ਗੁਹਾਟੀ, 10 ਸਤੰਬਰ

ਕਾਂਗਰਸ ਦੇ ਸੰਸਦ ਮੈਂਬਰ ਰਿਪੁਨ ਬੋਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸ਼ਾਸਨ ਦੌਰਾਨ ਪਿਛਲੇ ਸੱਤ ਸਾਲਾਂ ‘ਚ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਅਸਰਅੰਦਾਜ਼ ਹੋਈ ਹੈ, ਜਿਸ ਨਾਲ ‘ਬੇਰੁਜ਼ਗਾਰੀ ਵਿੱਚ ਵਾਧਾ’ ਹੋਇਆ ਅਤੇ ਲੋਕਾਂ ਦੀ ‘ਖ਼ਰੀਦ ਸਮਰੱਥਾ’ ਘਟੀ ਹੈ। ਅਸਾਮ ਤੋਂ ਰਾਜ ਸਭਾ ਮੈਂਬਰ ਬੋਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੌਨਮੀ (ਸੀਐੱਮਆਈਈ) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ ਸ਼ਹਿਰਾਂ ‘ਚ ਬੇਰੁਜ਼ਗਾਰੀ ਦਰ 9.3 ਅਤੇ ਦਿਹਾਤੀ ਖੇਤਰਾਂ ਵਿੱਚ 6.8 ਫੀਸਦੀ ਹੈ। ਉਨ੍ਹਾਂ ਦਾਅਵਾ ਕੀਤਾ, ‘ਸਾਲ 2021 ਦੇ ਪਹਿਲੇ 6 ਮਹੀਨਿਆਂ ‘ਚ 2.5 ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖੁੱਸੀਆਂ ਹਨ, ਜਦਕਿ 7.5 ਕਰੋੜ ਨਾਗਰਿਕ ਵੱਖਰੇ ਤੌਰ ‘ਤੇ ਗਰੀਬੀ ਦੀ ਮਾਰ ਝੱਲ ਰਹੇ ਹਨ ਅਤੇ 10 ਕਰੋੜ ਮੱਧਵਰਗੀ ਨਾਗਰਿਕਾਂ ਦੀ ਆਮਦਨ ਅੱਧੀ ਰਹਿ ਗਈ ਹੈ।’ ਅਸਾਮ ਕਾਂਗਰਸ ਦੇ ਸਾਬਕਾ ਮੁਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਅਤੇ ਜੀਐੱਸਟੀ ਦੇ ਲਏ ਗਏ ਗਲਤ ਫ਼ੈਸਲਿਆਂ ਦੇ ਨਤੀਜੇ ਵਜੋਂ 50 ਲੱਖ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਜਦਕਿ ਕਰੋਨਾ ਮਹਾਮਾਰੀ ਦੌਰਾਨ ਗ਼ੈਰ-ਯੋਜਨਾਬੱਧ ਲੰਬੀ ਮਿਆਦ ਦੀ ਤਾਲਾਬੰਦੀ ਕਾਰਨ ਦੋ ਕਰੋੜ ਲੋਕ ਬੇਰੁਜ਼ਗਾਰ ਹੋ ਗਏ।’ ਉਨ੍ਹਾਂ ਦਾਅਵਾ ਕੀਤਾ ਕਿ ਆਰਟੀਆਈ ਰਾਹੀਂ ਇਕੱਤਰ ਤੱਥਾਂ/ਅੰਕੜਿਆਂ ਮੁਤਾਬਕ 2014 ਵਿੱਚ ਜਨਤਕ ਖੇਤਰ ਦੀਆਂ ਕੰਪਨੀਆਂ ਦੀ ਲਾਭ 88,000 ਕਰੋੜ ਰੁਪਏ ਸੀ ਜੋ ਕਿ 2021 ਵਿੱਚ ਘਟ ਕੇ 26,104 ਕਰੋੜ ਰਹਿ ਗਿਆ ਹੈ, ਜੋ ਦੇਸ਼ ਦੀ ਆਰਥਿਕਤਾ ਦੇ ਨਿਘਾਰ ਦੇ ਮਾੜੇ ਸੰਕੇਤ ਹਨ। ਬੋਰਾ ਕਿਹਾ ਕਿ ਆਲਮੀ ਭੁੱਖਮਰੀ ਇੰਡੈਕਸ ‘ਚ ਵੀ ਭਾਰਤ ਨੂੰ 107 ਮੁਲਕਾਂ ‘ਚ ਵਿਚੋਂ 94ਵਾਂ ਸਥਾਨ ਮਿਲਿਆ ਹੈ ਜਦਕਿ ਨੇਪਾਲ 73ਵੇਂ, ਪਾਕਿਸਤਾਨ 88ਵੇਂ ਅਤੇ ਬੰਗਲਾਦੇਸ਼ 75ਵੇਂ ਸਥਾਨ ‘ਤੇ ਹਨ। -ਪੀਟੀਆਈ

News Source link