ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 26 ਅਗਸਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਅੱਜ ਦੋ ਬੰਬ ਧਮਾਕੇ ਹੋਏ ਜਿਸ ਵਿੱਚ 100 ਤੋਂ ਵੱਧ ਲੋਕਾਂ ਦੇ ਅਪਾਹਜ ਹੋਣ ਜਾਂ ਮਰਨ ਦਾ ਖਦਸ਼ਾ ਹੈ। ਇਸੇ ਦੌਰਾਨ ਇਨ੍ਹਾਂ ਧਮਾਕਿਆਂ ਵਿੱਚ ਤਿੰਨ ਅਮਰੀਕੀ ਫੌਜੀਆਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਪੀਟੀਆਈ ਅਨੁਸਾਰ ਕਾਬੁਲ ਹਵਾਈ ਅੱਡੇ ਦੇ ਬਾਹਰ ਦੋ ਆਤਮਘਾਤੀ ਹਮਲੇ ਵੀ ਹੋਏ ਹਨ। ਰੂਸ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ 13 ਲੋਕਾਂ ਦੀ ਮੌਤ ਹੋਈ ਹੈ ਤੇ 15 ਜਣੇ ਜ਼ਖ਼ਮੀ ਹੋਏ ਹਨ। ਵੇਰਵਿਆਂ ਅਨੁਸਾਰ ਪਹਿਲਾ ਧਮਾਕਾ ਹਵਾਈ ਅੱਡੇ ਨਜ਼ਦੀਕ ਬੈਰਨਜ਼ ਹੋਟਲ ਨੇੜੇ ਹੋਇਆ। ਇਸੇ ਦੌਰਾਨ ਫਰਾਂਸ ਦੇ ਚੌਕਸੀ ਵਿਭਾਗ ਨੇ ਇੰਟਰਨੈੱਟ ਰਾਹੀਂ ਚਿਤਾਵਨੀ ਦਿੱਤੀ ਕਿ ਹਵਾਈ ਅੱਡੇ ਨੇੜੇ ਇਕ ਹੋਰ ਬੰਬ ਧਮਾਕਾ ਹੋ ਸਕਦਾ ਹੈ। ਇਸ ਮਗਰੋਂ ਹਵਾਈ ਅੱਡੇ ਦੇ ਗੇਟ ‘ਤੇ ਮੁੜ ਬੰਬ ਧਮਾਕਾ ਹੋ ਗਿਆ। ਜ਼ਿਕਰਯੋਗ ਹੈ ਕਿ ਕਾਬੁਲ ਦਾ ਹਵਾਈ ਅੱਡਾ ਫਿਲਹਾਲ ਅਮਰੀਕੀ ਫੌਜ ਅਧੀਨ ਹੈ। ਇਸ ਧਮਾਕੇ ਮਗਰੋਂ ਇਟਲੀ ਦੇ ਇਕ ਮਿਲਟਰੀ ਜਹਾਜ਼ ‘ਤੇ ਉਸ ਵੇਲੇ ਫਾਇਰਿੰਗ ਕੀਤੀ ਗਈ ਜਦੋਂ ਉਹ ਕਾਬੁਲ ਹਵਾਈ ਅੱਡੇ ਤੋਂ ਉਡਾਨ ਭਰ ਰਿਹਾ ਸੀ। ਪਹਿਲਾ ਧਮਾਕਾ ਕੈਮਰੇ ਵਿੱਚ ਕੈਦ ਹੋ ਗਿਆ ਹੈ ਤੇ ਬੈਰਨਜ਼ ਹੋਟਲ ਨੇੜੇ ਧੂੰਏ ਦਾ ਗੁਬਾਰ ਉਪਰ ਹਵਾ ਵੱਲ ਉਠਦਾ ਦਿਖਾਈ ਦੇ ਰਿਹਾ ਹੈ।ਪੀਟੀਆਈ ਤੇ ਹੋਰਨਾਂ ਖਬਰ ਏਜੰਸੀਆਂ ਅਨੁਸਾਰ ਮਰਨ ਵਾਲਿਆਂ ਵਿੱਚ ਕੁਝ ਤਾਲਿਬਾਨ ਲੜਾਕੇ ਵੀ ਸ਼ਾਮਲ ਹਨ। ਇਹ ਜਾਣਕਾਰੀ ਤਾਲਿਬਾਨ ਦੇ ਇਕ ਅਧਿਕਾਰੀ ਨੇ ਦਿੱਤੀ ਹੈ। ਧਮਾਕੇ ਦੀ ਪੁਸ਼ਟੀ ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਵੀ ਕੀਤੀ ਹੈ। ਪੈਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਦੱਸਿਆ ਕਿ ਇਹ ਧਮਾਕਾ ਆਤਮਘਾਤੀ ਹਮਲੇ ਨਾਲ ਵੀ ਕੀਤਾ ਹੋ ਸਕਦਾ ਹੈ। ਵਿਸਫੋਟ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਸੇ ਦੌਰਾਨ ਜ਼ਖ਼ਮੀਆਂ ਵਿੱਚ ਤਿੰਨ ਅਮਰੀਕੀ ਸਰਵਿਸ ਦੇ ਮੈਂਬਰ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਹਜ਼ਾਰਾਂ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਪਿਛਲੇ ਕਈ ਦਿਨਾਂ ਤੋਂ ਹਵਾਈ ਅੱਡੇ ‘ਤੇ ਮੌਜੂਦ ਹਨ। ਪੱਛਮੀ ਦੇਸ਼ਾਂ ਨੇ ਪਹਿਲਾਂ ਹੀ ਹਵਾਈ ਅੱਡੇ ‘ਤੇ ਹਮਲੇ ਦਾ ਖਦਸ਼ਾ ਜਤਾਇਆ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਘਟਨਾ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਉਹ ਅਫਗਾਨਿਸਤਾਨ ਦੀ ਸਥਿਤੀ ਬਾਰੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।

News Source link