ਚੰਡੀਗੜ੍ਹ, 14 ਸਤੰਬਰ

ਪੰਜਾਬ ਸਰਕਾਰ ਨੇ ਬਹਾਦਰੀ ਅਤੇ ਵਿਸ਼ੇਸ਼ ਸਰਵਿਸ ਐਵਾਰਡ ਜਿੱਤਣ ਵਾਲੇ ਵਿਅਕਤੀਆਂ, ਉਨ੍ਹਾਂ ਦੀਆਂ ਵਿਧਵਾਵਾਂ ਤੇ ਮਰਨ ਉਪਰੰਤ ਐਵਾਰਡ ਪ੍ਰਾਪਤ ਕਰਨ ਵਾਲੀਆਂ ਇਨ੍ਹਾਂ ਅਹਿਮ ਵਿਅਕਤੀਆਂ ਦੀਆਂ ਪਤਨੀਆਂ ਜਾਂ ਰਿਸ਼ਤੇਦਾਰਾਂ ਦੇ ਮਹੀਨਾਵਾਰ ਭੱਤਿਆਂ ਵਿੱਚ 80 ਫੀਸਦ ਵਾਧਾ ਕਰ ਦਿੱਤਾ ਹੈ। ਰੱਖਿਆ ਸੇਵਾਵਾਂ ਭਲਾਈ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬਹਾਦਰੀ ਤੇ ਵਿਸ਼ੇਸ਼ ਐਵਾਰਡ ਜਿੱਤਣ ਵਾਲੇ 2044 ਵਿਅਕਤੀਆਂ ਵਿੱਚੋਂ ਪਰਮ ਵੀਰ ਚੱਕਰ ਜਿੱਤਣ ਵਾਲੇ ਵਿਅਕਤੀਆਂ ਲਈ ਭੱਤਾ ਮੌਜੂਦਾ 23,100 ਰੁਪਏ ਤੋਂ ਵਧਾ ਕੇ 41,580 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਸ਼ੋਕ ਚੱਕਰ ਜਿੱਤਣ ਵਾਲੇ ਛੇ ਐਵਾਰਡੀਆਂ ਨੂੰ 18,480 ਰੁਪਏ ਦੀ ਥਾਂ 33,264 ਰੁਪਏ ਭੱਤਾ ਮਿਲੇਗਾ ਤੇ ਮਹਾ ਵੀਰ ਚੱਕਰ ਜਿੱਤਣ ਵਾਲੇ 11 ਹੋਣਹਾਰ ਵਿਅਕਤੀਆਂ ਨੂੰ 17,556 ਰੁਪਏ ਦੀ ਥਾਂ 31,601 ਰੁਪਏ ਦਾ ਭੱਤਾ ਮਿਲੇਗਾ। ਇਸੇ ਤਰ੍ਹਾਂ ਕੀਰਤੀ ਚੱਕਰ ਜਿੱਤਣ ਵਾਲੇ 24 ਅਹਿਮ ਵਿਅਕਤੀਆਂ ਨੂੰ 13,860 ਰੁਪਏ ਦੀ ਥਾਂ ਹੁਣ 24,948 ਰੁਪਏ ਭੱਤਾ ਮਿਲੇਗਾ। ਵੀਰ ਚੱਕਰ ਜਿੱਤਣ ਵਾਲੇ 127 ਐਵਾਰਡੀਆਂ ਨੂੰ 10,164 ਰੁਪਏ ਦੀ ਥਾਂ 18,295 ਰੁਪਏ ਭੱਤਾ ਮਿਲੇਗਾ। ਇਸੇ ਤਰ੍ਹਾਂ ਸ਼ੌਰਿਆ ਚੱਕਰ ਜਿੱਤਣ ਵਾਲੇ 165 ਬਹਾਦਰ ਵਿਅਕਤੀਆਂ ਨੂੰ 6,480 ਰੁਪਏ ਦੀ ਥਾਂ 11,664 ਰੁਪਏ ਭੱਤਾ ਮਿਲੇਗਾ। -ਆਈਐੱਨਐੱਸ

News Source link