ਧਰਮਪਾਲ ਸਿੰਘ ਤੂਰ

ਸੰਗਤ ਮੰਡੀ, 25 ਅਗਸਤ

ਬਠਿੰਡਾ-ਡੱਬਵਾਲੀ ਰੋਡ ਸੰਘਰਸ਼ ਕਮੇਟੀ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਧਿਰਾਂ ਦੀ ਹਮਾਇਤ ਨਾਲ ਬਠਿੰਡਾ-ਡੱਬਵਾਲੀ ਸੜਕ ‘ਤੇ ਪਿੰਡ ਗਹਿਰੀ ਬੁੱਟਰ ਵਿੱਚ ਅਣਮਿੱਥੇ ਸਮੇਂ ਲਈ ਸੜਕ ‘ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ਦੀ ਅਗਵਾਈ ਸੰਘਰਸ਼ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਭਿੰਦਰ ਸਿੰਘ ਅਤੇ ਦਲਜੀਤ ਸਿੰਘ ਵੱਲੋਂ ਕੀਤੀ ਗਈ। ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਅਤੇ ਬੀਕੇਯੂ ਡਕੌਂਦਾ ਦੇ ਆਗੂ ਬਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਧਰਨੇ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਨਵੇਂ ਸਿਰਿਓਂ ਮਾਰਕੀਟ ਰੇਟ ਦੇ ਹਿਸਾਬ ਨਾਲ ਮੁਆਵਜ਼ੇ ਦੀ ਕੀਮਤ ਤੈਅ ਕਰੇ ਅਤੇ ਜਾਰੀ ਕੀਤੇ ਗਏ ਐਵਾਰਡ ਨੂੰ ਰੱਦ ਕਰਕੇ ਨਵੇਂ ਸਿਰਿਓਂ ਉੱਚੇ ਰੇਟ ਦੀਆਂ ਰਜਿਸਟਰੀਆਂ ਨੂੰ ਆਧਾਰ ਬਣਾ ਕੇ ਐਵਾਰਡ ਜਾਰੀ ਕੀਤਾ ਜਾਵੇ। ਇਸ ਮੌਕੇ ਧਰਨਾਕਾਰੀਆਂ ਨੂੰ ਗੱਲਬਾਤ ਕਰਨ ਲਈ ਥਾਣਾ ਸੰਗਤ ਦੇ ਐੱਸ ਐੱਚ ਓ ਗੌਰਵਬੰਸ ਸਿੰਘ ਅਤੇ ਨਾਇਬ ਤਹਿਸੀਲਦਾਰ ਸੰਗਤ ਕਮਲਦੀਪ ਸਿੰਘ ਬਰਾੜ ਵੀ ਪਹੁੰਚੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨਾਲ ਦੋ ਵਾਰ ਗੱਲਬਾਤ ਕੀਤੀ ਪਰ ਮਾਮਲਾ ਕਿਸੇ ਸਿਰੇ ਨਹੀਂ ਲੱਗਾ। ਇਸ ਮਗਰੋਂ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਨੇ ਮੰਗਾਂ ਉੱਚ ਅਧਿਕਾਰੀਆਂ ਕੋਲ ਪਹੁੰਚਾਉਣ ਦਾ ਭਰੋਸਾ ਦੇ ਕੇ ਕਿਸਾਨਾਂ ਦਾ ਧਰਨਾ ਚੁਕਾਇਆ।

News Source link