ਟੋਕੀਓ, 30 ਅਗਸਤ

ਸਟਾਰ ਪੈਰਾ ਅਥਲੀਟ ਤੇ ਦੋ ਵਾਰ ਦੇ ਸੋਨ ਤਗ਼ਮਾ ਜੇਤੂ ਦੇਵੇਂਦਰ ਝਾਝਰੀਆ ਨੇ ਟੋਕੀਓ ਪੈਰਾਲੰਪਿਕਸ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਜਦੋਂਕਿ ਡਿਸਕਸ ਥਰੋਅਰ ਯੋਗੇਸ਼ ਕਥੂਨੀਆ ਵੀ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਹੱਕਦਾਰ ਬਣਿਆ। ਸੁੰਦਰ ਸਿੰਘ ਗੁਰਜਰ ਦੇ ਹਿੱਸੇ ਕਾਂਸੀ ਆਈ ਤੇ ਉਹ ਪੁਰਸ਼ਾਂ ਦੇ ਨੇਜ਼ਾ ਸੁੱਟਣ ਦੇ ਐੱਫ46 ਮੁਕਾਬਲੇ ਵਿੱਚ ਝਾਝਰੀਆ ਤੋਂ ਬਾਅਦ ਤੀਜੇ ਸਥਾਨ ‘ਤੇ ਰਿਹਾ। ਅਥਲੀਟਾਂ ਦੀ ਇਸ ਪ੍ਰਾਪਤੀ ਨਾਲ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਸਭ ਤੋਂ ਵੱਧ ਤਗ਼ਮੇ ਜਿੱਤਣ ਦੇ ਆਪਣੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਏਥਨਜ਼ (2004) ਤੇ ਰੀਓ (2016) ਵਿੱਚ ਸੋਨ ਤਗ਼ਮਾ ਜਿੱਤਣ ਵਾਲੇ 40 ਸਾਲਾ ਝਾਝਰੀਆ ਨੇ ਐੱਫ46 ਵਰਗ ਵਿੱਚ 64.35 ਮੀਟਰ ਨੇਜ਼ਾ ਸੁੱਟ ਕੇ ਆਪਣੇ ਪਿਛਲੇ ਰਿਕਾਰਡ ਨੂੰ ਤੋੜਿਆ। ਸ੍ਰੀਲੰਕਾ ਦੇ ਦਿਨੇਸ਼ ਪ੍ਰਿਯਾਨ ਹੇਰਾਥ ਨੇ 67.79 ਮੀਟਰ ਨੇਜ਼ਾ ਸੁੱਟ ਕੇ ਭਾਰਤੀ ਅਥਲੀਟ ਦੇ ਸੋਨ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕਰਨ ਦੇ ਸੁਫ਼ਨੇ ਨੂੰ ਤੋੜ ਦਿੱਤਾ। ਸ੍ਰੀਲੰਕਾਈ ਅਥਲੀਟ ਨੇ ਆਪਣੇ ਇਸ ਕੋਸ਼ਿਸ਼ ਨਾਲ ਝਾਝਰੀਆ ਦਾ ਪਿਛਲਾ ਵਿਸ਼ਵ ਰਿਕਾਰਡ ਵੀ ਤੋੜਿਆ। ਉਧਰ ਗੁਰਜਰ ਨੇ 64.01 ਮੀਟਰ ਨੇਜ਼ਾ ਸੁੱਟਿਆ ਜੋ ਉਸ ਇਸ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਹੈ।

ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੋਕੀਓ ਪੈਰਾਲੰਪਿਕਸ ਵਿੱਚ ਤਗ਼ਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਤਾਂ ਫੋਨ ਕਰਕੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਟਵੀਟ ਕਰਕੇ ਭਾਰਤੀ ਮਹਿਲਾ ਸ਼ੂਟਰ ਅਵਨੀ ਲੇਖਾਰਾ ਨੂੰ ਸੋਨ ਤਗ਼ਮਾ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਚਾਂਦੀ ਦਾ ਤਗ਼ਮਾ ਜੇਤੂ ਦੇਵੇਂਦਰ ਝਾਝਰੀਆ ਤੇ ਡਿਸਕਸ ਥਰੋਅਰ ਯੋਗੇਸ਼ ਕਥੂਨੀਆ ਅਤੇ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਜੈਵਲਿਨ ਥਰੋਅਰ ਸੁੰਦਰ ਸਿੰਘ ਗੁਰਜਰ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਾਰਤੀ ਅਥਲੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। -ਪੀਟੀਆਈ

News Source link