ਚਰਨਜੀਤ ਭੁੱਲਰ

ਚੰਡੀਗੜ੍ਹ, 1 ਸਤੰਬਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ‘ਇਨੋਵੇਸ਼ਨ ਮਿਸ਼ਨ ਪੰਜਾਬ’ (ਆਈਐੱਮ ਪੰਜਾਬ) ਦੀ ਸ਼ੁਰੂਆਤ ਕੀਤੀ ਜੋ ਕਿ ਪੀਪੀਪੀ (ਜਨਤਕ ਨਿੱਜੀ ਭਾਈਵਾਲੀ) ‘ਤੇ ਆਧਾਰਿਤ ਹੋਵੇਗਾ। ਮੁੱਖ ਮੰਤਰੀ ਨੇ ਵਰਚੁਅਲ ਤੌਰ ‘ਤੇ ਇਸ ਸਮਾਗਮ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਇਸ ਮਿਸ਼ਨ ਨਾਲ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਅਤੇ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੇ ਨਾਲ ਨਾਲ ਸੂਬੇ ਵਿੱਚ ਨਿਵੇਸ਼ ਵੀ ਵਧੇਗਾ। ਉਨ੍ਹਾਂ ਕਿਹਾ ਕਿ ਮਿਸ਼ਨ ਤਹਿਤ ਬਾਜ਼ਾਰ ਤੱਕ ਪਹੁੰਚ ਬਣਾਉਣ, ਨਿਵੇਸ਼ ਲਈ ਭਾਈਵਾਲ ਤਲਾਸ਼ ਕਰਨ ਅਤੇ ਸਟਾਰਟ ਅੱਪਸ ਸ਼ੁਰੂ ਕਰਨ ਸਬੰਧੀ ਜਾਣਕਾਰੀ ਦੇਣ ਲਈ ਹੰਭਲੇ ਮਾਰੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਉੱਦਮ ਵਿੱਚ ਵਿਦੇਸ਼ਾਂ ‘ਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੀ ਹਿੱਸੇਦਾਰ ਬਣਾਇਆ ਜਾਵੇਗਾ । ਇਸ ਮੌਕੇ ਵੱਡੇ ਪੱਧਰ ‘ਤੇ ‘ਆਈਡੀਆਥੌਨ’ (ਵਿਚਾਰ ਚਰਚਾ) ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ, ਜਿਸ ਵਿੱਚ ਸੂਬੇ ਭਰ ਤੋਂ ਵਿਦਿਆਰਥੀ, ਨੌਜਵਾਨ ਕਿੱਤਾ ਮਾਹਿਰ, ਉੱਭਰਦੇ ਉੱਦਮੀ ਹਿੱਸਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 450 ਸਟਾਰਟ ਅੱਪਸ ਅਤੇ 20 ਤੋਂ ਵੱਧ ਇਨਕਿਊਬੇਟਰ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਖੇਤੀਬਾੜੀ, ਉਦਯੋਗ ਤੇ ਵਣਜ ਵਿਭਾਗ, ਮੰਡੀ ਬੋਰਡ ਅਤੇ ਸਟਾਰਟ ਅੱਪ ਪੰਜਾਬ ਵੱਲੋਂ ਪਹਿਲੇ ਤਿੰਨ ਵਰ੍ਹਿਆਂ ਲਈ ਚਾਲੂ ਖਰਚਿਆਂ ਵਜੋਂ ਨਕਦ ਅਤੇ ਹੋਰ ਵਸਤਾਂ ਦੇ ਰੂਪ ਵਿੱਚ 30 ਕਰੋੜ ਰੁਪਏ ਤੋਂ ਵੱਧ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕਾਲਕਟ ਭਵਨ ਵਿੱਚ 12000 ਸਕੁਏਅਰ ਫੁੱਟ ਦੀ ਥਾਂ 10 ਵਰ੍ਹਿਆਂ ਲਈ ਬਿਨਾਂ ਕਿਰਾਏ ਤੋਂ ਪਟੇ ‘ਤੇ ਦੇ ਕੇ ਸੂਬੇ ਵਿਚਲੇ ਸਟਾਰਟ ਅੱਪਸ ਦੀ ਮਦਦ ਕੀਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਕਾਰਪਸ (ਕੋਸ਼) ਵਿੱਚੋਂ 10 ਫ਼ੀਸਦੀ ਹਿੱਸਾ ਅਤੇ 10 ਕਰੋੜ ਰੁਪਏ ਤੱਕ ਦੀ ਗਾਰੰਟੀ ਮੁੱਢਲੇ ਦੌਰ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਮੁਹੱਈਆ ਕੀਤੀ ਜਾਵੇਗੀ। ਅਰਥਸ਼ਾਸਤਰੀ ਮੌਂਟੇਕ ਸਿੰਘ ਆਹਲੂਵਾਲੀਆ ਨੇ ਸਟਾਰਟ ਅੱਪਸ ਖੇਤਰ ਵਿੱਚ ਨਿਵੇਕਲੀਆਂ ਪੇਸ਼ਕਦਮੀਆਂ ਕੀਤੇ ਜਾਣ ਨੂੰ ਬੇਹੱਦ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਇਹ ਇਨੋਵੇਸ਼ਨ ਮਿਸ਼ਨ ਅਸਲ ਵਿੱਚ ਉਦੋਂ ਰਫ਼ਤਾਰ ਫੜੇਗਾ, ਜਦੋਂ ਕੋਵਿਡ ਦਾ ਅਸਰ ਮੱਧਮ ਪੈਣ ਪਿੱਛੋਂ ਸਥਿਤੀ ਆਮ ਵਰਗੀ ਹੋਵੇਗੀ।

ਪੰਜਾਬ ਦੇ ਉਭਰਨ ਦਾ ਸਮਾਂ ਆਇਆ: ਵਿਨੀ ਮਹਾਜਨ

ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸਟਾਰਟ ਅੱਪ ਖੇਤਰ ਨਵਾਂ ਖੇਤਰ ਹੈ ਅਤੇ ਪੰਜਾਬ ਦੇ ਉੱਭਰਨ ਦਾ ਸਮਾਂ ਆ ਚੁੱਕਾ ਹੈ। ਜੈਨਪੈਕਟ ਅਤੇ ਆਸ਼ਾ ਇੰਪੈਕਟ ਦੇ ਬਾਨੀ ਅਤੇ ਪ੍ਰਮੋਦ ਭਸੀਨ ਨੇ ਕਿਹਾ, ‘ਸਟਾਰਟ ਅੱਪਸ ਇਸ ਸਮੇਂ ਉਦਯੋਗਿਕ ਖੇਤਰ ਵਿੱਚ ਅਹਿਮ ਸਥਾਨ ਹਾਸਲ ਕਰ ਚੁੱਕੇ ਹਨ ਅਤੇ ਮੁਹਾਲੀ, ਚੰਡੀਗੜ੍ਹ ਤੇ ਲੁਧਿਆਣਾ ਵਿੱਚ ਸਟਾਰਟ ਅੱਪਸ ਦੇ ਪ੍ਰਮੁੱਖ ਕੇਂਦਰਾਂ ਵਜੋਂ ਉੱਭਰ ਕੇ ਸਾਹਮਣੇ ਆਉਣ ਦੀ ਪ੍ਰਤਿਭਾ ਹੈ।’

News Source link