ਸੰਤੋਖ ਗਿੱਲ

ਗੁਰੂਸਰ ਸੁਧਾਰ, 12 ਸਤੰਬਰ

ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਨਾਮਕਰਨ ਦਾ ਮੁੱਦਾ ਅੱਜ ਉਸ ਸਮੇਂ ਫਿਰ ਚਰਚਾ ਵਿੱਚ ਆ ਗਿਆ ਜਦੋਂ ਇਨਕਲਾਬ ਜ਼ਿੰਦਾਬਾਦ ਲਹਿਰ ਦੇ ਮੁਖੀ ਸੁਖਵਿੰਦਰ ਸਿੰਘ ਲੰਮੇ ਅਤੇ ਉਸ ਦੇ ਸਾਥੀਆਂ ਨੇ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਪਿੰਡ ਹਲਵਾਰਾ ਲਾਗੇ ਦਿਸ਼ਾ ਬੋਰਡ ਉੱਪਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ‘ਅੰਤਰਰਾਸ਼ਟਰੀ ਹਵਾਈ ਅੱਡਾ’ ਉੱਪਰ ਕਾਲੇ ਪੇਂਟ ਦਾ ਪੋਚਾ ਫੇਰ ਦਿੱਤਾ। ਸੁਖਵਿੰਦਰ ਸਿੰਘ ਲੰਮੇ ਵੱਲੋਂ ਖ਼ੁਦ ਹੀ ਸੋਸ਼ਲ ਮੀਡੀਆ ‘ਤੇ ਪੋਸਟ ਪਾਏ ਜਾਣ ਮਗਰੋਂ ਥਾਣਾ ਸੁਧਾਰ ਦੀ ਪੁਲੀਸ ਇਕਦਮ ਹਰਕਤ ਵਿਚ ਆ ਗਈ। ਪੁਲੀਸ ਨੇ ਸੁਖਵਿੰਦਰ ਸਿੰਘ ਲੰਮੇ, ਉਸ ਦੇ ਸਾਥੀ ਸੁੱਖ ਜਗਰਾਉਂ ਸਮੇਤ ਕੁਝ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਬੁੱਟਰ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

ਸੁਖਵਿੰਦਰ ਸਿੰਘ ਹਲਵਾਰਾ ਅਤੇ ਉਸ ਦੇ ਸਾਥੀ ਪਿਛਲੇ ਲੰਮੇ ਅਰਸੇ ਤੋਂ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਲਈ ਮੁਹਿੰਮ ਚਲਾ ਰਹੇ ਸੀ। ਅੱਜ ਉਸ ਨੇ ਆਪਣੇ ਸਾਥੀ ਸੁੱਖ ਜਗਰਾਉਂ ਅਤੇ ਹੋਰਨਾਂ ਦੀ ਮਦਦ ਨਾਲ ਦਿਸ਼ਾ ਸੂਚਕ ਬੋਰਡਾਂ ਉੱਪਰ ਕਾਲਖ ਫੇਰ ਦਿੱਤੀ ਅਤੇ ਬੋਰਡ ਦੇ ਹੇਠਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨੂੰ ਦਰਸਾਉਂਦਾ ਇਕ ਫਲੈਕਸ ਵੀ ਟੰਗ ਦਿੱਤਾ। ਉਨ੍ਹਾਂ ਮੌਕੇ ‘ਤੇ ਨਾਅਰੇਬਾਜ਼ੀ ਕਰਕੇ ਰਾਹਗੀਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਹਵਾਈ ਅੱਡੇ ਦੇ ਨਾਮਕਰਨ ਬਾਰੇ ਪਿੰਡ ਐਤੀਆਣਾ ਵਾਸੀਆਂ ਅਤੇ ਉੱਥੋਂ ਦੀ ਪੰਚਾਇਤ ਨੇ ਵੀ ਇਤਰਾਜ਼ ਪ੍ਰਗਟਾਇਆ ਸੀ। ਇਸ ਸਬੰਧੀ ਅੱਜ ਸਰਪੰਚ ਲਖਵੀਰ ਸਿੰਘ ਨੇ ਕਿਹਾ ਕਿ ਉਹ ਅਜਿਹੀਆਂ ਕਾਰਵਾਈ ਦੀ ਥਾਂ ਕਾਨੂੰਨੀ ਚਾਰਾਜੋਈ ਦੇ ਹੱਕ ਵਿੱਚ ਹਨ। ਪੁਲੀਸ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਪਿੰਡ ਹਲਵਾਰਾ ਦੇ ਸਰਪੰਚ ਹਰਜਿੰਦਰ ਸਿੰਘ ਨਿੱਕਾ ਨੇ ਦਿਸ਼ਾ ਬੋਰਡ ਉੱਪਰ ਫੇਰਿਆ ਕਾਲਾ ਪੇਂਟ ਸਾਫ਼ ਕਰਵਾ ਦਿੱਤਾ।

News Source link