ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚੋਂ 31 ਅਗਸਤ ਤੱਕ ਅਮਰੀਕੀ ਸੈਨਾ ਦੀ ਵਾਪਸੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ, ਪਰ ਇਸ ਮੁਹਿੰਮ ਦਾ ਤੈਅ ਸਮੇਂ ‘ਤੇ ਪੂਰਾ ਹੋਣਾ ਤਾਲਿਬਾਨ ਦੇ ਸਹਿਯੋਗ ‘ਤੇ ਨਿਰਭਰ ਕਰੇਗਾ। ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ‘ਤੇ ਅਮਰੀਕਾ ਦੇ ਅਜੇ ਕਰੀਬ 5800 ਸੈਨਿਕ ਮੌਜੂਦ ਹਨ। ਬਾਇਡਨ ਨੇ ਅੱਜ ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਜੇ ਅਸੀਂ 31 ਅਗਸਤ ਤੱਕ ਨਿਕਾਸੀ ਮੁਹਿੰਮ ਪੂਰਾ ਕਰਨ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਅਸੀਂ ਜਿੰਨੀ ਛੇਤੀ ਇਸ ਨੂੰ ਪੂਰਾ ਕਰਾਂਗੇ, ਓਨਾ ਚੰਗਾ ਹੋਵੇਗਾ। ਇਸ ਕਾਰਵਾਈ ਦੌਰਾਨ ਰੋਜ਼ਾਨਾ ਸਾਡੇ ਸੈਨਿਕਾਂ ਲਈ ਜ਼ੋਖ਼ਿਮ ਵਧ ਰਿਹਾ ਹੈ, ਪਰ 31 ਅਗਸਤ ਤੱਕ ਇਸ ਦਾ ਪੂਰਾ ਹੋਣਾ ਤਾਲਿਬਾਨ ਦੇ ਸਹਿਯੋਗ ਜਾਰੀ ਰੱਖਣ, ਲੋਕਾਂ ਨੂੰ ਹਵਾਈ ਅੱਡੇ ਤੱਕ ਪੁੱਜਣ ਦੀ ਮਨਜ਼ੂਰੀ ਦੇਣ ਤੇ ਸਾਡੀ ਕਾਰਵਾਈ ਵਿੱਚ ਵਿਘਨ ਨਾ ਪਾਉਣ ‘ਤੇ ਨਿਰਭਰ ਕਰਦਾ ਹੈ।’ ਦੱਸਣਯੋਗ ਹੈ ਕਿ ਅਮਰੀਕਾ ਨੇ 31 ਅਗਸਤ ਤੱਕ ਆਪਣੇ ਸਾਰੇ ਸੈਨਿਕ ਵਾਪਿਸ ਬੁਲਾਉਣ ਦਾ ਐਲਾਨ ਕੀਤਾ ਸੀ ਪਰ ਤਾਲਿਬਾਨ ਨੇ ਇਸ ਤੋਂ ਦੋ ਹਫ਼ਤੇ ਪਹਿਲਾਂ 15 ਅਗਸਤ ਨੂੰ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਤਾਲਿਬਾਨ ਨੇ ਅਮਰੀਕਾ ਨੂੰ 31 ਅਗਸਤ ਤੱਕ ਆਪਣੀ ਮੁਹਿੰਮ ਪੂਰੀ ਕਰਨ ਲਈ ਕਿਹਾ ਸੀ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਪੈਂਟਾਗਨ ਤੇ ਗ੍ਰਹਿ ਮੰਤਰਾਲੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਕਿਹਾ, ‘ਮੈਂ ਇਹ ਨਿਸ਼ਚਿਤ ਕਰਨ ਲਈ ਪ੍ਰਤੀਬੱਧ ਹਾਂ ਕਿ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰੀਏ। ਮੈਂ ਵਧ ਰਹੇ ਖ਼ਤਰੇ ਸਬੰਧੀ ਵੀ ਚੇਤੰਨ ਹਾਂ। ਵੱਡੀਆਂ ਚੁਣੌਤੀਆਂ ਹਨ, ਜਿਨ੍ਹਾਂ ‘ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ। -ਪੀਟੀਆਈ

News Source link