ਕੋਲਕਾਤਾ, 8 ਸਤੰਬਰ
ਪੱਛਮੀ ਬੰਗਾਲ ਦੇ 24 ਪਰਗਨਾ ਇਲਾਕੇ ਵਿੱਚ ਅੱਜ ਤੜਕੇ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੀ ਰਿਹਾਇਸ਼ ‘ਤੇ ਤਿੰਨ ਬੰਬ ਸੁੱਟੇ ਗਏ ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਧਮਾਕਿਆਂ ਕਾਰਨ ਘਰ ਦਾ ਗੇਟ ਨੁਕਸਾਨਿਆ ਗਿਆ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਨੀ ਸ਼ੁਰੂ ਕਰ ਦਿੱਤੀ ਹੈ ਤੇ ਚਸ਼ਮਦੀਦਾਂ ਦੇ ਸਥਾਨਕ ਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਸੰਸਦ ਮੈਂਬਰ ਅਰਜੁਨ ਸਿੰਘ ਦਿੱਲੀ ਵਿੱਚ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਦੇ ਕਾਰਕੁਨਾਂ ਨੇ ਉਸ ਦੀ ਭਾਟਪਾਰਾ ਸਥਿਤ ਰਿਹਾਇਸ਼ ‘ਤੇ ਇਹ ਹਮਲਾ ਕੀਤਾ ਹੈ ਕਿਉਂਕਿ ਭਾਜਪਾ ਨੇ ਉਨ੍ਹਾਂ ਨੂੰ ਭਬਾਨੀਪੁਰ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਵਾਸਤੇ ਆਬਜ਼ਰਵਰ ਨਿਯੁਕਤ ਕੀਤਾ ਹੈ। ਇਸੇ ਦੌਰਾਨ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਇਸ ਹਿੰਸਕ ਘਟਨਾ ਦੀ ਆਲੋਚਨਾ ਕੀਤੀ ਹੈ। -ਪੀਟੀਆਈ