ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਗਸਤ

ਸਿੱਖਿਆ ਮੰਤਰੀ ਦਾ ਵਿਰੋਧ ਕਰਨ ਪੁੱਜੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਖਾਸੀ ਖਿੱਚ-ਧੂਹ ਹੋਈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸਮਾਗਮ ਦਾ ਵਿਰੋਧ ਕਰਨ ਲਈ ਅੱਗੇ ਵਧ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲੀਸ ਨੇ ਜਦੋਜਹਿਦ ਮਗਰੋਂ ਹਿਰਾਸਤ ਵਿਚ ਲੈ ਲਿਆ। ਉਧਰ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਮੁਨੀਸ਼ ਫਾਜ਼ਿਲਕਾ ਲਗਾਤਾਰ ਚੌਥੇ ਦਿਨ ਵੀ ਸਿਵਲ ਹਸਪਤਾਲ ਕੰਪਲੈਕਸ ‘ਚ ਸਥਿਤ ਕਰੀਬ ਸੌ ਫੁੱਟ ਉਚੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਹੋਇਆ ਹੈ ਅਤੇ ਟੈਂਕੀ ਹੇਠਾਂ ਬੇਰੁਜ਼ਗਾਰ ਅਧਿਆਪਕਾਂ ਦਾ ਰੋਸ ਧਰਨਾ ਵੀ ਜਾਰੀ ਹੈ। ਸਿੱਖਿਆ ਮੰਤਰੀ ਸ਼ਹਿਰ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਮਾਗਮ ‘ਚ ਪੁੱਜੇ ਸੀ। ਇਸ ਦੀ ਭਿਣਕ ਪੈਂਦਿਆਂ ਹੀ ਬੇਰੁਜ਼ਗਾਰ ਅਧਿਆਪਕ ਸਕੂਲ ਨੇੜੇ ਪੁੱਜ ਗਏ ਜਿਥੇ ਪਹਿਲਾਂ ਹੀ ਪੁਲੀਸ ਨੇ ਬੈਰੀਕੇਡ ਲਗਾ ਕੇ ਨਾਕੇਬੰਦੀ ਕੀਤੀ ਹੋਈ ਸੀ। ਜਿਉਂ ਹੀ ਬੇਰੁਜ਼ਗਾਰ ਅਧਿਆਪਕ ਅੱਗੇ ਵਧਣ ਲੱਗੇ ਤਾਂ ਪੁਲੀਸ ਨਾਲ ਝੜਪ ਹੋ ਗਈ।

ਇਸ ਖਿੱਚ-ਧੂਹ ਵਿੱਚ ਦੋ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਸੜਕ ‘ਤੇ ਡਿੱਗ ਗਈਆਂ। ਬੇਰੁਜ਼ਗਾਰ ਮਹਿਲਾ ਅਧਿਆਪਕਾਂ ਦੀ ਪੁਲੀਸ ਨਾਲ ਕਾਫ਼ੀ ਤਕਰਾਰ ਵੀ ਹੋਈ। ਇਸੇ ਦੌਰਾਨ ਪੁਲੀਸ ਨੇ ਜਦੋਜਹਿਦ ਕਰਦਿਆਂ ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਕੇ ਬੱਸ ਵਿਚ ਚੜ੍ਹਾ ਲਿਆ ਜਿਨ੍ਹਾਂ ‘ਚੋ ਕੁੱਝ ਨੂੰ ਥਾਣਾ ਸਦਰ ਬਾਲੀਆਂ ਅਤੇ ਕੁੱਝ ਨੂੰ ਥਾਣਾ ਸਿਟੀ ਵਿਚ ਲਿਜਾਇਆ ਗਿਆ ਹੈ।

News Source link