ਸੰਜੀਵ ਹਾਂਡਾ
ਫ਼ਿਰੋਜ਼ਪੁਰ, 2 ਸਤੰਬਰ

ਫ਼ਿਰੋਜ਼ਪੁਰ ‘ਚ ਬੀਐੱਸਐੱਫ ਦੇ ਜਵਾਨਾਂ ਨੇ ਅੱਜ ਤੜਕਸਾਰ ਸਰਹੱਦ ‘ਤੇ ਗੋਲੀਬਾਰੀ ਮਗਰੋਂ ਪਾਕਿਸਤਾਨੀ ਨਸ਼ਾ ਤਸਕਰ ਨੂੰ ਦੋ ਪੈਕੇਟ ਹੈਰੋਇਨ ਸਣੇ ਕਾਬੂ ਕੀਤਾ ਹੈ। ਤਸਕਰ ਦੀ ਪਛਾਣ ਇਰਸ਼ਾਦ ਖ਼ਾਨ ਵਜੋਂ ਹੋਈ ਹੈ। ਫੜੇ ਜਾਣ ਤੋਂ ਪਹਿਲਾਂ ਇਹ ਤਸਕਰ ਬੀਐੱਸਐੱਫ਼ ਦੇ ਜਵਾਨਾਂ ਵੱਲੋਂ ਚਲਾਈ ਗੋਲੀ ਨਾਲ ਜ਼ਖ਼ਮੀ ਹੋ ਗਿਆ। ਗੋਲੀ ਉਸ ਦੇ ਪੱਟ ਵਿਚ ਵੱਜੀ ਹੈ ਤੇ ਉਸ ਨੂੰ ਇਲਾਜ ਵਾਸਤੇ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦੇ ਦੋ ਸਾਥੀ ਵਾਪਸ ਭੱਜਣ ਵਿਚ ਕਾਮਯਾਬ ਹੋ ਗਏ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੜਕਸਾਰ ਜਦੋਂ ਉਨ੍ਹਾਂ ਦੇ ਜਵਾਨ ਸਤਪਾਲ ਚੌਕੀ ਦੇ ਨਜ਼ਦੀਕ ਗਸ਼ਤ ਕਰ ਰਹੇ ਸਨ ਤਾਂ ਸਰਹੱਦ ਦੇ ਨਾਲ ਕੁਝ ਹਲਚਲ ਵਿਖਾਈ ਦਿੱਤੀ। ਜਵਾਨਾਂ ਨੇ ਦੇਖਿਆ ਕਿ ਤਿੰਨ ਪਾਕਿਸਤਾਨੀ ਭਾਰਤ ਦੀ ਹੱਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਵਾਸਤੇ ਕਿਹਾ ਪਰ ਜਦੋਂ ਉਹ ਨਾ ਰੁਕੇ ਤਾਂ ਜਵਾਨਾਂ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਇੱਕ ਪਾਕਿਸਤਾਨੀ ਗੋਲੀ ਵੱਜਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਦੋ ਸਾਥੀ ਵਾਪਸ ਭੱਜਣ ਵਿਚ ਕਾਮਯਾਬ ਹੋ ਗਏ। ਜਵਾਨਾਂ ਨੇ ਜਦੋਂ ਘਟਨਾ ਵਾਲੀ ਸਥਾਨ ਦੀ ਤਲਾਸ਼ੀ ਲਈ ਤਾਂ ਦੋ ਪੈਕੇਟ ਹੈਰੋਇਨ ਬਰਾਮਦ ਹੋਈ।

News Source link