ਮੁੰਬਈ, 29 ਅਗਸਤ

ਅਦਾਕਾਰ ਅਰਮਾਨ ਕੋਹਲੀ ਦੇ ਘਰ ਤੋਂ ਨਸ਼ੀਲਾ ਪਦਾਰਥ ਬਰਾਮਦ ਹੋਣ ਮਗਰੋਂ ਦਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਐਤਵਾਰ ਨੂੰ ਪੁੱਛ-ਪੜਤਾਲ ਮਗਰੋਂ ਗ੍ਰਿਫ਼ਤਾਰ ਕਰ ਲਿਆ। ਐਨਸੀਬੀ ਦੀ ਟੀਮ ਨੇ ਸ਼ਨਿੱਚਰਵਾਰ ਨੂੰ ਅਦਾਕਾਰ ਦੇ ਘਰ ਛਾਪਾ ਮਾਰਿਆ ਸੀ। ਦੇਰ ਸ਼ਾਮ ਉਸ ਨੂੰ ਪੜਤਾਲ ਲਈ ਦਫ਼ਤਰ ਬੁਲਾਇਆ ਗਿਆ ਸੀ। ਕੁਝ ਘੰਟਿਆਂ ਦੀ ਪੜਤਾਲ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਬਾਰੇ ਮੀਡੀਆ ਨੂੰ ਐਤਵਾਰ ਸਵੇਰੇ ਕਰੀਬ ਦਸ ਵਜੇ ਜਾਣਕਾਰੀ ਦਿੱਤੀ ਗਈ। ਕੋਹਲੀ ਸੋਮਵਾਰ ਤਕ ਐਨਸੀਬੀ ਦੀ ਹਿਰਾਸਤ ਵਿਚ ਹੀ ਰਹੇਗਾ।

ਸੂਤਰਾਂ ਅਨੁਸਾਰ ਅਦਾਕਾਰ ਦੇ ਘਰ ਤੋਂ ਕੋਕੀਨ ਬਰਾਮਦ ਹੋਣ ਮਗਰੋਂ ਉਸ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਰਮਾਨ ਕੋਹਲੀ ਨੇ ਸਲਮਾਨ ਖਾਨ ਦੀ ਫਿਲਮ ‘ਪਰੇਮ ਰਤਨ ਧਨ ਪਾਇਓ’ ਤੇ ਹੋਰ ਫਿਲਮਾਂ ਸਣੇ ਟੀਵੀ ਸ਼ੋਅ ਬਿੱਗ ਬਾਸ ਵਿਚ ਕੰਮ ਕੀਤਾ ਹੈ।

ਅਦਾਕਾਰ ਕੋਹਲੀ ਖ਼ਿਲਾਫ਼ ਇਹ ਕਾਰਵਾਈ ਸ਼ੁੱਕਰਵਾਰ ਨੂੰ ਸੈਂਟਰਲ ਐਂਟੀ ਡਰੱਗ ਏਜੰਸੀ ਵੱਲੋਂ ਟੀਵੀ ਅਦਾਕਾਰ ਗੌਰਵ ਦੀਕਸ਼ਿਤ ਦੀ ਗ੍ਰਿਫ਼ਤਾਰੀ ਦੇ ਆਧਾਰ ‘ਤੇ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਐਨਸੀਬੀ ਨੇ ਸ਼ਨਿੱਚਰਵਾਰ ਨੂੰ ਨਸ਼ਾ ਤਸਕਰ ਅਜੈ ਰਾਜੂ ਸਿੰਘ ਤੋਂ ਕੀਤੀ ਪੜਤਾਲ ਮਗਰੋਂ ਕੋਹਲੀ ਨੂੰ ਪੁੱਛ ਪੜਤਾਲ ਲਈ ਬੁਲਾਇਆ ਸੀ। ਰਾਜੂ ਨੂੰ ਵੀ ਸ਼ਨਿੱਚਰਵਾਰ ਨੂੰ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ ਗਿਆ ਸੀ। ਮੁੱਢਲੀ ਪੜਤਾਲ ਅਨੁਸਾਰ ਇਹ ਨਸ਼ੀਲਾ ਪਦਾਰਥ ਦੱਖਣੀ ਅਮਰੀਕਾ ਤੋਂ ਆਇਆ ਹੋਇਆ ਹੈ।

ਐਨਸੀਬੀ ਨਸ਼ੀਲੇ ਪਦਾਰਥ ਦੇ ਇੱਥੇ ਪੁੱਜਣ ਬਾਰੇ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਕੇਸ ਵਿਚ ਜੁੜੇ ਲੋਕਾਂ ਨੂੰ ਲੱਭਣ ਲਈ ਪੜਤਾਲ ਕਰ ਰਹੇ ਹਨ। -ਪੀਟੀਆਈ

News Source link