ਨਵੀਂ ਦਿੱਲੀ, 15 ਸਤੰਬਰ

ਪਿਛਲੇ ਹਫਤੇ ਅਫਗਾਨਿਸਤਾਨ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਤਾਲਿਬਾਨ ਦੇ ਨੇਤਾਵਾਂ ਵਿੱਚ ਤਕਰਾਰ ਹੋਈ ਸੀ। ਇਹ ਖੁਲਾਸਾ ਬੀਬੀਸੀ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਾਲਿਬਾਨ ਸਮੂਹ ਦੇ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਅਤੇ ਇਕ ਕੈਬਨਿਟ ਮੈਂਬਰ ਵਿਚਾਲੇ ਰਾਸ਼ਟਰਪਤੀ ਭਵਨ ਵਿੱਚ ਬਹਿਸ ਹੋਈ ਸੀ। ਬਰਾਦਰ ਦੇ ਜਨਤਕ ਤੌਰ ‘ਤੇ ਦਿਖਾਈ ਨਾ ਦੇਣ ਕਾਰਨ ਤਾਲਿਬਾਨ ਲੀਡਰਸ਼ਿਪ ਵਿੱਚ ਆਪਸੀ ਮਤਭੇਦ ਦੀਆਂ ਅਪੁਸ਼ਟ ਖ਼ਬਰਾਂ ਆਉਣ ਲੱਗੀਆਂ ਸਨ। ਤਾਲਿਬਾਨ ਦੇ ਇਕ ਸੂਤਰ ਨੇ ਬੀਬੀਸੀ ਪਸ਼ਤੋ ਨੂੰ ਦੱਸਿਆ ਕਿ ਬਰਾਦਰ ਅਤੇ ਖਲੀਲ ਉਰ ਰਹਿਮਾਨ ਹੱਕਾਨੀ ਵਿਚਾਲੇ ਤਲਖ਼ ਕਲਾਮੀ ਹੋਈ ਸੀ, ਜਿਸ ਮਗਰੋਂ ਉਨ੍ਹਾਂ ਦੇ ਸਮਰਥਕ ਆਪਸ ਵਿੱਚ ਭਿੜ ਗਏ ਸਨ। ਸੂਤਰਾਂ ਅਨੁਸਾਰ ਬਰਾਦਰ ਕਾਬੁਲ ਨੂੰ ਛੱਡ ਕੇ ਕੰਧਾਰ ਚਲਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਤਰ ਵਿਚਲੇ ਇਕ ਸੀਨੀਅਰ ਤਾਲਿਬਾਨ ਮੈਂਬਰ ਨੇ ਬੀਤੇ ਹਫ਼ਤੇ ਹੋਈ ਇਸ ਤਕਰਾਰ ਦੀ ਪੁਸ਼ਟੀ ਕੀਤੀ ਹੈ।-ਏਜੰਸੀ

News Source link