ਕਾਬੁਲ, 29 ਅਗਸਤ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਤਾਕ ‘ਚ ਫਿਦਾਈਨਾਂ ਦੇ ਵਾਹਨ ‘ਤੇ ਅਮਰੀਕਾ ਨੇ ਹਵਾਈ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਮੁਕਾਇਆ। ਇਸ ਘਟਨਾ ਦੇ ਹੋਰ ਵੇਰਵੇ ਨਹੀਂ ਮਿਲ ਸਕੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਉੱਤਰ-ਪੱਛਮ ‘ਚ ਇਕ ਰਾਕੇਟ ਹਮਲਾ ਵੀ ਹੋਇਆ ਹੈ ਜਿਸ ‘ਚ ਇਕ ਬੱਚਾ ਹਲਾਕ ਹੋ ਗਿਆ। ਮੁੱਢਲੀਆਂ ਰਿਪੋਰਟਾਂ ‘ਚ ਇਹ ਵੱਖੋ ਵੱਖਰੀਆਂ ਘਟਨਾਵਾਂ ਜਾਪਦੀਆਂ ਹਨ ਪਰ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਅਮਰੀਕਾ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤੋਂ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢ ਚੁੱਕਿਆ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਪੱਤਰਕਾਰਾਂ ਨੂੰ ਭੇਜੇ ਸੁਨੇਹੇ ‘ਚ ਕਿਹਾ ਕਿ ਅਮਰੀਕਾ ਨੇ ਫਿਦਾਈਨਾਂ ਨੂੰ ਨਿਸ਼ਾਨਾ ਬਣਾਇਆ ਜੋ ਧਮਾਕਾਖੇਜ਼ ਸਮਗੱਰੀ ਨਾਲ ਭਰੇ ਵਾਹਨ ‘ਤੇ ਸਵਾਰ ਸਨ। ਅਮਰੀਕਾ ਦੇ ਨਿਸ਼ਾਨੇ ‘ਤੇ ਇਸਲਾਮਿਕ ਸਟੇਟ ਖੁਰਾਸਾਨ ਦੇ ਦਹਿਸ਼ਤਗਰਦ ਹਨ। ਦਹਿਸ਼ਤੀ ਜਥੇਬੰਦੀ ਦੇ ਫਿਦਾਈਨ ਨੇ 26 ਅਗਸਤ ਨੂੰ ਹਵਾਈ ਅੱਡੇ ‘ਤੇ ਹਮਲਾ ਕੀਤਾ ਸੀ ਜਿਸ ‘ਚ 13 ਅਮਰੀਕੀ ਫ਼ੌਜੀ ਅਤੇ 170 ਅਫ਼ਗਾਨ ਹਲਾਕ ਹੋ ਗਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਕਾਬੁਲ ਹਵਾਈ ਅੱਡੇ ‘ਤੇ 24 ਤੋਂ 36 ਘੰਟਿਆਂ ਦਰਮਿਆਨ ਹਮਲਾ ਹੋ ਸਕਦਾ ਹੈ। ਉਧਰ ਜਿਵੇਂ ਜਿਵੇਂ 31 ਅਗਸਤ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਅਮਰੀਕਾ ਵੱਲੋਂ ਆਪਣੇ ਫ਼ੌਜੀਆਂ ਅਤੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ‘ਚੋਂ ਕੱਢਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਉਧਰ ਅਮਰੀਕੀ ਸੈਂਟਰਲ ਕਮਾਂਡ ਦੇ ਤਰਜਮਾਨ ਕੈਪਟਨ ਬਿਲ ਅਰਬਨ ਨੇ ਕਿਹਾ ਕਿ ਅਮਰੀਕੀ ਫ਼ੌਜ ਨੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸਲਾਮਿਕ ਸਟੇਟ ਖੁਰਾਸਾਨ ਦੇ ਵਾਹਨ ‘ਤੇ ਹਮਲਾ ਕੀਤਾ ਜੋ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕਾਬੁਲ ਹਵਾਈ ਅੱਡੇ ਵੱਲ ਵੱਧ ਰਹੇ ਸਨ। ਉਨ੍ਹਾਂ ਆਸ ਜਤਾਈ ਕਿ ਹਮਲਾ ਸਫ਼ਲ ਰਿਹਾ। ਅਰਬਨ ਨੇ ਕਿਹਾ ਕਿ ਧਮਾਕੇ ਤੋਂ ਜ਼ਾਹਿਰ ਹੁੰਦਾ ਹੈ ਕਿ ਵਾਹਨ ‘ਚ ਵੱਡੀ ਪੱਧਰ ‘ਤੇ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਸੀ। ਉਨ੍ਹਾਂ ਬਿਆਨ ‘ਚ ਕਿਹਾ ਕਿ ਆਮ ਨਾਗਰਿਕਾਂ ਦੇ ਹਲਾਕ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। -ਏਪੀ

ਇਸਲਾਮਿਕ ਸਟੇਟ ਖੁਰਾਸਾਨ ਵੱਲੋਂ ਭਾਰਤ ‘ਚ ਪੈਰ ਪਸਾਰਨ ਦੀ ਸਾਜ਼ਿਸ਼

ਨਵੀਂ ਦਿੱਲੀ (ਟਨਸ): ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਖੁਰਾਸਾਨ ਵੱਲੋਂ ਭਾਰਤ ‘ਚ ਪੈਰ ਪਸਾਰੇ ਜਾਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਖ਼ੁਫ਼ੀਆ ਏਜੰਸੀਆਂ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਖੁਰਾਸਾਨ ਨਾਲ ਜੁੜੇ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਮਗਰੋਂ ਆਪਣੀ ਪੈਂਠ ਮਜ਼ਬੂਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਨਸਰਾਂ ਨੇ ਹੁਣ ਮੱਧ ਏਸ਼ੀਆ ਅਤੇ ਫਿਰ ਭਾਰਤ ‘ਚ ਜਹਾਦ ਦੇ ਨਾਮ ‘ਤੇ ਦਹਿਸ਼ਤ ਫੈਲਾਉਣ ਦੀ ਯੋਜਨਾ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਇਸਲਾਮਿਕ ਸਟੇਟ ਖੁਰਾਸਾਨ ਵੱਲੋਂ ਨੌਜਵਾਨਾਂ ਨੂੰ ਭਰਤੀ ਕਰਕੇ ਦਹਿਸ਼ਤੀ ਹਮਲੇ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਏਜੰਡੇ ‘ਤੇ ਭਾਰਤ ਸਮੇਤ ਹੋਰ ਥਾਵਾਂ ਉਪਰ ‘ਖ਼ਲੀਫ਼ਾ ਦਾ ਸ਼ਾਸਨ’ ਕਾਇਮ ਕਰਨਾ ਹੈ। ਕੇਰਲਾ ਅਤੇ ਮੁੰਬਈ ਦੇ ਕਈ ਨੌਜਵਾਨ ਪਹਿਲਾਂ ਹੀ ਇਸਲਾਮਿਕ ਸਟੇਟ ਦੇ ਜਹਾਦੀਆਂ ਨਾਲ ਰਲੇ ਹੋਏ ਸਨ। ਖ਼ੁਫ਼ੀਆ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਹਾਲਾਤ ‘ਚ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸਲਾਮਿਕ ਸਟੇਟ ਖੁਰਾਸਾਨ ਭਾਰਤ ਅਤੇ ਭਾਰਤੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਜਹਾਦੀਆਂ ਨੂੰ ਸਰਗਰਮ ਕਰ ਸਕਦੇ ਹਨ। ਉਧਰ ਜੈਸ਼-ਏ-ਮੁਹੰਮਦ ਨੇ ਵੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਸਹਾਇਤਾ ਨਾਲ ਆਪਣਾ ਅੱਡਾ ਕੰਧਾਰ ਨਾਲ ਲਗਦੇ ਹੇਲਮੰਡ ਸੂਬੇ ‘ਚ ਤਬਦੀਲ ਕਰ ਲਿਆ ਹੈ।

News Source link