ਨਵੀਂ ਦਿੱਲੀ, 31 ਅਗਸਤ

ਦੇਸ਼ ਦੀਆਂ ਕੌਮੀ ਪਾਰਟੀਆਂ ਨੇ ਸਾਲ 2019-20 ਦੌਰਾਨ ਅਣਦੱਸੇ ਸਰੋਤਾਂ ਤੋਂ 3377.41 ਕਰੋੜ ਰੁਪਏ ਇਕੱਠੇ ਕੀਤੇ ਜਿਹੜਾ ਇਨ੍ਹਾਂ ਪਾਰਟੀਆਂ ਦੀ ਕੁੱਲ ਆਮਦਨ ਦਾ 70.98 ਫੀਸਦੀ ਹੈ। ਇਹ ਖੁਲਾਸਾ ਪੋਲ ਰਾਈਟ ਗਰੁੱਪ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਵਲੋਂ ਜਾਰੀ ਕੀਤੀ ਨਵੀਂ ਰਿਪੋਰਟ ਵਿਚ ਹੋਇਆ ਹੈ। ਇਸ ਵਿਚ ਸਭ ਤੋਂ ਵੱਧ ਆਮਦਨੀ ਭਾਰਤੀ ਜਨਤਾ ਪਾਰਟੀ ਨੇ ਅਣਦੱਸੇ ਸਰੋਤਾਂ ਤੋਂ ਦਰਸਾਈ ਹੈ। ਭਾਜਪਾ ਨੇ ਇਸ ਸਮੇਂ ਦੀ 2642.63 ਕਰੋੜ ਦੀ ਆਮਦਨੀ ਸਰੋਤਾਂ ਦੇ ਨਾਂ ਤੋਂ ਬਿਨਾਂ ਦਰਸਾਈ ਹੈ ਜੋ ਕੌਮੀ ਪਾਰਟੀਆਂ ਵਲੋਂ ਬਿਨਾਂ ਸਰੋਤਾਂ ਤੋਂ ਦਰਸਾਈ ਆਮਦਨੀ ਦਾ 78.24 ਫੀਸਦੀ ਹੈ। ਇਸ ਤੋਂ ਇਲਾਵਾ ਕਾਂਗਰਸ, ਐਨਸੀਪੀ, ਸੀਪੀਆਈ, ਸੀਪੀਆਈ (ਐਮ), ਟੀਐਮਸੀ ਤੇ ਬੀਐਸਪੀ ਨੇ ਵੀ ਸਰੋਤਾਂ ਦੇ ਨਾਂ ਤੋਂ ਬਿਨਾਂ ਆਮਦਨੀ ਦਰਸਾਈ ਹੈ। ਕਾਂਗਰਸ ਪਾਰਟੀ ਨੇ ਉਸ ਸਾਲ ਦੌਰਾਨ ਅਣਦੱਸੇ ਸਰੋਤਾਂ ਤੋਂ 526 ਕਰੋੜ ਰੁਪਏ ਹਾਸਲ ਕੀਤੇ ਜੋ ਕੌਮੀ ਪਾਰਟੀਆਂ ਦੀ ਆਮਦਨੀ ਦਾ 15.57 ਫੀਸਦੀ ਬਣਦਾ ਹੈ। ਏਡੀਆਰ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਕੌਮੀ ਪਾਰਟੀਆਂ ਨੇ ਸਾਲ 2004-05 ਤੇ 2019-20 ਦੌਰਾਨ 14651.53 ਕਰੋੜ ਰੁਪਏ ਅਣਦੱਸੇ ਸਰੋਤਾਂ ਤੋਂ ਪ੍ਰਾਪਤ ਕੀਤੇ। ਏਡੀਆਰ ਨੇ ਕਿਹਾ ਕਿ ਕਾਂਗਰਸ ਤੇ ਐਨਸੀਪੀ ਦੀ ਕੂਪਨਾਂ ਤੋਂ ਸਾਂਝੀ ਆਮਦਨੀ 2004-05 ਤੇ 2019-20 ਦੌਰਾਨ 4096.725 ਕਰੋੜ ਰੁਪਏ ਸੀ। ਦੱਸਣਯੋਗ ਹੈ ਕਿ ਅਣਦੱਸੇ ਸਰੋਤਾਂ ਤੋਂ ਹਾਸਲ ਆਮਦਨ ਇਨਕਮ ਟੈਕਸ ਰਿਟਰਨ ਵਿਚ ਦਰਸਾਈ ਜਾਂਦੀ ਹੈ ਜਿਸ ਵਿਚ 20 ਹਜ਼ਾਰ ਰੁਪਏ ਤੋਂ ਹੇਠਾਂ ਪ੍ਰਾਪਤ ਹੋਏ ਦਾਨੀ ਦਾ ਨਾਂ ਨਸ਼ਰ ਨਹੀਂ ਕੀਤਾ ਜਾਂਦਾ। ਇਸ ਵਿਚ ਇਲੈਕਟੋਰੋਲ ਬੌਂਡਜ਼, ਸੇਲ ਆਫ ਕੂਪਨ, ਰਿਲੀਫ ਫੰਡ, ਵਾਲੰਟੀਅਰੀ ਕੰਟਰੀਬਿਊਸ਼ਨ ਤੇ ਮੀਟਿੰਗਾਂ ਤੇ ਮੋਰਚਿਆਂ ਤੋਂ ਕੀਤੀ ਉਗਰਾਹੀ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਏਡੀਆਰ ਨੇ ਸੁਝਾਅ ਦਿੱਤਾ ਹੈ ਕਿ ਇਨ੍ਹਾਂ ਕੌਮੀ ਪਾਰਟੀਆਂ ਦਾ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਸਾਲਾਨਾ ਮੁਲਾਂਕਣ ਕਰਵਾਇਆ ਜਾਵੇ ਤਾਂ ਕਿ ਪਾਰਦਰਸ਼ਤਾ ਲਿਆਂਦੀ ਜਾ ਸਕੀ। ਇਸ ਤੋਂ ਇਲਾਵਾ ਕੌਮੀ ਤੇ ਖੇਤਰੀ ਪਾਰਟੀਆਂ ਸਾਰੀ ਜਾਣਕਾਰੀ ਰਾਈਟ ਟੂ ਇਨਫਰਮੇਸ਼ਨ ਐਕਟ ਰਾਹੀਂ ਮੁਹੱਈਆ ਕਰਵਾਉਣ।-ਏਜੰਸੀ

News Source link