ਨਵੀਂ ਦਿੱਲੀ, 3 ਸਤੰਬਰ

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਧਾਨ ਸਭਾ ਅਗਲੇ ਸਾਲ ਬਰਤਾਨਵੀ ਯੁੱਗ ਦੀ ਸੁਰੰਗ ਅਤੇ ਫਾਂਸੀ ਘਰ ਆਮ ਲੋਕਾਂ ਲਈ ਖੋਲ੍ਹ ਦੇਵੇਗੀ। ਉਨ੍ਹਾਂ ਕਿਹਾ ਕਿ ਸੁਰੰਗ ਅਤੇ ਫਾਂਸੀ ਘਰ ਦੋਵੇਂ ਹੀ ਬਰਤਾਨਵੀ ਵਸਤੂਕਲਾ ਮੁਤਾਬਕ ਬਣੇ ਹਨ। ਸ੍ਰੀ ਗੋਇਲ ਨੇ ਕਿਹਾ, ‘ਅਸੀਂ ਅਗਲੇ ਸਾਲ 26 ਜਨਵਰੀ ਤੱਕ ਜਾਂ ਵੱਧ ਤੋਂ ਵੱਧ 15 ਅਗਸਤ ਤੱਕ ਬਰਤਾਨਵੀ ਯੁੱਗ ਦੇ ਕ੍ਰਾਂਤੀਕਾਰੀਆਂ ਲਈ ਫਾਹੇ ਲਾਉਣ ਬਣੇ ਫ਼ਾਂਸੀ ਘਰ ਅਤੇ ਸੁਰੰਗ ਨੂੰ ਆਮ ਲੋਕਾਂ ਲਈ ਖੋਲ੍ਹ ਦੇਵਾਂਗੇ।’ ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲਦਾ ਹੋਇਆ ਕਰੇਗਾ, ਉਸ ਸਮੇਂ ਦੌਰਾਨ ਲੋਕਾਂ ਨੂੰ ਇਹ ਥਾਵਾਂ ਦੇਖਣ ਦੀ ਆਗਿਆ ਹੋਵੇਗੀ।’ ਗੋਇਲ ਨੇ ਕਿਹਾ ਦਿੱਲੀ ਵਿਧਾਨ ਸਭਾ ਦੀ ਜ਼ਮੀਨ ਹੇਠਾਂ ਇਸ ਸੁਰੰਗ ਦਾ ਪਤਾ 2016 ‘ਚ ਲੱਗਿਆ ਸੀ। ਉਨ੍ਹਾਂ ਕਿਹਾ ਕਿ ਸੁਰੰਗ ਦੇ ਇਤਿਹਾਸਕ ਮਹੱਤਵ ਹਾਲੇ ਪਤਾ ਨਹੀਂ ਲੱਗਿਆ ਹੈ ਪਰ ਮੰਨਿਆ ਜਾਂਦਾ ਹੈ ਕਿ ਇਹ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨਾਲ ਜੋੜਦੀ ਹੈ। ਦਿੱਲੀ ਵਿਧਾਨ ਸਭਾ ਅਤੇ ਲਾਲ ਕਿਲ੍ਹੇ ਵਿਚਾਲੇ 5 ਤੋਂ 6 ਕਿਲੋਮੀਟਰ ਦੀ ਦੂਰੀ ਹੈ। ਗੋਇਲ ਨੇ ਕਿਹਾ, ‘ਅਸੀਂ ਸੁਰੰਗ ਦਾ ਨਵੀਨੀਕਰਨ ਕਰਨ ਜਾਂ ਇਸ ਖੁਦਾਈ ਨਹੀਂ ਕਰਾਂਗੇ, ਕਿਉਂਕਿ ਅਜਿਹਾ ਸੰਭਵ ਨਹੀ ਹੈ। ਇਸ ਕਾਰਨ ਮੈਟਰੋ ਰੇਲ ਵਰਗੀਆਂ ਕਈ ਸਰਗਰਮੀਆਂ ‘ਚ ਵਿਘਨ ਪਵੇਗਾ। ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਰੱਖਾਂਗੇ।’ ਉਨ੍ਹਾਂ ਕਿਹਾ ਕਿ ਫਾਂਸੀ ਘਰ ਦੀ ਨਵੀਨੀਕਰਨ ਯੋਜਨਾ ‘ਤੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਟੈਂਡਰ ਮੰਗੇ ਗਏ ਹਨ ਅਤੇ ਪੀਡਬਲਿਊਡੀ ਜਲਦੀ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ। ਜ਼ਿਕਰਯੋਗ ਹੈ ਦਿੱਲੀ ਵਿਧਾਨ ਸਭਾ ਭਵਨ 1911 ‘ਚ ਤਿਆਰ ਹੋਇਆ ਸੀ। ਸਾਲ 1912 ‘ਚ ਜਦੋਂ ਰਾਜਧਾਨੀ ਨੂੰ ਕੋਲਕਾਤਾ ਤੋਂ ਦਿੱਲੀ ਤਬਦੀਲ ਕੀਤਾ ਗਿਆ ਤਾਂ ਇਸ ਭਵਨ ਨੂੰ ਕੇਂਦਰੀ ਵਿਧਾਨ ਸਭਾ ਵਜੋਂ ਵਰਤਿਆ ਗਿਆ ਸੀ। ਲਾਲ ਕਿਲ੍ਹੇ ਦਾ ਨਿਰਮਾਣ 17ਵੀਂ ਸਦੀ ‘ਚ ਮੁਗਲ ਰਾਜੇ ਸ਼ਾਹਜਹਾਂ ਨੇ ਕਰਵਾਇਆ ਸੀ। -ਏਜੰਸੀ

News Source link