ਵਸ਼ਿੰਗਟਨ, 25 ਅਗਸਤ

ਅਮਰੀਕਾ ਵਿੱਚ ਰਹਿਣ ਵਾਲੇ ਏਸ਼ੀਆ ਮੂਲ ਦੇ ਵਸਨੀਕਾਂ ਦੀ ਗਿਣਤੀ ਪਿਛਲੇ ਤਿੰਨ ਦਹਾਕਿਆਂ ਵਿੱਚ ਤਿੰਨ ਗੁਣਾ ਹੋ ਗਈ ਹੈ। ਇਸੇ ਦੌਰਾਨ ਧਨ ਤੇ ਕਾਲਜ ਪੱਧਰ ਦੀ ਸਿੱਖਿਆ ਗ੍ਰਹਿਣ ਕਰਨ ਦੇ ਮਾਮਲਿਆਂ ਸਬੰਧੀ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਭਾਰਤ ਮੂਲ ਦੇ ਕਈ ਪਰਿਵਾਰਾਂ ਦੀ ਆਮਦਨ 1,23,700 ਅਮਰੀਕੀ ਡਾਲਰ ਹੈ ਤੇ 79 ਫੀਸਦ ਭਾਰਤੀ ਕਾਲਜ ਗ੍ਰੈਜੂਏਟ ਹੋਣ ਕਾਰਨ ਅਮਰੀਕੀਆਂ ਨਾਲੋਂ ਅੱਗੇ ਨਿਕਲ ਗਏ ਹਨ। ਪੂਰੀ ਦੁਨੀਆਂ ਵਿੱਚੋਂ ਅਮਰੀਕਾ ਵਿੱਚ ਪਰਵਾਸ ਕਰਨ ਵਾਲੇ ਵਿਅਕਤੀਆਂ ਦੇ ਸਬੰਧ ਵਿੱਚ ਮੌਜੂਦਾ ਸਮੇਂ ਏਸ਼ੀਅਨ ਲੋਕ ਸਭ ਤੋਂ ਵੱਧ ਤਰੱਕੀ ਕਰ ਰਹੇ ਹਨ। ਨਿਊ ਯਾਰਕ ਟਾਈਮਜ਼ ਵੱਲੋਂ ਕੀਤੀ ਗਏ ਅਧਿਐਨ ਮਗਰੋਂ ਜਾਰੀ ਕੀਤੀ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਇਸ ਸਮੇਂ 4 ਮਿਲੀਅਨ ਭਾਰਤੀ ਰਹਿੰਦੇ ਹਨ। ਇਨ੍ਹਾਂ ਵਿੱਚੋਂ 79 ਫੀਸਦ ਭਾਰਤੀ ਕਾਲਜ ਗਰੈਜੂਏਟ ਹਨ ਜਦੋਂ ਕਿ ਅਮਰੀਕਾ ਵਿੱਚ ਕਾਲਜ ਗਰੈਜੂਏਟਾਂ ਦਾ ਕੌਮੀ ਅੰਕੜਾ 34 ਫੀਸਦ ਹੈ। ਇਸੇ ਤਰ੍ਹਾਂ ਏਸ਼ੀਅਨ ਮੂਲ ਦੇ ਵਿਅਕਤੀਆਂ ਵਿੱਚੋਂ ਭਾਰਤੀ ਪਰਿਵਾਰਾਂ ਦੀ ਆਮਦਨ ਸਭ ਤੋਂ ਵੱਧ ਹੈ (ਅਮਰੀਕੀ ਡਾਲਰ 1,23,700) ਜਦੋਂ ਕਿ ਤਾਇਵਾਨ ਤੇ ਫਿਲਪੀਨਜ਼ ਮੂਲ ਦੇ ਪਰਿਵਾਰਾਂ ਦੀ ਕ੍ਰਮਵਾਰ ਔਸਤ ਆਮਦਨ 97,129 ਅਮਰੀਕੀ ਡਾਲਰ ਤੇ 95,000 ਅਮਰੀਕੀ ਡਾਲਰ ਹੈ। ਇਕ ਹੋਰ ਜਾਣਕਾਰੀ ਅਨੁਸਾਰ ਅਮਰੀਕਾ ਵਸੇ ਸਿਰਫ 14 ਫੀਸਦ ਪਰਵਾਸੀ ਭਾਰਤੀ ਪਰਿਵਾਰਾਂ ਦੀ ਆਮਦਨ ਹੀ 40,000 ਅਮਰੀਕੀ ਡਾਲਰ ਤੋਂ ਘੱਟ ਹੈ ਜਦੋਂ ਕਿ ਇਸ ਮਾਮਲੇ ਵਿੱਚ ਅਮਰੀਕਾ ਦਾ ਕੌਮੀ ਅੰਕੜਾ 33 ਫੀਸਦ ਹੈ ਭਾਵ ਅਮਰੀਕਾ ਦੀ 33 ਫੀਸਦ ਵਸੋਂ ਦੀ ਔਸਤ ਆਮਦਨ 40,000 ਅਮਰੀਕੀ ਡਾਲਰ ਤੋਂ ਘੱਟ ਹੈ। -ਪੀਟੀਆਈ

News Source link