ਮੁੰਬਈ, 30 ਅਗਸਤ

ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਕੇਂਦਰ ਸਰਕਾਰ ‘ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜਾਰੀ ਨੋਟਿਸ ‘ਮੌਤ ਦੇ ਵਾਰੰਟ’ ਨਹੀਂ ਬਲਕਿ ਸਿਆਸੀ ਵਰਕਰਾਂ ਲਈ ‘ਪ੍ਰੇਮ ਪੱਤਰ’ ਵਾਂਗ ਹਨ। ਰਾਊਤ ਨੇ ਇਹ ਟਿੱਪਣੀ ਸੈਨਾ ਆਗੂ ਤੇ ਮਹਾਰਾਸ਼ਟਰ ਸਰਕਾਰ ‘ਚ ਮੰਤਰੀ ਅਨਿਲ ਪਰਬ ਨੂੰ ਈਡੀ ਵੱਲੋਂ ਤਲਬ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਕੀਤੀ ਹੈ। ਰਾਊਤ ਨੇ ਪੱਤਰਕਾਰਾਂ ਨੂੰ ਕਿਹਾ, ”ਜਦੋਂ ਵੇਖਿਆ ਕਿ ਮਹਾ ਵਿਕਾਸ ਅਗਾੜੀ ਸਰਕਾਰ ਰੂਪੀ ਕੰਧ ਵਿੱਚ ਸੰਨ੍ਹ ਲਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਤਾਂ ਅਜਿਹੇ ਪ੍ਰੇਮ ਪੱਤਰਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ।” ਰਾਊਤ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਪਰਬ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹੈ। ਉਨ੍ਹਾਂ ਕਿਹਾ ਕਿ ਪਰਬ ਵੱਲੋਂ ਈਡੀ ਦੇ ਨੋਟਿਸ ਦਾ ਢੁੱਕਵਾਂ ਜਵਾਬ ਦੇਣ ਦੇ ਨਾਲ ਜਾਂਚ ਏਜੰਸੀ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। -ਪੀਟੀਆਈ

News Source link