ਸਰਬਜੀਤ ਸਿੰਘ ਭੰਗੂ

ਪਟਿਆਲਾ, 10 ਸਤੰਬਰ

ਨੇੜਲੇ ਪਿੰਡ ਮੱਲੋਮਾਜਰਾ ਵਿਖੇ ਜ਼ਮੀਨੀ ਵਿਵਾਦ ਕਾਰਨ ਦੋ ਸਕੇ ਭਰਾਵਾਂ ਨੇ ਆਪਣੀਆਂ ਦੋ ਸਕੀਆਂ ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ। ਦੋਵਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਧਰ ਥਾਣਾ ਪਸਿਆਣਾ ਦੀ ਪੁਲੀਸ ਨੇ ਦੋਵੇਂ ਭਰਾਵਾਂ ਅਤੇ ਉਨ੍ਹਾਂ ਦੇ ਇੱਕ ਸਾਥੀ ਤੋਂ ਇਲਾਵਾ ਪਿੰਡ ਦੇ ਸਰਪੰਚ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਪਰਿਵਾਰ ਕੋਲ 58 ਏਕੜ ਜ਼ਮੀਨ ਹੈ। ਇਨ੍ਹਾਂ ਦੇ ਪਿਤਾ ਨੇ ਮਰਨ ਤੋਂ ਪਹਿਲਾਂ ਪੱਚੀ-ਪੱਚੀ ਏਕੜ ਆਪਣੇ ਦੋਵਾਂ ਪੁੱਤਾਂ ਦਲਵਿੰਦਰ ਸਿੰਘ ਅਤੇ ਤਰਸੇਮ ਸਿੰਘ ਦੇ ਨਾਮ ਕਰਵਾ ਦਿੱਤੀ ਸੀ, ਜਦਕਿ 4-4 ਏਕੜ ਦੋਵਾਂ ਧੀਆਂ ਪਰਮਜੀਤ ਕੌਰ ਅਤੇ ਕੁਲਵਿੰਦਰ ਕੌਰ ਦੇ ਨਾਮ ਕਰਵਾ ਦਿੱਤੇ ਸਨ। ਇਹ ਦੋਵੇਂ ਭੈਣਾਂ ਆਪਣੇ ਪੇਕੇ ਘਰ ਹੀ ਵੱਖਰੇ ਮਕਾਨ ਵਿੱਚ ਰਹਿ ਰਹੀਆਂ ਹਨ, ਕਿਉਂਕਿ ਵੱਡੀ ਅਣਵਿਆਹੀ ਅਤੇ ਛੋਟੀ ਦਾ ਤਲਾਕ ਕੇਸ ਚੱਲ ਰਿਹਾ ਹੈ। ਉਸ ਦੀ ਸ਼ਾਦੀ ਇਟਲੀ ਤੋਂ ਆਏ ਇਕ ਨੌਜਵਾਨ ਨਾਲ ਹੋਈ ਸੀ। ਉਨ੍ਹਾਂ ਦੇ ਹਿੱਸੇ ਆਏ ਅੱਠ ਏਕੜ ਜ਼ਮੀਨ ਦੀ ਵਾਹੀ ਇਹ ਦੋਵਾਂ ਭੈਣਾ ਖੁਦ ਕਰ ਰਹੀਆਂ ਹਨ, ਜਿਸ ਕਾਰਨ ਭੈਣ ਭਰਾਵਾਂ ਵਿੱਚ ਪਿਛਲੇ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਸੀ। ਥਾਣਾ ਪਸਿਆਣਾ ਵਿਖੇ ਪਰਮਜੀਤ ਕੌਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰਾਤੀਂ ਦੋ ਵਜੇ ਉਨ੍ਹਾਂ ਨੇ ਭਰਾਵਾਂ ਨੇ ਉਨ੍ਹਾਂ ਦੋਵਾਂ ਦੇ ਦੋ ਦੋ ਗੋਲੀਆਂ ਮਾਰ ਦਿੱਤੀਆਂ। ਸ਼ਿਕਾਇਤਕਰਤਾ ਨੇ ਉਨ੍ਹਾਂ ‘ਤੇ ਹੋਏ ਇਸ ਹਮਲੇ ਲਈ ਉਨ੍ਹਾਂ ਦੇ ਭਰਾ ਦਲਵਿੰਦਰ ਸਿੰਘ ਦੇ ਦੋਸਤ ਅਵਤਾਰ ਸਿੰਘ ਅਤੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਨੂੰ ਵੀ ਜਿੰਮੇਵਾਰ ਦੱਸਿਆ ਹੈ। ਥਾਣਾ ਪਸਿਆਣਾ ਵਿਖੇ ਚਾਰਾਂ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਪਸਿਆਣਾ ਦੇ ਐੱਸਐੱਚਓ ਅਤੇ ਟ੍ਰੇਨੀ ਡੀਐੱਸਪੀ ਨੇਹਾ ਅਗਰਵਾਲ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਖ਼ਮੀ ਹੋਈਆਂ ਦੋਵੇਂ ਭੈਣਾਂ ਜ਼ੇਰੇ ਇਲਾਜ ਹਨ।

News Source link