ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਗਸਤ

ਥਾਣਾ ਬੱਧਨੀ ਕਲਾਂ ਦੇ ਤੱਤਕਾਲੀ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਦੀਆਂ ਮੁਸ਼ਕਲਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤੱਤਕਾਲੀ ਥਾਣਾ ਮੁਖੀ ਪਹਿਲਾਂ ਹੀ ਆਪਣੇ ਅਧੀਨ ਤਾਇਨਾਤ ਏਐੱਸਆਈ ਸਤਨਾਮ ਸਿੰਘ ਵੱਲੋਂ ਖ਼ੁਦਕੁਸ਼ੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ ਉੱਤੇ ਥਾਣਾ ਬੱਧਨੀ ਕਲਾਂ ਵਿਖੇ ਤੱਤਕਾਲੀ ਮੁਖੀ ਐੱਸਆਈ ਕਰਮਜੀਤ ਸਿੰਘ, ਏਐੱਸਆਈ ਜਸਵੰਤ ਰਾਏ, ਸਿਪਾਹੀ ਪਵਨ ਕੁਮਾਰ ਅਤੇ ਮਹਿਲਾ ਸਿਪਾਹੀ ਖ਼ਿਲਾਫ਼ ਆਈਪੀਸੀ ਦੀ ਧਾਰਾ 342 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ

ਮਨਜੀਤ ਕੌਰ ਪਤਨੀ ਨਿਰਮਲ ਸਿੰਘ ਵਾਸੀ ਮੱਦੋਕੇ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਹਾਈਕੋਰਟ ਦੇ ਹੁਕਮਾਂ ਉੱਤੇ ਐੱਫਆਈਆਰ ਦਰਜ ਹੋਈ ਹੈ। ਪੁਲੀਸ ਮੁਤਾਬਕ ਸ਼ਿਕਾਇਤਕਰਤਾ ਮਨਜੀਤ ਕੌਰ ਦਾ ਦੋਸ਼ ਹੈ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਧੀ ਪਰਮਜੀਤ ਕੌਰ ਅਤੇ ਉਸ ਦੇ ਜਵਾਈ ਸ਼ਿੰਦਾ ਸਿੰਘ ਨੂੰ ਬਿਨਾਂ ਕਿਸੇ ਹੁਕਮ ਦੇ ਥਾਣੇ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਹੈ। ਹਾਈਕੋਰਟ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ 3 ਸਤੰਬਰ ਤੋਂ ਪਹਿਲਾਂ ਇਹ ਐੱਫ਼ਆਈਆਰ ਦਰਜ ਕਰਨ ਅਤੇ ਇਸ ਕੇਸ ਦੀ ਵਿਸੇਸ਼ ਜਾਂਚ ਟੀਮ ਬਣਾ ਕੇ ਤਫ਼ਤੀਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ।

News Source link