ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 3 ਸਤੰਬਰ

ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਮੱਦੇਨਜ਼ਰ ਅੱਜ ਸਰਕਾਰੀ ਕਾਲਜ ਬਚਾਓ ਮੰਚ ਪੰਜਾਬ ਦੇ ਵਫਦ ਵੱਲੋੰ ਚੰਡੀਗੜ੍ਹ ਦੇ ਮਟਕਾ ਚੌਕ ਵਿੱਚ ਰੋਸ ਪ੍ਰਗਟ ਕੀਤਾ ਗਿਆ ਤੇ ਪੰਜਾਬ ਸਰਕਾਰ ਤੇ ਵਿਧਾਨ ਸਭਾ ਨੂੰ ਮੰਗ ਪੱਤਰ ਭੇਜਿਆ ਗਿਆ। ਮੁੱਖ ਮੰਤਰੀ ਦੇ ਓਐੱਸਡੀ ਸੰਦੀਪ ਬਰਾੜ ਵੱਲੋਂ ਮੰਚ ਤੋਂ ਮੰਗ ਪੱਤਰ ਲਿਆ ਗਿਆ। ਇਸ ਦੇ ਨਾਲ ਹੀ ਮੰਚ ਦਾ ਵਫ਼ਦ ਵਿਧਾਨ ਸਭਾ ਅੰਦਰ ਅਕਾਲੀ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਿਆ ਤੇ ਮੰਚ ਦੀਆਂ ਮੰਗਾਂ ਵਿਧਾਨ ਸਭਾ ਵਿੱਚ ਉਠਾਉਣ ਦੀ ਅਪੀਲ ਕੀਤੀ।

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੰਚ ਪੰਜਾਬ ਦੇ ਆਗੂਆਂ ਮਨਪ੍ਰੀਤ ਜੱਸ, ਬਲਵਿੰਦਰ ਸਿੰਘ ਚਾਹਲ ਅਤੇ ਡਾ. ਰਵੀਦਿੱਤ ਨੇ ਕਿਹਾ ਕਿ ਲੰਮੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਬਣੇ ਸਰਕਾਰੀ ਕਾਲਜਾਂ, ਯੂਨੀਵਰਸਿਟੀਆਂ ਤੇ ਕਾਂਸਟੀਚਿਊਐਂਟ ਕਾਲਜਾਂ ਨੂੰ ਬਚਾਉਣ ਲਈ ਅੱਗੇ ਆਉਣ ਦਾ ਹੁਣ ਹੀ ਮੌਕਾ ਹੈ। 26 ਸਾਲ ਤੋਂ ਕਾਲਜਾਂ ਦੀ ਬੰਦ ਪਈ ਭਰਤੀ ਬਹਾਲ ਕਰਕੇ ਸਰਕਾਰੀ ਕਾਲਜਾਂ ਦੀਆਂ ਖਾਲ੍ਹੀ ਸਾਰੀਆਂ ਆਸਾਮੀਆਂ ਭਰੀਆਂ ਜਾਣ, ਉਮੀਦਵਾਰਾਂ ਨੂੰ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ, ਪੰਜਾਬ ਅੰਦਰ 50 ਨਵੇਂ ਸਰਕਾਰੀ ਕਾਲਜ ਖੋਲ੍ਹਣ ਦਾ ਚੋਣ ਵਾਅਦਾ ਪੂਰਾ ਕੀਤਾ ਜਾਵੇ ਤੇ ਕਾਲਜਾਂ ਵਿੱਚ ਨਵੀਆਂ ਅਸਾਮੀਆਂ ਰੈਗੂਲਰ ਤੌਰ ‘ਤੇ ਭਰੀਆਂ ਜਾਣ। ਮੰਚ ਦਾ ਵਫ਼ਦ ਅਕਾਲੀ ਵਿਧਾਇਕ ਤੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਮਿਲਿਆ।

ਇਸ ਮੌਕੇ ਮੰਚ ਦੇ ਆਗੂ ਸੰਦੀਪ ਕੁਮਾਰ, ਕਰਮਜੀਤ ਸਿੰਘ ਵੜੈਚ, ਗੁਰਸੇਵਕ ਸਿੰਘ ਸੇਬੀ,ਹਰਪ੍ਰੀਤ ਸਿੰਘ, ਰਸ਼ਪਿੰਦਰ ਸਿੰਘ ਜਿੰਮੀ, ਸੰਦੀਪ ਕੌਰ, ਅਮਨਦੀਪ ਕੌਰ, ਜਗਜੀਤ ਸਿੰਘ, ਗੁਰਦੇਵ ਸਿੰਘ,ਬਲਵੀਰ ਸਿੰਘ, ਮਨਪ੍ਰੀਤ ਸਿੰਘ ਤੇ ਜਗਵਿੰਦਰ ਸਿੰਘ ਹਾਜ਼ਰ ਸਨ।

News Source link