ਵਾਸ਼ਿੰਗਟਨ/ਕਾਬੁਲ, 24 ਅਗਸਤ

ਅਮਰੀਕਾ ਦੇ ਚੋਟੀ ਦੇ ਖ਼ੁਫ਼ੀਆ ਅਧਿਕਾਰੀ ਨੇ ਤਾਲਿਬਾਨ ਆਗੂ ਅਬਦੁਲ ਗ਼ਨੀ ਬਰਾਦਰ ਨਾਲ ਕਾਬੁਲ ਵਿਚ ਮੁਲਾਕਾਤ ਕੀਤੀ ਹੈ। ਕਾਬੁਲ ਉਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਦੋਵਾਂ ਧਿਰਾਂ ਦੀ ਇਹ ਪਹਿਲੀ ਸਿੱਧੀ ਮੁਲਾਕਾਤ ਸੀ। ਸੀਆਈਏ ਦੇ ਡਾਇਰੈਕਟਰ ਵਿਲੀਅਮ ਜੇ. ਬਰਨਸ ਕਾਬੁਲ ਵਿਚ ਬਰਾਦਰ ਨੂੰ ਮਿਲੇ ਹਨ। ‘ਵਾਸ਼ਿੰਗਟਨ ਪੋਸਟ’ ਨੇ ਇਕ ਅਮਰੀਕੀ ਅਧਿਕਾਰੀ ਦੀ ਪਛਾਣ ਗੁਪਤ ਰੱਖ ਕੇ ਇਸ ਬਾਰੇ ਖ਼ਬਰ ਛਾਪੀ ਹੈ। ਮੰਨਿਆ ਜਾ ਰਿਹਾ ਹੈ ਕਿ ਕਾਬੁਲ ਹਵਾਈ ਅੱਡੇ ਉਤੇ ਬਣੀ ਸਥਿਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੋਟੀ ਦੇ ਖ਼ੁਫ਼ੀਆ ਅਧਿਕਾਰੀ ਤੇ ਵਿਦੇਸ਼ ਸੇਵਾਵਾਂ ਦੇ ਸੀਨੀਅਰ ਮਾਹਿਰ ਨੂੰ ਅਫ਼ਗਾਨਿਸਤਾਨ ਤਾਲਿਬਾਨ ਨਾਲ ਰਾਬਤਾ ਕਾਇਮ ਕਰਨ ਲਈ ਭੇਜਿਆ ਹੈ। ਸੀਆਈਏ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਗੱਲਬਾਤ 31 ਅਗਸਤ ਦੀ ਮਿਲੀ ਆਖ਼ਰੀ ਤਰੀਕ ਬਾਰੇ ਹੋ ਸਕਦੀ ਹੈ ਜਦ ਤੱਕ ਅਮਰੀਕਾ ਨੇ ਏਅਰਲਿਫਟ ਅਪਰੇਸ਼ਨ ਮੁਕੰਮਲ ਕਰਨਾ ਹੈ। ਬਾਇਡਨ ਪ੍ਰਸ਼ਾਸਨ ਉਤੇ ਕੁਝ ਸਹਿਯੋਗੀ ਮੁਲਕ ਦਬਾਅ ਪਾ ਰਹੇ ਹਨ ਕਿ ਆਖ਼ਰੀ ਤਰੀਕ ਨੂੰ ਵਧਾਇਆ ਜਾਵੇ। ਜ਼ਿਕਰਯੋਗ ਹੈ ਕਿ ਹਜ਼ਾਰਾਂ ਅਮਰੀਕੀ ਨਾਗਰਿਕਾਂ ਤੇ ਅਫ਼ਗਾਨ ਸਾਥੀਆਂ ਨੂੰ ਮੁਲਕ ਵਿਚੋਂ ਕੱਢਿਆ ਜਾਣਾ ਹੈ। ਕਈ ਹੋਰਨਾਂ ਪੱਛਮੀ ਮੁਲਕਾਂ ਦੇ ਨਾਗਰਿਕ ਵੀ ਹਨ। ਜ਼ਿਕਰਯੋਗ ਹੈ ਕਿ ਤਾਲਿਬਾਨ ਦੇ ਬੁਲਾਰੇ ਨੇ ਸੋਮਵਾਰ ਚਿਤਾਵਨੀ ਦਿੱਤੀ ਸੀ ਕਿ ਜੇ ਅਮਰੀਕਾ ਤੇ ਯੂਕੇ 31 ਅਗਸਤ ਤੱਕ ਆਪਣਾ ਮਿਸ਼ਨ ਮੁਕੰਮਲ ਨਹੀਂ ਕਰਦੇ ਤਾਂ ਇਸ ਦੇ ‘ਗੰਭੀਰ ਸਿੱਟੇ’ ਨਿਕਲ ਸਕਦੇ ਹਨ। ਜ਼ਿਕਰਯੋਗ ਹੈ ਕਿ ਬਰਾਦਰ ਨੇ ਅੱਠ ਸਾਲ ਪਾਕਿਸਤਾਨ ਦੀ ਜੇਲ੍ਹ ਵਿਚ ਗੁਜ਼ਾਰੇ ਹਨ ਤੇ ਉਸ ਨੂੰ 2018 ਵਿਚ ਰਿਹਾਅ ਕੀਤਾ ਗਿਆ ਸੀ। ਕਤਰ ਵਿਚ ਅਮਰੀਕਾ ਨਾਲ ਹੋਈ ਅਮਨ ਵਾਰਤਾ ਵਿਚ ਵੀ ਉਹ ਪ੍ਰਮੁੱਖ ਤਾਲਿਬਾਨ ਨੁਮਾਇੰਦਾ ਸੀ। ਇਸੇ ਦੌਰਾਨ ਬਾਇਡਨ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਅਮਰੀਕਾ ਦਾ ਪੂਰਾ ਧਿਆਨ 31 ਅਗਸਤ ਤੱਕ ਲੋਕਾਂ ਨੂੰ ਕੱਢਣ ਦੀ ਮੁਹਿੰਮ ਪੂਰਾ ਕਰਨ ਉਤੇ ਲੱਗਾ ਹੋਇਆ ਹੈ।

ਹਾਲਾਂਕਿ ਮਿਸ਼ਨ ਨੂੰ ਵਧਾਉਣ ਦਾ ਆਖ਼ਰੀ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਹੀ ਲੈਣਗੇ। ਕਾਬੁਲ ਹਵਾਈ ਅੱਡੇ ਦੀ ਕਮਾਨ ਵੀ ਫ਼ਿਲਹਾਲ ਅਮਰੀਕਾ ਹੀ ਸੰਭਾਲ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਤਾਲਿਬਾਨ ਨਾਲ ਸਿਆਸੀ, ਕੂਟਨੀਤਕ, ਖ਼ੁਫ਼ੀਆ ਤੇ ਫ਼ੌਜੀ ਮਾਧਿਅਮਾਂ ਰਾਹੀਂ ਰੋਜ਼ਾਨਾ ਗੱਲਬਾਤ ਕਰ ਰਿਹਾ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਿਹਾ ਕਿ ਲੋਕਾਂ ਨੂੰ ਉੱਥੋਂ ਕੱਢਣ ਬਾਰੇ ਵੀ ਉਨ੍ਹਾਂ ਆਪਣੇ ਸਹਿਯੋਗੀ ਮੁਲਕਾਂ ਨਾਲ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ। ਹਾਲਾਂਕਿ ਸੁਲੀਵਨ ਨੇ ਨਾਲ ਹੀ ਕਿਹਾ ਕਿ ‘ਉਹ ਤਾਲਿਬਾਨ ਉਤੇ ਭਰੋਸਾ ਨਹੀਂ ਕਰਦੇ।’ -ਪੀਟੀਆਈ/ਏਪੀ

News Source link