ਨਵੀਂ ਦਿੱਲੀ, 23 ਅਗਸਤ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਨਕਮ ਟੈਕਸ ਭਰਨ ਦੇ ਨਵੇਂ ਇਲੈਕਟ੍ਰਾਨਿਕ ਪੋਰਟਲ ‘ਚ ਲਗਾਤਾਰ ਪੈ ਰਹੇ ਨੁਕਸ ‘ਤੇ ਫਿਕਰ ਜਤਾਉਂਦਿਆਂ ਇੰਫੋਸਿਸ ਦੇ ਚੀਫ ਐਗਜ਼ੀਕਿਊਟਿਵ ਅਧਿਕਾਰੀ (ਸੀਈਓ) ਸਲਿਲ ਪਾਰਿਖ ਨਾਲ ਮੁਲਾਕਾਤ ਕੀਤੀ। ਇੰਫੋਸਿਸ ਵੱਲੋਂ ਇਹ ਵੈੱਬਸਾਈਟ ਵਿਕਸਤ ਕੀਤੀ ਗਈ ਹੈ। ਵਿੱਤ ਮੰਤਰੀ ਨੇ ਇੰਫੋਸਿਸ ਨੂੰ ਪੋਰਟਲ ‘ਚ ਨੁਕਸ ਦੂਰ ਕਰਨ ਲਈ 15 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਆਪਣੇ ਦਫ਼ਤਰ ‘ਚ ਮੁਲਾਕਾਤ ਦੌਰਾਨ ਸੀਤਾਰਾਮਨ ਨੇ ਪਿਛਲੇ ਢਾਈ ਮਹੀਨਿਆਂ ਤੋਂ ਪੋਰਟਲ ‘ਚ ਪੈ ਰਹੇ ਨੁਕਸ ਨੂੰ ਦੂਰ ਨਾ ਕਰਨ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਪਾਰਿਖ ਅਤੇ ਉਨ੍ਹਾਂ ਦੀ ਟੀਮ ਨੇ ਪੋਰਟਲ ‘ਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਸਬੰਧੀ ਖਾਕਾ ਪੇਸ਼ ਕੀਤਾ ਹੈ। ਐਤਵਾਰ ਨੂੰ ਆਮਦਨ ਕਰ ਵਿਭਾਗ ਨੇ ਟਵਿੱਟਰ ‘ਤੇ ਦੱਸਿਆ ਸੀ ਕਿ ਮੁਸ਼ਕਲ ਜਾਣਨ ਲਈ ਵਿੱਤ ਮੰਤਰੀ ਨੇ ਪਾਰਿਖ ਨੂੰ ਤਲਬ ਕੀਤਾ ਹੈ। ਪੋਰਟਲ ਦੀ ਸ਼ੁਰੂਆਤ 7 ਜੂਨ ਨੂੰ ਹੋਈ ਸੀ ਅਤੇ ਇਹ 21 ਤੇ 22 ਅਗਸਤ ਰਾਤ ਤੱਕ ਨਹੀਂ ਚੱਲਿਆ। ਉਂਜ ਇੰਫੋਸਿਸ ਨੇ ਐਤਵਾਰ ਦੇਰ ਰਾਤ ਟਵੀਟ ਕਰਕੇ ਕਿਹਾ ਕਿ ਇਨਕਮ ਟੈਕਸ ਪੋਰਟਲ ਦੀ ਐਮਰਜੈਂਸੀ ਮੇਂਟੀਨੈਂਸ ਮੁਕੰਮਲ ਹੋ ਗਈ ਹੈ ਅਤੇ ਹੁਣ ਪੋਰਟਲ ਅਸਾਨੀ ਨਾਲ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਟੈਕਸਦਾਤਿਆਂ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫ਼ੀ ਵੀ ਮੰਗੀ ਸੀ। ਇਹ ਦੂਜੀ ਵਾਰ ਹੈ ਜਦੋਂ ਸੀਤਾਰਾਮਨ ਨੇ ਇਸ ਮੁੱਦੇ ‘ਤੇ ਇੰਫੋਸਿਸ ਦੀ ਟੀਮ ਨਾਲ ਮੁਲਾਕਾਤ ਕੀਤੀ ਹੈ। -ਪੀਟੀਆਈ

News Source link