ ਕਤਲੋ-ਗਾਰਤ ਮਚਾਈ ਰੱਖੀ ਸੀ ਅਤੇ ਲਾਹੌਰ ਵਿਚਲਾ ਆਈ. ਐਸ ਐਸ. ਆਈ. ਦਾ ਹੈਡਕੁਆਟਰ ਉਡਾ ਦਿੱਤਾ ਸੀ।ਉਸ ਵਕਤ
ਪਾਕਿਸਤਾਨੀ ਫੌਜ ਤੇ ਟੀ ਟੀ ਪੀ ਦੀ ਲੜਾਈ ਵਿੱਚ 60 ਹਜ਼ਾਰ ਤੋਂ ਵੱਧ ਬੰਦੇ ਮਰੇ ਸਨ ਅਤੇ ਲੱਖਾਂ ਲੋਕ ਅਜੇ ਤੱਕ ਬੇਘਰ ਹਨ।ਇਥੇ ‘ਸਿੱਖ ਰਾਜ’ ਦੇ
ਸਿਧਾਂਤਕ ਵਿਆਖਿਆਕਾਰ ਸਿਰਦਾਰ ਕਪੂਰ ਸਿੰਘ ਦੀਆਂ ਇਹ ਲਾਈਨਾਂ ਵੀ ਪੜ੍ਹ ਲੈਣੀਆਂ ਵਾਜਿਬ ਹੋਣਗੀਆਂ, ਜਿਸ ਵਿੱਚ ਉਹ ਕਹਿੰਦੇ ਹਨ:
“ਹੁਣ ਸਿਰ ਦੇਣ ਦਾ ਨਹੀਂ, ਸਿਰ ਵਰਤਣ ਦਾ ਸਮਾਂ ਹੈ।ਜੇ ਸਿਰ ਦੇਣ ਨਾਲ਼ ਦੇਸ਼ ਬਣਦੇ ਹੁੰਦੇ ਤਾਂ ਰੋਜ਼ਾਨਾ ਲੱਖਾਂ ਬੱਕਰੇ ਬਲ਼ੀ
ਦਿੰਦੇ ਹਨ, ਫਿਰ ਤਾਂ ਕਈ ‘ਬਕਰਸਤਾਨ’ ਬਣ ਚੁੱਕੇ ਹੁੰਦੇ?”
ਇਸੇ ਤਰ੍ਹਾਂ ਦੇ ਅੰਤਰ ਵਿਰੋਧ ਅਜਮੇਰ ਸਿੰਘ ਦੀਆਂ ਕਿਤਾਬਾਂ ਵਿੱਚ ਵੀ ਬਹੁਤ ਮਿਲਦੇ ਹਨ।ਜਿਸ ਤਰ੍ਹਾਂ ਉਹ ਆਪਣੀ ਕਿਤਾਬ; ‘ਤੀਜੇ
ਘੱਲੂਘਾਰੇ ਤੋਂ ਬਾਅਦ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦੇ ਚੈਪਟਰ 7 ‘ਗਿਆਨ ਦੇ ਮਾਰਗ ਦਾ ਸੱਚ ਕੀ ਹੈ’ ਦੇ ਪੰਨਾ 237 ਤੇ
ਲਿਖਦਾ ਹੈ: “ਉਦਾਰਵਾਦੀ ਫਲਸਫਾ, ਕਮਿਊਨਿਸਟ ਫਲਸਫਾ, ਨਾਜ਼ੀਵਾਦ, ਫਾਸ਼ੀਵਾਦ, ਈਸਾਈਅਤ, ਇਸਲਾਮ, ਬ੍ਰਾਹਮਣਵਾਦ-ਇਨ੍ਹਾਂ
ਸਾਰਿਆਂ ਦੀ ਇੱਕ ਗੱਲ ਸਾਂਝੀ ਹੈ।ਇਹ ਸਾਰੇ ਹੀ ਮੂਲ ਖਾਸੇ ਪੱਖੋਂ ਇਕਤਾਵਾਦੀ (ਇੱਕ ਸ਼ਕਤੀ ਨੂੰੰ ਮੰਨਣ ਵਾਲ਼ੇ), ਸ੍ਰਿਸ਼ਟੀ ਦੇ
ਨਿਯਮਾਂ ਦੇ ਵਿਰੋਧੀ ਹਨ।ਇਨ੍ਹਾਂ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਵੰਨ-ਸੁਵੰਨਤਾ ਦੀ ਕਦਰ ਪੈਦਾ ਨਹੀਂ ਹੋ ਸਕਦੀ।ਇਸ ਕਰਕੇ ਇਹ ਇਸ
ਮਸਲੇ ਪ੍ਰਤੀ ਖਰੇ ਰੂਪ ਵਿੱਚ ਸੰਵੇਦਨਸ਼ੀਲ ਨਹੀਂ ਹੋ ਸਕਦੇ।ਖਰੀ ਸੰਵੇਦਨਸ਼ੀਲਤਾ ਦਾ ਆਧਾਰ ਨੈਤਿਕਤਾ ਹੀ ਹੋ ਸਕਦੀ ਹੈ, ਸੋ ਇਹ ਕੋਈ
‘ਖੂਨ ਦਾ ਨੁਕਸ’ ਨਹੀਂ, ਸਿਧਾਂਤਕ ਅਕੀਦਿਆਂ ਤੇ ਆਦਰਸ਼ਾਂ ਦੇ ਖੋਟ ਦਾ ਮਾਮਲਾ ਹੈ।” ਇਥੇ ਅਜਮੇਰ ਸਿੰਘ ਸਿੱਖ ਫਲਸਫੇ ਦੀ ਉਚਤਾ
ਦਰਸਾਉਣ ਲਈ ਦੁਨੀਆਂ ਭਰ ਦੇ ਸਾਰੇ ਫਲਸਫਿਆਂ ਨੂੰ ਰੱਦ ਕਰਦੇ ਹਨ, ਪਰ ਪੱਛਮੀ ਫਲਸਫੇ ਨੂੰ ਰੱਦ ਕਰਨ ਲਈ, ਇਸੇ ਕਿਤਾਬ ਦੇ ਪੰਨਾ 229
ਤੇ ਅਜਮੇਰ ਸਿੰਘ ਨੇ ਅਕਬਰ ਅਹਿਮਦ ਦੀ ਕਿਤਾਬ ‘ਪੋਸਟ ਮੌਡਰਨਿਜ਼ਮ ਅਤੇ ਇਸਲਾਮ’ ਦੇ ਪੰਨਾ 109 ਦਾ ਹਵਾਲਾ ਦਿੱਤਾ ਹੈ: ‘ਇਹ
ਸਭਿਅਤਾ (ਪੱਛਮੀ) ਕਿਸੇ ਨੈਤਿਕ ਫਲਸਫੇ ਜਾਂ ਅਸੂਲਾਂ ਦੇ ਸੰਗ੍ਰਹਿ ਆਸਰੇ ਨਹੀਂ ਚੱਲਦੀ।ਇਸਦੀ ਗਤੀਸ਼ੀਲ ਊਰਜਾ ਦਾ ਸੋਮਾ ਵਿਅਕਤੀਵਾਦ
ਹੈ।’ ਪਰ ਇਸੇ ਕਿਤਾਬ ਅਨੁਸਾਰ ਜਿਸ ਇਸਲਾਮਿਕ ਫਲਸਫੇ ਨੂੰ ਅਜਮੇਰ ਸਿੰਘ ਪੰਨਾ 237 ਤੇ ਸ੍ਰਿਸ਼ਟੀ ਵਿਰੋਧੀ, ਕੁਦਰਤ ਦੀ ਵੰਨ-ਸੁਵੰਨਤਾ
ਦਾ ਵਿਰੋਧੀ, ਜਿਸਦੇ ਸਿਧਾਂਤਕ ਅਕੀਦਿਆਂ ਤੇ ਆਦਰਸ਼ਾਂ ਵਿੱਚ ਖੋਟ ਦੱਸਦਾ ਹੈ, ਉਸੇ ਕਿਤਾਬ ਵਿੱਚ ਲੇਖਕ ਅਕਬਰ ਅਹਿਮਦੀ ਲਿਖਦਾ ਹੈ: ‘ਕੁਰਾਨ
ਕੋਲ਼ ਹੀ ਯੂਨੀਵਰਸਲ ਵਿਜ਼ਨ ਹੈ, ਕੁਰਾਨ ਸਿਰਫ ਸਾਡੇ ਯੂਨੀਵਰਸ ਬਾਰੇ ਹੀ ਲਗਾਤਾਰ ਗੱਲ ਨਹੀਂ ਕਰਦੀ, ਸਗੋਂ ਹੋਰ ਯੂਨੀਵਰਸਾਂ (ਜਿਸ ਬਾਰੇ
ਸਾਇੰਸ ਨੂੰ ਅਜੇ ਪਤਾ ਨਹੀਂ?) ਬਾਰੇ ਵੀ ਦੱਸਦੀ ਹੈ।ਲੇਖਕ ਅਨੁਸਾਰ ਬਾਕੀਆਂ ਕੋਲ਼ ਤਾਂ ਗਲੋਬਲ ਵਿਊ ਹੈ, ਪਰ ਮੁਸਲਮਾਨਾਂ ਕੋਲ਼
ਕੁਰਾਨਿਕ ਯੂਨੀਵਰਸਲ ਵਿਊ ਹੈ।ਪੂਰਬ ਤੇ ਪੱਛਮ ਦੀਆਂ ਦੂਰੀਆਂ ਨੂੰ ਮਿਟਾਉਣ ਲਈ ਕੁਰਾਨਿਕ ਵਿਜ਼ਨ ਹੀ ਕੰਮ ਆ ਸਕਦਾ ਹੈ ਕਿਉਂਕਿ
ਇਸ ਕੋਲ਼ ਵੰਨ-ਸੁਵੰਨਤਾ ਵਾਲ਼ਾ ਯੂਨੀਵਰਸਲ ਵਿਜ਼ਨ ਹੈ।’ ਜਿਸ ਤੋਂ ਸਪੱਸ਼ਟ ਹੈ ਕਿ ਹਰ ਕੋਈ ਆਪਣੇ ਫਲਸਫੇ ਨੂੰ ਹੀ ਮਹਾਨ ਦੱਸਦਾ ਹੈ ਤੇ
ਬਾਕੀਆਂ ਨੂੰ ਨਖਿਧ? ਪਰ ਸਵਾਲ ਤਾਂ ਇਹ ਹੈ ਕਿ ਕਿਤਾਬਾਂ ਵਿੱਚ ਤਾਂ ਸਾਰੇ ਫਲਸਫੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਹਨ ਤੇ ਬੜੇ
ਲੁਭਾਵਣੇ ਸਬਜਬਾਗ ਵੀ ਦਿਖਾਉਂਦੇ ਹਨ। ਪਰ ਅਸਲ ਗੱਲ ਤਾਂ ਇਹ ਹੈ ਕਿ ਜਦੋਂ ਉਸਨੂੰ ਸਮਾਜ ਤੇ ਲਾਗੂ ਕਰਨਾ ਹੁੰਦਾ ਹੈ ਤਾਂ ਉਹ
ਕਿੱਥੇ ਖੜਦਾ ਹੈ ਜਾਂ ਉਸਨੂੰ ਮੰਨਣ ਵਾਲੇ ਕਿੱਥੇ ਖੜਦੇ ਹਨ? ਜਿਸ ਤਰ੍ਹਾਂ ਅਜਮੇਰ ਸਿੰਘ ਜੀ ਇਸੇ ਕਿਤਾਬ ਦੇ ਪੰਨਾ 235 ਤੇ ਸਿੱਖ
ਧਰਮ ਦੀ ਸਰਬਉਚਤਾ ਦਾ ਦਾਅਵਾ ਕਰਦੇ ਹੋਏ ਫੁਰਮਾਉਂਦੇ ਹਨ: ‘ਸਿੱਖ ਧਰਮ ਦੇ ਸੰਬੰਧ ਵਿੱਚ ਪੂਰੇ ਮਾਣ ਨਾਲ਼ ਇਹ ਦਾਅਵਾ ਕੀਤਾ
ਜਾ ਸਕਦਾ ਹੈ ਕਿ ਸਿੱਖ ਧਰਮ ਦੇ ਪੰਜ ਸਦੀਆਂ ਦੇ ਫੈਲੇ ਸਮੁੱਚੇ ਇਤਿਹਾਸ ਵਿੱਚੋਂ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿੱਥੇ ਸਿੱਖ ਸਮੂਹਿਕ
ਰੂਪ ਵਿੱਚ ਅੰਨ੍ਹੀ ਹਿੰਸਾ ਉਤੇ ਉਤਾਰੂ ਹੋ ਗਏ ਹੋਣ ਅਤੇ ਉਨ੍ਹਾਂ ਉਕਾ ਹੀ ਨਿਰਦੋਸ਼ ਲੋਕਾਂ ਉਤੇ ਸਮੂਹਿਕ ਤੌਰ ਤੇ ਵਹਿਸ਼ੀ ਜ਼ੁਲਮ
ਢਾਹੇ ਹੋਣ।’ ਅਜਿਹੀ ਮਾਣ ਤੇ ਦਾਅਵੇ ਵਾਲ਼ੀ ਸਟੇਟਮੈਂਟ ਲਿਖਣ ਤੋਂ ਤੁਰੰਤ ਬਾਅਦ ਸ਼ਾਇਦ ਉਨ੍ਹਾਂ ਨੂੰ 1947 ਦੇ ਕਤਲੇਆਮ ਦੀ ਯਾਦ
ਆ ਗਈ ਤਾਂ ਉਸੇ ਪੇਜ਼ ਤੇ ਫੁੱਟ ਨੋਟ ਲਿਖ ਦਿੱਤਾ ਤੇ ਸਿੱਖਾਂ ਨੂੰ ਬਰੀ ਕਰਦੇ ਹੋਏ ਸਾਰਾ ਦੋਸ਼ ਹਿੰਦੂ ਰਾਸ਼ਟਰਵਾਦੀਆਂ ਸਿਰ ਮੜਦੇ
ਹੋਏ ਲਿਖਦੇ ਹਨ: ‘1947 ਦੀ ਵੰਡ ਦੌਰਾਨ ਹੋਏ ਖੂਨ-ਖਰਾਬੇ ਦਾ ਮਾਮਲਾ ਵੱਖਰਾ ਹੈ।ਇਸਦਾ ਆਧਾਰ ਧਾਰਮਿਕ ਵੈਰ-ਵਿਰੋਧ ਨਹੀਂ
ਬਣਿਆ ਸੀ।ਇਹ ਏਕਾਅਧਿਕਾਰ-ਮੁਖੀ ਰਾਸ਼ਟਰਵਾਦ (ਹਿੰਦੂ) ਦੀ ਵਿਚਾਰਧਾਰਾ ਤੇ ਰਾਜਨੀਤੀ ਦਾ ਕਾਰੂਪ ਚਿਹਰਾ ਪ੍ਰਗਟ ਹੋਇਆ ਸੀ।’ ਸਵਾਲ
ਪੈਦਾ ਹੁੰਦਾ ਹੈ ਕਿ ਜੇ ਬਿਨਾਂ ਧਾਰਮਿਕ ਵੈਰ-ਵਿਰੋਧ ਦੇ 10 ਲੱਖ ਬੰਦਾ ਮਾਰਿਆ ਜਾ ਸਕਦਾ ਹੈ ਤਾਂ ਫਿਰ ਜਿਨ੍ਹਾਂ ਨਾਲ਼ ਵੈਰ-ਵਿਰੋਧ
ਹੋਵੇਗਾ, ਉਨ੍ਹਾਂ ਨਾਲ਼ ਕੀ ਬੀਤੇਗੀ?

ਇਸੇ ਕਿਤਾਬ ‘ਤੀਜੇ ਘੱਲੂਘਾਰੇ ਤੋਂ ਬਾਅਦ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਵਿੱਚ ਸਿੱਖ ਚਿੰਤਕ ਤੇ ਸਿੱਖ ਸੰਘਰਸ਼ ਦੇ ਸਿਧਾਂਤਕ
ਵਿਆਖਿਆਕਾਰ ਪੰਨਾ 224 ਤੇ ਵਿਗਿਆਨ ਤੇ ਵਿਗਿਆਨਕ ਤਰੱਕੀ ਬਾਰੇ ਇਵੇਂ ਲਿਖਦੇ ਹਨ: ‘ਸਾਇੰਸ ਤੇ ਟੈਕਨੋਲੌਜੀ ਦੇ ਖੇਤਰ ਵਿੱਚ ਪੁੱਟੀ
ਹਰ ਪੁਲਾਂਘ ਨਾਲ਼ ਮਨੁੱਖੀ ਜੀਵਾਂ ਦੇ ਅਧਿਆਤਮਕ ਰੁਤਬੇ ਵਿੱਚ ਹੋਰ ਨਿਘਾਰ ਆਇਆ ਹੈ।ਰਵਾਇਤੀ ਸਮਾਜਾਂ ਅੰਦਰ ਦੂਜੇ ਮਨੁੱਖਾਂ
ਨੂੰ ਆਪਣੇ ਸਹਿਚਾਰੀ ਹੋਣ ਦੇ ਨਾਤੇ ਸਵੀਕਾਰ ਕਰਨ ਦੀ ਭਾਵਨਾ ਨਾਲ਼ ਦੇਖਿਆ ਜਾਂਦਾ ਸੀ।ਪ੍ਰੰਤੂ ਆਧੁਨਿਕ ਸਭਿਅਤਾ ਅੰਦਰ ਦੂਜੇ
ਮਨੁੱਖਾਂ ਨੂੰ ਸਿਰਫ ਇੱਕ ਪਦਾਰਥ ਦੇ ਤੌਰ ‘ਤੇ ਵੇਖਿਆਫ਼ਸਮਝਿਆ ਜਾਣ ਲੱਗਾ ਹੈ।ਆਤਮ ਲਗਭਗ ਗੈਰ-ਹਾਜਿਰ ਹੈ।’ ਬੇਸ਼ਕ ਇਸ ਵਿੱਚ ਕੋਈ
ਸ਼ੱਕ ਨਹੀਂ ਕਿ ਸਾਇੰਸ ਦੀਆਂ ਕਾਢਾਂ ਨਾਲ਼ ਮਨੁੱਖ ਨੂੰ ਮਿਲ਼ੀਆਂ ਸੁੱਖ-ਸਹੂਲਤਾਂ ਪਾਉਣ ਲਈ ਹਰ ਮਨੁੱਖ ਪੈਸੇ ਦੀ ਦੌੜ ਵਿੱਚ
ਹੈ।ਪਰ ਸਵਾਲ ਤਾਂ ਇਹ ਹੈ ਕਿ ਮਨੁੱਖ ਸਭਿਅਤਾ ਦੇ ਜਿਸ ਦੌਰ ਵਿੱਚ ਪਹੁੰਚ ਚੁੱਕਾ ਹੈ, ਕੀ ਉਥੋਂ ਚਾਰ ਪੰਜ ਸੌ ਸਾਲ਼ ਪਿਛੇ ਜਾਇਆ ਜਾ
ਸਕਦਾ ਹੈ? ਕੀ ਅੱਜ ਦਾ ਮਨੁੱਖ ਬਹੁਤ ਦੂਰ ਤਾਂ ਕੀ 100 ਸਾਲ ਪਹਿਲਾਂ ਵਾਲ਼ੇ ਜੀਵਨ ਵਿੱਚ ਵੀ ਜੀਣ ਲਈ ਤਿਆਰ ਹੋ ਸਕਦਾ ਹੈ? ਸਾਡੇ ਪਲੈਨਿਟ ਤੇ
ਜਿਤਨੀ ਮਨੁੱਖੀ ਅਬਾਦੀ ਹੈ, ਕੀ ਉਸਨੂੰ ਸਾਇੰਸ ਦੀਆਂ ਮਸ਼ੀਨਾਂ ਤੋਂ ਬਿਨਾਂ ਖਾਣ ਲਈ ਦੋ ਵਕਤ ਰੋਟੀ ਵੀ ਦਿੱਤੀ ਜਾ ਸਕਦੀ ਹੈ? ਬੇਸ਼ਕ ਅੱਜ
ਗਲੋਬਲ ਵਾਰਮਿੰਗ ਤੇ ਪਲੂਸ਼ਨ ਸਾਰੀ ਦੁਨੀਆਂ ਲਈ ਵੱਡੀ ਚੁਣੌਤੀ ਹੈ, ਪਰ ਕੀ ਅੱਜ ਦਾ ਮਨੁੱਖ ਧੂੰਆਂ ਛੱਡਣ ਵਾਲ਼ੀਆਂ ਕਾਰਾਂ, ਬੱਸਾਂ,
ਟਰੇਨਾਂ, ਜਹਾਜਾਂ ਤੋਂ ਬਿਨਾਂ ਰਹਿਣਾ ਇੱਕ ਦਿਨ ਵੀ ਚਿਤਵ ਸਕਦਾ ਹੈ? ਸਾਨੂੰ ਅਜਮੇਰ ਸਿੰਘ ਹੋਰਾਂ ਦੀ ਵਿਗਿਆਨ ਦੀ ਵਿਰੋਧਤਾ ਤੇ ਕੋਈ
ਇਤਰਾਜ ਨਹੀਂ, ਪਰ ਉਹ ਮਨੁੱਖਤਾ ਸਾਹਮਣੇ ਗੁਰਬਾਣੀ ਜਾਂ ਸਿੱਖ ਫਲਸਫੇ ਅਧਾਰਿਤ ਕੋਈ ਮਾਡਲ ਤਾਂ ਪੇਸ਼ ਕਰਨ? ਉਹ ਅੱਜ ਦੇ ਮਾਡਰਨ ਵਰਲਡ
ਵਿੱਚ ਲਾਗੂ ਹੋ ਸਕੇਗਾ ਜਾਂ ਨਹੀਂ, ਇਹ ਤਾਂ ਬਾਅਦ ਦਾ ਸਵਾਲ ਹੈ? ਕੀ ਸਾਡੇ ਵਿਗਿਆਨ ਵਿਰੋਧੀ ਵਿਦਵਾਨ ਦੱਸ ਸਕਦੇ ਹਨ ਕਿ ਜੇ ਪਲੂਸ਼ਨ ਜਾਂ
ਗਲੋਬਲ ਵਾਰਮਿੰਗ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਤਾਂ ਕੀ ਉਨ੍ਹਾਂ ਦੀ ਰੂਹਾਨੀਅਤ ਫੌਸਿਲ ਫਿਊਲ ਦੀ ਅਨਰਜੀ ਦਾ ਕੋਈ ਹੋਰ ਬਦਲ ਪੇਸ਼ ਕਰ
ਸਕਦੀ ਹੈ? ਇਸ ਲਈ ਵੀ ਤਾਂ ਕੰਮ ਵਿਗਿਆਨੀ ਹੀ ਕਰ ਰਹੇ ਹਨ।
ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਗਵਰਨਰ ਬੀ ਡੀ ਪਾਂਡੇ ਦੀ ਲੜਕੀ ਰਤਨਾ ਐਮ ਸੁਦਰਸ਼ਨ ਵਲੋਂ ਉਨ੍ਹਾਂ ਦੇ ਮਰਨ ਤੋਂ 12 ਸਾਲ ਬਾਅਦ
ਉਨ੍ਹਾਂ ਦੀਆਂ ਯਾਦਾਂ ਅਧਾਰਿਤ ਐਡਿਟ ਕਰਕੇ ਕਿਤਾਬ ‘ਇਨ ਦੀ ਸਰਵਿਸ ਆਫ ਫਰੀ ਇੰਡੀਆ’ ਛਪਾਈ ਹੈ।ਜਿਸ ਵਿੱਚ ਉਨ੍ਹਾਂ ਦੀਆਂ
ਆਪਣੇ ਸਿਆਸੀ ਤੇ ਸਿਵਲ ਸਰਵਿਸਿਜ਼ ਦੇ ਜੀਵਨ ਦੀਆਂ ਯਾਦਾਂ ਹਨ। ਯਾਦ ਰਹੇ ਬੀ ਡੀ ਪਾਂਡੇ ਨੂੰ ਇੰਦਰਾ ਗਾਂਧੀ ਸਰਕਾਰ ਵਲੋਂ ਦਰਬਾਰਾ ਸਿੰਘ
ਦੀ ਸਰਕਾਰ ਭੰਗ ਹੋਣ ਤੋਂ ਬਾਅਦ 10 ਅਕਤੂਬਰ, 1983 ਨੂੰ ਪੰਜਾਬ ਦਾ ਗਵਰਨਰ ਲਗਾਇਆ ਸੀ ਤੇ ਉਸਨੇ 27 ਜੂਨ, 1984 ਨੂੰ ਆਪਣੇ
ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਪਰਿਵਾਰ ਨੂੰ ਹਦਾਇਤ ਕੀਤੀ ਸੀ ਕਿ ਇਹ ਕਿਤਾਬ ਉਸਦੇ ਮਰਨ
ਤੋਂ ਘੱਟੋ-ਘੱਟ ਪੰਜ ਸਾਲ ਬਾਅਦ ਛਾਪੀ ਜਾਵੇ। ਉਨ੍ਹਾਂ ਦੀ 2009 ਵਿੱਚ 92 ਸਾਲ ਦੀ ਉਮਰ ਵਿੱਚ ਮੌਤ ਤੋਂ 12 ਸਾਲ ਬਾਅਦ ਇਹ ਕਿਤਾਬ
ਮਾਰਕੀਟ ਵਿੱਚ ਆਈ ਹੈ। ਬੀ ਡੀ ਪਾਂਡੇ ਦੇ ਗਵਰਨਰ ਕਾਲ ਵਿੱਚ ਹੀ ਜੂਨ 1984 ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ।ਇਸ ਕਿਤਾਬ
ਵਿੱਚ ਉਨ੍ਹਾਂ ਜੂਨ 1984 ਦੇ ਘੱਲੂਘਾਰੇ ਲਈ ਬਹੁਤ ਸਾਰੇ ਪੱਖਾਂ ਤੋਂ ਇੰਦਰਾ ਗਾਂਧੀ ਤੇ ਉਸਦੀ ਸਰਕਾਰ ਨੂੰ ਦੋਸ਼ੀ ਮੰਨਿਆ
ਹੈ।ਉਸਨੇ ਇਸ ਵਿੱਚ ਦਰਬਾਰਾ ਸਿੰਘ ਅਤੇ ਗਿਆਨੀ ਜੈਲ ਸਿੰਘ ਦੀ ਸਿਆਸੀ ਖਿਚੋਤਾਣ ਨੂੰ ਵੀ ਦੋਸ਼ੀ ਗਰਦਾਨਿਆ ਹੈ।ਉਸਦਾ ਕਹਿਣਾ ਹੈ
ਕਿ ਜਦੋਂ ਉਸਨੇ ਉਪਰੇਸ਼ਨ ਬਲੂ ਸਟਾਰ ਤੋਂ 8-9 ਮਹੀਨੇ ਪਹਿਲਾਂ ਪੰਜਾਬ ਦਾ ਚਾਰਜ ਲਿਆ ਸੀ ਤਾਂ ਇੰਦਰਾ ਗਾਂਧੀ ਅੱਤਵਾਦੀਆਂ ਨੂੰ
ਦਰਬਾਰ ਵਿੱਚੋਂ ਕੱਢਣ ਲਈ ਦ੍ਰਿੜ ਸੀ, ਪਰ ਉਸਨੇ (ਪਾਂਡੇੇ) ਬਹੁਤਾ ਧਿਆਨ ਨਹੀਂ ਕਿਉਂਕਿ ਦਰਬਾਰ ਸਾਹਿਬ ਕੀਤੀ ਜਾਣ ਵਾਲ਼ੀ ਕਾਰਵਾਈ ਤੋਂ
ਨਿਕਲਣ ਵਾਲ਼ੇ ਨਤੀਜਿਆਂ ਪ੍ਰਤੀ ਉਹ ਚਿੰਤਤ ਸੀ।ਉਸਦਾ ਮੰਨਣਾ ਸੀ ਕਿ ਇੰਦਰਾ ਗਾਂਧੀ ਆਪਣੇ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਕਰਦੀ ਸੀ
ਤੇ ਪੰਜਾਬ ਵਿੱਚ ਉਸਦੇ ਵਿਰੋਧੀ ਅਕਾਲੀ ਸਨ।ਉਸਦਾ ਮੰਨਣਾ ਹੈ ਕਿ ਇਹ ਕਹਿਣਾ ਕਿ ਪੰਜਾਬ ਪੁਲਿਸ ਦੀ ਸੀ ਆਈ ਡੀ ਵਲੋਂ ਫੌਜ ਨੂੰ ਦਰਬਾਰ
ਅੰਦਰ ਹਥਿਆਰਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ (ਜਿਸ ਤਰ੍ਹਾਂ ਜਨਰਲ ਬਰਾੜ ਨੇ ਆਪਣੀ ਕਿਤਾਬ ‘ਉਪਰੇਸ਼ਨ ਬਲੂ ਸਟਾਰ: ਏ ਟਰੂ ਸਟੋਰੀ’
ਵਿੱਚ ਕਿਹਾ ਸੀ), ਜਦਕਿ ਉਨ੍ਹਾਂ ਨੂੰ ਹਰ ਛੋਟੇ ਤੋਂ ਵੱਡੇ ਹਥਿਆਰ ਦੀ ਜਾਣਕਾਰੀ ਦਿੱਤੀ ਗਈ ਸੀ।ਇਸ ਕਿਤਾਬ ਬਾਰੇ ਅਜਮੇਰ ਸਿੰਘ ਨੇ ਆਪਣੇ
ਯੂ ਟਿਊਬ ਚੈਨਲ ਉਪਰ ‘ਤੀਜੇ ਘੱਲੂਘਾਰੇ ਬਾਰੇ ਤਤਕਾਲੀ ਰਾਜਪਾਲ ਪਾਂਡੇ ਦੇ ਅਹਿਮ ਖੁਲਾਸੇ’ ਸਿਰਲੇਖ ਹੇਠਲੀ ਇੰਟਰਵਿਊ ਵਿੱਚ ਪਾਂਡੇ
ਵਲੋਂ ਇੰਦਰਾ ਗਾਂਧੀ ਦੇ ਘੁਮੰਡ ਬਾਰੇ ਕੀਤੀ ਆਲੋਚਨਾ ਦੀ ਇਹ ਕਹਿ ਕਿ ਆਪਣੀ ਪਿੱਠ ਥਾਪੜੀ ਹੈ ਕਿ ਜੋ ਗੱਲ ਅਸੀਂ ਲੰਬੇ ਸਮੇ ਤੋਂ ਕਹਿ
ਰਹੀ ਸੀ, ਉਹ ਸੱਚ ਸਾਬਿਤ ਹੋਈ ਹੈ।ਪਾਂਡੇ ਨੇ ਤਾਂ ਸੱਚ ਬੋਲਤਾ ਅਤੇ ਪੰਜਾਬ ਦਾ ਹਰ ਸੂਝਵਾਨ ਇਨਸਾਨ ਵੀ ਇਸ ਗੱਲ ਨਾਲ਼ ਸਹਿਮਤ ਹੈ ਕਿ
ਇੰਦਰਾ ਗਾਂਧੀ ਸਰਕਾਰ ਨੇ ਲੋਕਤੰਤਰੀ ਦੇਸ਼ ਵਿੱਚ ਇਸ ਤਰ੍ਹਾਂ ਦੀ ਕਰੂਰ ਫੌਜੀ ਕਾਰਵਾਈ ਕਰਕੇ ਮੁਜਰਮਾਨਾ ਬੇਵਕੂਫੀ ਕੀਤੀ ਸੀ।ਪਰ ਸਵਾਲ ਤਾਂ
ਇਹ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਮੋਰਚਾਬੰਦੀ ਕਰਕੇ ਬੈਠੀਆਂ ਫੌਜਾਂ ਦੇ ਵਾਰਿਸ ਸਾਡੇ ਇਹ ਵਿਦਵਾਨ ਸੱਚ ਕਦੋਂ ਕਬੂਲਣਗੇ ਕਿ
ਇੰਦਰਾ ਗਾਂਧੀ ਨੂੰ ਅਜਿਹੀ ਫੌਜੀ ਕਾਰਵਾਈ ਕਰਨ ਲਈ ਮੌਕਾ ਕਿਸਨੇ ਮੁਹੱਈਆ ਕਰਾਇਆ ਸੀ? ਇਸਨੂੰ ਕਿਵੇਂ ਸਮਝਿਆ ਜਾਵੇ? ਜਦੋਂ
ਦਰਬਾਰ ਸਾਹਿਬ ਅੰਦਰ ਬੈਠੇ ਬੱਬਰ ਖਾਲਸਾ ਦੇ ਪ੍ਰਮੁੱਖ ਖਾੜਕੂ ਅਨੋਖ ਸਿੰਘ ਬੱਬਰ ਨੇ 35 ਨਿਰੰਕਾਰੀ ਮਾਰਨ ਦੀ ਜ਼ਿੰਮੇਵਾਰੀ ਲੈਂਦੇ
ਹੋਏ, ਸੰਤ ਭਿੰਡਰਾਂਵਾਲ਼ਿਆਂ ਨੂੰ ਚੁਣੌਤੀ ਦਿੱਤੀ ਸੀ ਕਿ ਕਤਲ ਤਾਂ ਅਸੀਂ ਕਰ ਰਹੇ ਹਾਂ ਅਤੇ ਇਹ ਅੰਦਰ ਬੈਠਾ ਹੀਰੋ ਐਵੇਂ ਬਣੀ ਜਾਂਦਾ
ਹੈ।ਜੇ ਰਾਜਦੇਵ ਸਿੰਘ ਖਾਲਸਾ ਜਾਂ ਗੁਰਤੇਜ ਸਿੰਘ ਅਨੁਸਾਰ ਸਿੱਖਾਂ ਨੇ ਬਿਨਾਂ ਵਿਚਾਰੇ ਸੰਘਰਸ਼ ਸ਼ੁਰੂ ਕਰ ਲਏ ਸਨ ਜਾਂ ਵਿਰੋਧੀਆਂ ਦੇ ਜ਼ਾਲ਼
ਵਿੱਚ ਫਸ ਗਏ ਸਨ ਤਾਂ ਹੁਣ ਹੀ ਖਿਆਲੀ ਪਲਾਉ ‘ਚੋਂ ਬਾਹਰ ਨਿਕਲ਼ ਕੇ ਕੁਝ ਵਿਚਾਰ ਲੈਣ? ਜਿਸ ਤਰ੍ਹਾਂ ਬੀ ਡੀ ਪਾਂਡੇ ਨੇ ਇਸ ਨਵੀਂ ਕਿਤਾਬ ਵਿੱਚ
ਇੰਦਰਾ ਗਾਂਧੀ ਬਾਰੇ ਖਰੀਆਂ ਗੱਲਾਂ ਕੀਤੀਆਂ ਹਨ, ਉਸ ਤੋਂ ਸਿੱਖ ਵਿਦਵਾਨਾਂ ਤੇ ਲੀਡਰਾਂ ਨੂੰ ਖੁਸ਼ ਹੋਣ ਦੀ ਥਾਂ ਕੋਈ ਸਬਕ ਲੈ ਕੇ
ਆਪਣੇ ਅੰਦਰ ਵੀ ਝਾਤ ਮਾਰ ਲੈਣੀ ਚਾਹੀਦੀ ਹੈ? ਕੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਲਈ ਸਿਰਫ ਸਰਕਾਰ ਹੀ ਦੋਸ਼ੀ ਸੀ ਜਾਂ ਦਰਬਾਰ ਸਾਹਿਬ
ਅੰਦਰ ਵੱਡੇ-ਵੱਡੇ ਹਥਿਆਰ ਰੱਖ ਕੇ ਮੋਰਚਾਬੰਦੀ ਕਰਨ ਵਾਲਿਆਂ ਦਾ ਵੀ ਕੋਈ ਮਾੜਾ-ਮੋਟਾ ਕਸੂਰ ਸੀ? ਜਾਂ ਉਨ੍ਹਾਂ ਲੋਕਾਂ ਦਾ ਵੀ
ਥੋੜਾ ਬਹੁਤਾ ਕਸੂਰ ਸੀ, ਜਿਨ੍ਹਾਂ ਨੇ ਨਾ ਸਿਰਫ ਦਰਬਾਰ ਸਾਹਿਬ ਦੇ ਅੰਦਰ ਕਤਲ ਕਰਨੇ ਸ਼ੁਰੂ ਕੀਤੇ ਹੋਏ ਸਨ, ਸਗੋਂ ਬਾਹਰ ਵੀ ਸਿਆਸੀ ਤੇ
ਧਾਰਮਿਕ ਲੀਡਰਾਂ ਦੇ ਨਾਲ਼-ਨਾਲ਼ ਪੱਤਰਕਾਰਾਂ, ਬੁੱਧੀਜੀਵੀਆਂ ਸਮੇਤ ਬੱਸਾਂ ਵਿੱਚੋਂ ਲਾਹ ਕੇ ਬੰਦੇ ਮਾਰੇ ਜਾ ਰਹੇ ਸਨ? ਇਥੋਂ ਤੱਕ ਕਿ
ਅੰਦਰ ਹਥਿਆਰ ਜਮ੍ਹਾਂ ਕਰਨ ਬਾਰੇ ਆਲੋਚਨਾ ਕਰਨ ਬਦਲੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੂੰ ਘਰੇ ਜਾ ਕੇ
ਗੋਲ਼ੀਆਂ ਮਾਰ ਦਿੱਤੀਆਂ ਸਨ। ਕੀ ਇਸ ਸਾਰੀ ਲਹਿਰ ਦੇ ਆਪੇ ਬਣੇ ਵਿਆਖਿਆਕਾਰ ਅਜਮੇਰ ਸਿੰਘ ਵੀ, ਬੀ. ਡੀ. ਪਾਂਡੇ ਵਾਂਗ ਵੱਡਾ ਜਿਗਰਾ ਕਰਕੇ
ਕਦੇ ਨਿਰਪੱਖਤਾ ਨਾਲ਼ ਧਰਮ ਯੁੱਧ ਮੋਰਚੇ ਦੀ ਆੜ ਵਿੱਚ ਦਰਬਾਰ ਸਾਹਿਬ ਪਨਾਹ ਲਈ ਬੈਠੇ ਵੱਖ-ਵੱਖ ਖਾੜਕੂ ਧੜਿਆਂ ਵਲੋਂ ਕੀਤੀਆਂ
ਭੜਕਾਊ ਕਾਰਵਾਈਆਂ ਦਾ ਵਿਸ਼ਲੇਸ਼ਣ ਕਰਨਗੇ? ਜਿਸ ਖਾਲਸਾ ਰਾਜ ਲਈ ਉਨ੍ਹਾਂ ਅਨੁਸਾਰ ਲੱਖਾਂ ਸਿੰਘ-ਸਿੰਘਣੀਆਂ ਸ਼ਹੀਦ ਹੋ ਚੁੱਕੇ ਹਨ,
ਕੀ ਉਸ ਰਾਜ ਦਾ ਦੁਨੀਆਂ ਸਾਹਮਣੇ ਕੋਈ ਮਾਡਲ ਪੇਸ਼ ਕਰਨਗੇ ਕਿ ਆਖਿਰ ਉਹ ਚਾਹੁੰਦੇ ਕੀ ਹਨ? ਬਿਨਾਂ ਕਿਸੇ ਪਲੈਨ ਤੇ ਦੂਰ-ਅੰਦੇਸ਼ੀ
ਤੋਂ ਐਵੇਂ ਨਾਹਰਿਆਂ ਰਾਹੀਂ ਨੁਕਸਾਨ ਕਰਾਈ ਜਾਣਾ ਕੋਈ ਸਿਆਣਪ ਨਹੀਂ ਕਹੀ ਜਾ ਸਕਦੀ? ਅੱਜ ਪੰਜਾਬ ਦੇ ਲੋਕਾਂ ਲਈ ਧਰਮ ਨਾਲ਼ੋਂ
ਵੱਡਾ ਮਸਲਾ ਰੋਟੀ ਰੋਜ਼ੀ ਦਾ ਬਣ ਚੁੱਕਾ ਹੈ, ਆਪਣੇ ਬੱਚਿਆਂ ਦੇ ਭਵਿੱਖ ਦਾ ਹੈ? ਇਸੇ ਕਰਕੇ ਹਰ ਪੰਜਾਬੀ ਆਪਣੇ ਬੱਚਿਆਂ ਨੂੰ ਕਿਸੇ ਵੀ
ਤਰ੍ਹਾਂ ਨਾ ਸਿਰਫ ਜਮੀਨਾਂ ਵੇਚ ਕੇ ਹੀ, ਸਗੋਂ ਬਹੁਤ ਵਾਰ ਜਮੀਰਾਂ ਵੇਚ ਕੇ ਵੀ ਬਾਹਰ ਭੇਜਣ ਲਈ ਤਿਆਰ ਹੈ? ਅੱਜ ਪੰਜਾਬ ਦਾ ਪਾਣੀ ਖਤਮ ਹੋ
ਰਿਹਾ ਹੈ, ਮਹਿੰਗਾਈ ਤੇ ਬੇਰੁਜਗਾਰੀ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ? ਖੇਤੀਬਾੜੀ ਦਾ ਧੰਦਾ ਘਾਟੇ ਦਾ ਸੌਦਾ ਬਣ ਚੁੱਕਾ
ਹੈ? ਵਧਦੀ ਅਬਾਦੀ ਨਾਲ਼ ਜਮੀਨਾਂ ਘਟ ਰਹੀਆਂ ਹਨ।ਕੀ ਅਸੀਂ ਕਦੇ ਪੰਜਾਬ ਵਿੱਚ ਖੇਤੀਬਾੜੀ ਦੇ ਨਵੇਂ ਬਦਲ ਤੇ ਮਾਡਲ ਬਾਰੇ ਵੀ ਸੋਚਾਂਗੇ? ਕੀ
ਸਾਡੇ ਵਿਦਵਾਨ ਕਦੇ ਅਜਿਹੇ ਲੋਕ ਮਸਲਿਆਂ ਬਾਰੇ ਵੀ ਗੰਭੀਰ ਹੋਣਗੇ ——?
ਪੰਜਾਬ ਦੇ ਇੱਕ ਹੋਰ ਸਿੱਖ ਚਿੰਤਕ ਅਮਰਜੀਤ ਸਿੰਘ ਗਰੇਵਾਲ ਆਪਣੀ ਫੇਸਬੁਕ ਪੋਸਟ ”ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ” ਵਿੱਚ ਲਿਖਦੇ
ਹਨ: ‘ਅਸੀਂ ਗੁਲਾਮੀ ਦੀ ਇੱਕ ਕੈਦ ਵਿੱਚੋਂ ਨਿਕਲ ਕੇ ਦੂਜੀ ਕੈਦ ਵਿੱਚ ਫਸ ਗਏ ਹਾਂ।ਪਹਿਲਾਂ ਅਸੀਂ ਕਿਸੇ ਦੇ ਗੁਲਾਮ ਹੁੰਦੇ ਸੀ, ਹੁਣ ਅਸੀਂ
ਆਪਣੀਆਂ ਹੀ ਅਕਾਂਖਿਆਵਾਂ ਦੇ ਗੁਲਾਮ ਹੋ ਗਏ ਹਾਂ।’ ਇਸਦੇ ਉਲਟ ਸਾਡੇ ਨਵੇਂ ਚਿੰਤਕਾਂ ਅਨੁਸਾਰ ਅਸੀਂ ਪਹਿਲਾਂ ਅੰਗਰੇਜ਼ਾਂ ਦੇ
ਗੁਲਾਮ ਸੀ ਤੇ ਹੁਣ ਬ੍ਰਾਹਮਣਵਾਦ ਦੇ ਗੁਲਾਮ ਹਾਂ, ਜਿਸ ਤੋਂ ਅਜ਼ਾਦੀ ਲੈਣੀ ਹੈ।ਬੇਸ਼ਕ ਅਜਮੇਰ ਸਿੰਘ ਵਰਗੇ ਨਵੀਨ ਸਿੱਖ ਚਿੰਤਕ ਵੀ
ਨੌਜਵਾਨਾਂ ਨੂੰ ਪ੍ਰੋ: ਪੂਰਨ ਸਿੰਘ ਦੇ “ਪੰਜਾਬ ਜੀਂਦਾ ਗੁਰਾਂ ਦੇ ਨਾਮ ‘ਤੇ” ਦੇ ਸੁਪਨਿਆਂ ਵਾਲ਼ੇ ਦੇਸ਼ ਪੰਜਾਬ ਦੀ ਕਲਪਨਾ ਕਰਦੇ
ਹਨ, ਪਰ ਸ. ਗਰੇਵਾਲ਼ ਅਨੁਸਾਰ ਪ੍ਰੋ: ਪੂਰਨ ਸਿੰਘ ਪੰਜਾਬ ਦੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਸਿੱਖ ਸਪਿਰਟ ਵਿੱਚ ਮੌਲਦੇ ਵੇਖਣਾ
ਚਾਹੁੰਦੇ ਸਨ।ਜਦਕਿ ਸਾਡੇ ਇਹ ਵਿਦਵਾਨ ਸਿੱਖ ਪਛਾਣ ਤੋਂ ਵੱਖਰੇ ਸਭ ਭਾਈਚਾਰਿਆਂ ਨੂੰ ਪੰਜਾਬ ਦੇ ਦੁਸ਼ਮਣ ਗਰਦਾਨ ਕੇ ਸਭ ਤੇ ਸਿੱਖ
ਲੀਡਰਸ਼ਿਪ ਦੀ ਚੌਧਰ ਥੋਪਣਾ ਚਾਹੁੰਦੇ ਹਨ।ਇਸੇ ਪੋਸਟ ਵਿੱਚ ਗਰੇਵਾਲ਼ ਸਾਹਿਬ ਅੱਗੇ ਲਿਖਦੇ ਹਨ: “ਪੰਜਾਬ ਵਿੱਚ ਆਪਣੀ ਚੌਧਰ ਸਥਾਪਿਤ ਕਰਨ
ਲਈ ਸਿੱਖ ਭਾਈਚਾਰੇ ਕੋਲ਼ ਦੋ ਬਦਲ ਮੌਜੂਦ ਸਨ।ਇੱਕ ਸੀ, ਪ੍ਰੋ: ਪੂਰਨ ਸਿੰਘ ਦੁਆਰਾ ਸੁਝਾਇਆ, ਸਿੱਖ ਸਿਧਾਤਾਂ ਦੇ ਆਧਾਰ ‘ਤੇ ਸਿੱਖ
ਸਪਿਰਟ ਵਾਲ਼ੇ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਸੰਸਕ੍ਰਿਤਕ ਪੰਜਾਬ ਦਾ ਨਿਰਮਾਣ, ਜਿਸਨੂੰ ਉਹ ਪੰਜਾਬ ਪਿਆਰ ਤੇ ਸਿੱਖ ਪੰਜਾਬ
ਦਾ ਨਾਮ ਦਿੰਦੇ ਸਨ।ਦੂਸਰਾ ਸੀ, ਅਜਿਹੇ ਸਿੱਖ ਬਹੁ-ਗਿਣਤੀ ਵਾਲ਼ੇ ਖਿੱਤੇ ਦੀ ਸਥਾਪਨਾ, ਜਿੱਥੇ ਸਿੱਖ ਪਛਾਣ ਵਾਲੀ ਲੀਡਰਸ਼ਿਪ ਆਪਣੀ ਹਕੂਮਤ
ਸਥਾਪਿਤ ਕਰ ਸਕੇ।ਪਰ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਬਾਦਲ, ਟੌਹੜਾ, ਬਰਨਾਲਾ, ਕੈਪਟਨ ਅਮਰਿੰਦਰ ਆਦਿ ਨੇ ਸਿੱਖ ਸਪਿਰਟ ਦੀ ਥਾਂ ਸਿੱਖ
ਲੀਡਰਸ਼ਿਪ ਦੀ ਚੌਧਰ ਵਾਲ਼ਾ ਰਾਹ ਅਪਨਾ ਕੇ ਕੇਵਲ ਆਪਣੇ ਆਪ ਨੂੰ ਹੀ ਨਹੀਂ, ਸਗੋਂ ਪੰਜਾਬ ਤੇ ਪੰਜਾਬੀ ਭਾਈਚਾਰੇ ਨੂੰ ਵੀ
ਮੌਜੂਦਾ ਸੰਕਟਮਈ ਸਥਿਤੀ ਵਿੱਚ ਲਿਆ ਖੜਾ ਕੀਤਾ ਹੈ।ਇਹੀ ਰਸਤਾ ਹੁਣ ਸਾਡੇ ਇਹ ‘ਸਿੱਖ ਰਾਜ’ ਦੇ ਅਲੰਬਰਦਾਰ ਅਪਨਾ ਰਹੇ ਹਨ।ਇਹ ਅਜੇ ਵੀ
ਨੌਜਵਾਨੀ ਨੂੰ ਉਨ੍ਹਾਂ ਬਿਖੜੇ ਰਾਹਾਂ ਤੇ ਤੋਰਨ ਲਈ ਬਜਿਦ ਹਨ, ਜਿੱਥੇ ਵਿਨਾਸ਼ ਤੋਂ ਸਿਵਾਏ ਕੱਝ ਪੱਲੇ ਪੈਣ ਵਾਲ਼ਾ ਨਹੀਂ? ਸਵਾਲ ਇਹ ਹੈ

ਕਿ ਪੰਜਾਬ ਨੂੰ ਖੁਦ ਮੁਖਤਿਆਰ ਖਿੱਤਾ ਬਣਾ ਲਉ, ਖਾਲਿਸਤਾਨ ਜਾਂ ਸਿੱਖ ਰਾਜ ਬਣਾ ਲਉ ਤੇ ਚਾਹੇ ਵੱਧ ਅਧਿਕਾਰਾਂ ਵਾਲ਼ਾ ਸੂਬਾ ਬਣਾ
ਲਉ, ਪਰ ਚਿੰਤਨ ਤਾਂ ਇਹ ਕਰਨ ਦੀ ਲੋੜ ਹੈ ਕਿ ਪੰਜਾਬ ਵਿੱਚ ਵਸਦੇ 65% ਹਿੰਦੂ ਤੇ ਦਲਿਤ ਭਾਈਚਾਰੇ ਨੂੰ ਨਾਲ਼ ਕਿਵੇਂ ਲੈਣਾ ਹੈ? ਪਿਛਲੇ
ਦਿਨੀਂ ‘ਜਰਨਲ ਆਫ ਇਡੀਅਨ ਐਸੋਸੀਏਸ਼ਨ ਆਫ ਸੋਸ਼ਲ ਸਾਇੰਸ ਇੰਸਟੀਟਿਊਸ਼ਨ’ ਵਲੋਂ ਆਪਣੇ ਜੁਲਾਈ-ਸਤੰਬਰ, 2021 ਤਿਮਾਹੀ ਪਰਚੇ
ਵਿੱਚ ਪੰਨਾ 3 ਤੇ ਆਰਥਿਕ ਮਾਹਰਾਂ ਕਿਰਿਤੀ ਜੈਨ ਤੇ ਸੁੱਚਾ ਸਿੰਘ ਗਿੱਲ ਦਾ ਰਿਸਰਚ ਪੇਪਰ ‘ਓਨਵਰਿੋਨਮੲਨਟੳਲ ੀਮਪੳਚਟਸ ੋਡ ਘਰੁੋਨਦ
ਾਂੳਟੲਰ ੀਰਰਗਿੳਟੋਿਨ ਓਚੋਨੋਮੇ: ਅ ਛੳਸੲ ਸ਼ਟੁਦੇ ੋਡ ੀਨਦੳਿਨ ਫੁਨਜੳਬ’ ਛਾਪਿਆ ਹੈ, ਜਿਸ ਵਿੱਚ ਉਹ ਬੜੀ ਖੋਜ ਨਾਲ਼ ਵਿਸਥਾਰ ਵਿੱਚ
ਦੱਸਦੇ ਹਨ ਕਿ ਪੰਜਾਬ ਦੇ ਕਿਸਾਨ ਫਸਲਾਂ ਦੇ ਵੱਧ ਝਾੜ ਲੈਣ ਲਈ ਰਸਾਇਣਕ ਖਾਦਾਂ, ਕੀਟ ਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ
ਅਤੇ ਝੋਨੇ ਦੀ ਵੱਧ ਬੀਜਾਈ ਕਰਕੇ ਨਾ ਸਿਰਫ ਪੰਜਾਬ ਦੀ ਉਪਜਾਊ ਧਰਤੀ ਨੂੰ ਬੰਜਰ ਬਣਾਉਣ ਦੇ ਨਾਲ਼ ਧਰਤੀ ਹੇਠਲਾ ਪਾਣੀ ਵੀ ਖਤਮ ਕਰ
ਰਹੇ ਹਨ।ਸਾਡੇ ਇਹ ਅਰਥ ਸ਼ਾਸਤਰੀ ਵੀ ਸਮੱਸਿਆਵਾਂ ਬਾਰੇ ਤਾਂ ਜਰੂਰ ਵਿਸਥਾਰ ਵਿੱਚ ਦੱਸ ਰਹੇ ਹਨ।ਪਰ ਅਫਸੋਸ ਦੀ ਗੱਲ ਇਹ ਹੈ ਕਿ ਅਜੋਕੇ
ਪੰਜਾਬ ਦੀ ਤਿੰਨ ਕਰੋੜ ਤੋਂ ਪਾਰ ਚੁੱਕੀ ਵਸੋਂ ਨੂੰ ਰੋਜੀ-ਰੋਟੀ ਕਿਸ ਕਿਸਮ ਦੇ ਖੇਤੀ ਮਾਡਲ ਨਾਲ਼ ਦੇਣੀ ਹੈ, ਉਸਦੀ ਕੋਈ ਠੋਸ ਰੂਪ-ਰੇਖਾ
ਡਾ. ਸੁੱਚਾ ਸਿੰਘ ਗਿੱਲ ਜਾਂ ਹੋਰ ਅਰਥ ਵਿਗਿਆਨੀਆਂ ਦੀਆਂ ਲਿਖਤਾਂ ਵਿੱਚੋਂ ਵੀ ਨਜ਼ਰ ਨਹੀਂ ਆ ਰਹੀ—–?

0000000