ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਅਗਸਤ

ਇਥੇ ਗੁਰੂ ਨਾਨਕ ਨਗਰ ਵਿੱਚ ਆਟੋ ਚਾਲਕ ਨੇ ਮਾਂ-ਪੁੱਤ ‘ਤੇ ਕੁਹਾੜੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜੇ ਇਲਾਕੇ ਦੇ ਲੋਕ ਇੱਟਾਂ-ਰੋੜੇ ਮਾਰ ਕੇ ਹਮਲਾਵਰ ਨੂੰ ਨਾ ਭਜਾਉਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਹਮਲਾਵਰ ਕੁਹਾੜੇ ਸਣੇ ਫ਼ਰਾਰ ਹੋ ਗਿਆ, ਜਿਸ ਨੂੰ ਤਿੰਨ ਥਾਣਿਆ ਦੀ ਪੁਲੀਸ ਨੇ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ। ਕਈ ਸਾਲਾਂ ਤੋਂ ਆਟੋ ਰਿਕਸ਼ਾ ਚਲਾ ਰਿਹਾ ਮੁਲਜ਼ਮ ਆਟੋ ਰਿਕਸ਼ਾ ਦੇ ਵਿੱਚ ਹੀ ਰਹਿੰਦਾ ਹੈ। ਇਸੇ ਦੌਰਾਨ ਉਹ ਜਦੋਂ ਇਥੇ ਗੁਰੂ ਨਾਨਕ ਨਗਰ ਖੇਤਰ ਵਿੱਚ ਕਿਸੇ ਘਰ ਦੇ ਸਾਹਮਣੇ ਆਟੋ ਰਿਕਸ਼ਾ ਲਾ ਕੇ ਉਸ ਵਿਚ ਪਿਆ ਸੀ ਤਾਂ ਘਰ ਦੀ ਮਹਿਲਾ ਨੇ ਉਸ ਨੂੰ ਅੱਗੇ ਜਾਣ ਲਈ ਆਖ ਦਿੱਤਾ, ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਔਰਤ ਦੇ ਹੱਥ ‘ਤੇ ਕੁਹਾੜਾ ਮਾਰਿਆ। ਔਰਤ ਦਾ ਲੜਕਾ ਬਾਹਰ ਆਇਆ ਤਾਂ ਹਮਲਾਵਰ ਨੇ ਉਸ ਦੇ ਵੀ ਪੱਟ ‘ਤੇ ਕੁਹਾੜਾ ਮਾਰ ਦਿੱਤਾ। ਰੌਲਾ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਤੇ ਇਹ ਹਮਲਾਵਰ ਉਨ੍ਹਾਂ ਵੱਲ ਵੀ ਕੁਹਾੜਾ ਲੈ ਕੇ ਪੈ ਗਿਆ। ਇਲਾਕੇ ਦੇ ਲੋਕਾਂ ਵੱਲੋਂ ਇੱਟਾਂ ਰੋੜੇ ਮਾਰਨ ‘ਤੇ ਉਹ ਭੱਜ ਨਿਕਲਿਆ, ਜਿਸ ਨੂੰ ਥਾਣਾ ਅਰਬਨ ਅਸਟੇਟ ਥਾਣਾ, ਲਾਹੌਰੀ ਗੇਟ ਅਤੇ ਥਾਣਾ ਕੋਤਵਾਲੀ ਨੇ ਬਿਸ਼ਨ ਨਗਰ ਵਿਚੋਂ ਕਾਰੂ ਕੀਤਾ। ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਰੌਣੀ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

News Source link