ਦਰਸ਼ਨ ਸਿੰਘ ਸੋਢੀ

ਮੁਹਾਲੀ, 9 ਸਤੰਬਰ

ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਪ੍ਰਸਤਾਵਿਤ ਕੌਮੀ ਮਾਰਗ ਲਈ 60 ਪਿੰਡਾਂ ਦੀ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਭਾਅ ਘੱਟ ਦੇਣ ਦਾ ਮਾਮਲਾ ਭਖ਼ ਗਿਆ ਹੈ। ਅੱਜ ਰੋਡ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ਮੁਹਾਲੀ ਵਿਖੇ ਡੀਸੀ ਦਫਤਰ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਡ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਕਿਸਾਨ ਆਗੂ ਗੁਰਨਾਮ ਸਿੰਘ ਦਾਊਂ, ਕੁਲਵੰਤ ਸਿੰਘ ਤ੍ਰਿਪੜੀ, ਨਛੱਤਰ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਕੋਆਰਡੀਨੇਟਰ ਹਰਮਨਪ੍ਰੀਤ ਸਿੰਘ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਦੀਪ ਸਿੰਘ ਝਿੰਗੜਾ, ਗੁਰਦਿਆਲ ਸਿੰਘ ਬੁੱਟਰ, ਮੀਤ ਪ੍ਰਧਾਨ ਚਰਨਜੀਤ ਸਿੰਘ ਸਿੰਬਲ ਮਾਜਰਾ, ਬਲਜਿੰਦਰ ਸਿੰਘ ਸੇਖੋਪੁਰ ਅਤੇ ਕਿਸਾਨਾਂ ਨੇ ਸਰਕਾਰੀ ਅਵਾਰਡ ਨੂੰ ਰੱਦ ਕਰਦਿਆਂ ਐਲਾਨ ਕੀਤਾ ਕਿ ਉਹ ਕੌਡੀਆਂ ਦੇ ਭਾਅ ਆਪਣੀ ਉਪਜਾਊ ਜ਼ਮੀਨ ਦਾ ਟੁਕੜਾ ਵੀ ਸਰਕਾਰ ਨੂੰ ਨਹੀਂ ਦੇਣਗੇ। ਜੇ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ। ਬੁਲਾਰਿਆਂ ਨੇ ਕਿਹਾ ਕਿ ਜ਼ਮੀਨ ਦੀ ਨਿਰਧਾਰਿਤ ਕੀਤੀ ਕੀਮਤ ਨੂੰ ਮਾਰਕੀਟ ਕੀਮਤ ਨਾਲੋਂ ਛੇ ਗੁਣਾ ਘੱਟ ਦੱਸਦਿਆਂ ਸੁਣਾਏ ਗਏ ਐਵਾਰਡ ਮੁੱਢੋਂ ਰੱਦ ਕਰਦਿਆਂ ਮੰਗ ਕੀਤੀ ਕਿ ਸੈਕਸ਼ਨ 28 ਅਧੀਨ ਨਵੇਂ ਸਿਰਿਓਂ ਐਵਾਰਡ ਸੁਣਾਏ ਜਾਣ। ਕਿਸਾਨਾਂ ਨੇ ਕਿਹਾ ਕਿ ਮੁਹਾਲੀ ਦੀਆਂ ਕੁਰਾਲੀ, ਖਰੜ, ਬਨੂੜ, ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ਨਗਰ ਕੌਂਸਲਾਂ ਦੇ ਘੇਰੇ ਵਿੱਚ ਹਨ। ਇਨ੍ਹਾਂ ਜ਼ਮੀਨਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਜ਼ਮੀਨ ਦੇ ਅੱਧ ਵਿਚਕਾਰੋਂ ਸੜਕ ਲੰਘਣ ਕਾਰਨ ਦੋ ਹਿੱਸਿਆਂ ਵਿੱਚ ਵੰਡੀ ਜ਼ਮੀਨ ਲਈ ਯੋਗ ਰਾਹ, ਬਰਸਾਤੀ ਪਾਣੀ ਦਾ ਨਿਕਾਸ, ਸਿੰਜਾਈ ਲਈ ਪਾਣੀ ਦੀ ਨਿਕਾਸੀ, ਸੜਕ ਦੇ ਨਾਲ 18 ਫੁੱਟ ਸਰਵਿਸ ਰੋਡ ਯਕੀਨੀ ਬਣਾਈ ਜਾਵੇ, ਟਿਊਬਵੈੱਲ, ਪਾਈਪਲਾਈਨਾਂ, ਕਮਰਿਆਂ ਅਤੇ ਹਰੇ ਭਰੇ ਦਰੱਖਤਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਸੋਨੀਆ ਮਾਨ ਨੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਐੱਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੋਲਾਂ, ਜਸਪਾਲ ਸਿੰਘ ਨਿਆਮੀਆਂ, ਆਪ ਆਗੂ ਅਨਮੋਲ ਗਨ ਮਾਨ, ਗੁਰਿੰਦਰ ਸਿੰਘ ਕੈਰੋਂ, ਹਰਜੀਤ ਸਿੰਘ ਬੰਟੀ, ਰਵਿੰਦਰ ਸਿੰਘ ਵਜੀਦਪੁਰ, ਰਵਿੰਦਰ ਸਿੰਘ ਦੇਹਕਲਾਂ, ਗੁਰਮੀਤ ਸਿੰਘ ਸੋਹਾਣਾ, ਰਣਬੀਰ ਸਿੰਘ ਗਰੇਵਾਲ, ਜਸਵਿੰਦਰ ਸਿੰਘ ਵਿਰਕ ਹਾਜ਼ਰ ਸਨ।

News Source link