ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 2 ਸਤੰਬਰ

ਕਾਂਗਰਸੀ ਆਗੂ ਅਸ਼ਵਨੀ ਕੁਮਾਰ ਨੇ ਚੇਨਈ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ, ਜੋ ਕਿ ਦੇਸ਼ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ, ਮੋਦੀ ਸਰਕਾਰ ਦੀ ਕੌਮੀ ਮੁਦਰਾ ਯੋਜਨਾ ਦੀ ਆਲੋਚਨਾ ਕਰਦੀ ਹੈ ਜਿਸ ਤਹਿਤ ਪਿਛਲੇ 67 ਸਾਲਾਂ ਵਿੱਚ ਜਮ੍ਹਾਂ 6 ਲੱਖ ਕਰੋੜ ਰੁਪਏ ਦੇ ਆਰਥਿਕ ਵਸੀਲਿਆਂ ਨੂੰ ਭੰਗ ਦੇ ਭਾੜੇ ਵੱਡੇ ਪ੍ਰਾਈਵੇਟ ਘਰਾਣਿਆਂ ਨੂੰ ਵੇਚਣ ‘ਤੇ ਸਰਕਾਰ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਯੋਜਨਾ ਹੈ ਕਿ ਟੈਕਸਾਂ ਦਾ ਭੁਗਤਾਨ ਕਰਨ ਵਾਲੇ ਲੋਕਾਂ ਦਾ ਪੈਸਾ ਕੁਝ ਸਰਮਾਏਦਾਰਾਂ ਦੇ ਹਵਾਲੇ ਕਰ ਦਿੱਤਾ ਜਾਵੇ। ਇਸ ਨਾਲ ਦੇਸ਼ ਦੀ ਆਰਥਿਕ ਤਾਕਤ ਇਨ੍ਹਾਂ ਸਰਮਾਏਦਾਰਾਂ ਦੇ ਹੱਥਾਂ ਵਿੱਚ ਆ ਜਾਵੇਗੀ। ਇਸ ਨਾਲ ਆਉਣ ਵਾਲੇ 30 ਤੋਂ 50 ਸਾਲਾਂ ਤੱਕ ਪਬਲਿਕ ਰੈਵੀਨਿਊ ਨੂੰ ਵੱਡਾ ਘਾਟਾ ਪਏਗਾ। ਇਸੇ ਦੌਰਾਨ ਇਨ੍ਹਾਂ ਸਰਮਾਏਦਾਰਾਂ ਦੇ ਵੱਡੇ ਪ੍ਰਾਜੈਕਟਾਂ ਲਈ ਪਬਲਿਕ ਸੈਕਟਰ ਬੈਕਾਂ ਤੋਂ ਕਰਜ਼ਾ ਲਿਆ ਜਾਵੇਗਾ ਅਤੇ ਇਨ੍ਹਾਂ ਪ੍ਰਾਜੈਕਟਾਂ ਤੋਂ ਹੋਣ ਵਾਲਾ ਮੁਨਾਫਾ ਵੀ ਇਨ੍ਹਾਂ ਪ੍ਰਾਈਵੇਟ ਘਰਾਣਿਆਂ ਕੋਲ ਹੀ ਜਾਵੇਗਾ। ਸਰਕਾਰ ਦੀ ਇਸ ਯੋਜਨਾ ਨਾਲ ਨੌਕਰੀਆਂ ਦੇ ਖੇਤਰ ਵਿੱਚ ਵੀ ਅਨਿਸ਼ਚਿਤਤਾ ਦਾ ਮਾਹੌਲ ਵਧੇਗਾ ਤੇ ਨੌਕਰੀਆਂ ਦੇ ਖੇਤਰ ਵਿੱਚ ਲਾਗੂ ਕੀਤੀ ਰਾਖਵਾਂਕਰਨ ਨੀਤੀ ਵੀ ਅਰਥਹੀਣ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਵੇਲੇ ਸਬੰਧਤ ਧਿਰਾਂ ਨਾਲ ਚਰਚਾ ਨਹੀਂ ਕੀਤੀ ਗਈ ਜਿਸ ਕਾਰਨ ਇਹ ਯੋਜਨਾ ਸਰਕਾਰ ਵੱਲੋਂ ਤਾਕਤ ਦੀ ਕੀਤੀ ਗਈ ਦੁਰਵਰਤੋਂ ਨੂੰ ਦਰਸਾਉਂਦੀ ਹੈ ਤੇ ਇਹ ਯੋਜਨਾ ਦੇਸ਼ ਵਾਸੀਆਂ ਨਾਲ ਇਕ ਧੋਖਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਦੋਂ ਜਨ ਸਹੂਲਤਾਂ ਸਬੰਧੀ ਸਰਵਿਸਾਂ ਬਾਰੇ ਪ੍ਰਾਈਵੇਟ ਘਰਾਣਿਆਂ ਨਾਲ ਸਮਧੋਤਾ ਕੀਤਾ ਜਾਵੇਗਾ ਤਾਂ ਇਹ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ।

News Source link