ਦਰਸ਼ਨ ਸਿੰਘ ਸੋਢੀ

ਮੁਹਾਲੀ, 4 ਸਤੰਬਰ

ਪੰਜਾਬ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਤਾਇਨਾਤ ਹੌਲਦਾਰ ਵਰੁਣ ਕਪੂਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਕਰ ਲਿਆ ਹੈ। ਇਸ ਵਾਰਦਾਤ ਦੇ ਤਾਰ ਸਾਬਕਾ ਡੀਜੀਪੀ ਸੁਮੇਧ ਸੈਣੀ ਕੇਸ ਨਾਲ ਜੋੜੇ ਜਾ ਰਹੇ ਹਨ। ਪੀੜਤ ਵਰੁਣ ਕਪੂਰ, ਸੈਣੀ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਜੁਟਾਉਣ ਦੇ ਮਾਮਲੇ ਦੀ ਪੜਤਾਲ ਕਰ ਰਹੇ ਵਿਜੀਲੈਂਸ ਦੇ ਜਾਂਚ ਅਧਿਕਾਰੀ ਦੀ ਟੀਮ ਵਿੱਚ ਸ਼ਾਮਲ ਹੈ। ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਘਟਨਾ 2 ਸਤੰਬਰ ਨੂੰ ਦੇਰ ਰਾਤ ਦੀ ਹੈ। ਵਰੁਣ ਕਪੂਰ2 ਸਤੰਬਰ ਨੂੰ ਰਾਤ 8 ਵਜੇ ਡਿਊਟੀ ਤੋਂ ਬਾਅਦ ਵਾਇਆ ਚੱਪੜਚਿੜੀ ਆਪਣੇ ਘਰ ਲਾਂਡਰਾਂ ਰੋਡ ਸਥਿਤ ਰਿਹਾਇਸ਼ੀ ਸੁਸਾਇਟੀ ਵਿੱਚ ਜਾ ਰਿਹਾ ਸੀ, ਜਦੋਂ ਉਹ ਚੱਪੜਚਿੜੀ ਨੇੜੇ ਪੁੱਜਾ ਤਾਂ ਇਸ ਦੌਰਾਨ ਅਚਾਨਕ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਰਸਤਾ ਪੁੱਛਣ ਲੱਗ ਪਏ। ਜਿਵੇਂ ਹੀ ਉਸ ਨੇ ਆਪਣੀ ਕਾਰ ਰੋਕ ਕੇ ਤਾਕੀ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਫੜ ਕੇ ਬਾਹਰ ਕੱਢ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ। ਏਨੇ ਵਿੱਚ 8-10 ਹੋਰ ਵਿਅਕਤੀ ਡੰਡੇ ਅਤੇ ਰਾਡਾਂ ਲੈ ਕੇ ਆਉਂਦੇ ਦਿਖਾਈ ਤਾਂ ਉਹ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਉਣ ਲਈ ਕਾਰ ਵਿੱਚ ਬੈਠ ਕੇ ਨਿਕਲ ਗਿਆ। ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਸੀ। ਘਰ ਪੁੱਜਣ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਕਪੂਰ ਦੀ ਜਾਣਕਾਰੀ ਅਨੁਸਾਰ ਹਮਲਾਵਰਾਂ ਵਾਰ ਵਾਰ ਇਹ ਕਹਿ ਰਹੇ ਸੀ ਉਸ ਨੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਸਬੰਧੀ ਸੀਸੀਟੀਵੀ ਕੈਮਰੇ ਦੀ ਫੁਟੇਜ ਵਾਇਰਲ ਕਿਉਂ ਕੀਤੀ ਗਈ ਤੈਨੂੰ ਦੱਸਦੇ ਹਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਕਿਵੇਂ ਵਾਇਰਲ ਕੀਤੀ ਜਾਂਦੀ ਹੈ। ਬਲੌਂਗੀ ਥਾਣਾ ਦੇ ਐੱਸਐੱਚਓ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਪੀੜਤ ਵਰੁਣ ਕਪੂਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਹਮਲਾਵਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

News Source link