ਵਿਜੈ ਮੋਹਨ

ਚੰਡੀਗੜ੍ਹ, 23 ਅਗਸਤ

ਥਲ ਸੈਨਾ ਦੇ ਚੋਣ ਬੋਰਡ ਨੇ ਭਾਰਤੀ ਥਲ ਸੈਨਾ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੂੰ 26 ਸਾਲ ਦੀਆਂ ਸੇਵਾਵਾਂ ਮੁਕੰਮਲ ਕਰਨ ਮਗਰੋਂ ਕਰਨਲ ਵਜੋਂ ਤਰੱਕੀ ਦੇੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਂਜ ਇਹ ਪਹਿਲੀ ਵਾਰ ਹੈ ਜਦੋਂ ਸਿਗਨਲਜ਼ ਕੋਰ, ਇਲੈਕਟ੍ਰਾਨਿਕ ਤੇ ਮਕੈਨੀਕਲ ਇੰਜਨੀਅਰਜ਼ ਕੋਰ ਤੇ ਇੰਜਨੀਅਰਜ਼ ਕੋਰ ‘ਚ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਕਰਨਲ ਦਾ ਰੈਂਕ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਰਨਲ ਦੇ ਅਹੁਦੇ ਲਈ ਉਹੀ ਮਹਿਲਾ ਅਧਿਕਾਰੀਆਂ ਯੋਗ ਸਨ, ਜਿਨ੍ਹਾਂ ਆਰਮੀ ਮੈਡੀਕਲ ਕੋਰ (ਏਐੱਮਸੀ), ਜੱਜ ਐਡਵੋਕੇਟ ਜਨਰਲ (ਜੇਏਜੀ) ਤੇ ਆਰਮੀ ਐਜੂਕੇਸ਼ਨ ਕੋਰ (ਏਈਸੀ) ਵਿੱਚ ਕੰਮ ਕੀਤਾ ਹੈ। ਕਰਨਲ ਵਜੋਂ ਤਰੱਕੀ ਲੈਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਜੇਏਜੀ ਤੋਂ ਸੀ। ਜਿਨ੍ਹਾਂ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ ਵਜੋਂ ਤਰੱਕੀ ਮਿਲੀ ਹੈ, ਉਨ੍ਹਾਂ ਵਿੱਚ ਸਿਗਨਲਜ਼ ਦੀ ਲੈਫਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈਐੱਮਈ ਤੋਂ ਲੈਫਟੀਨੈਂਟ ਕਰਨਲ ਸੋਨੀਆ ਆਨੰਦ ਤੇ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਇੰਜਨੀਅਰਜ਼ ਕੋਰ ਤੋਂ ਲੈਫਟੀਨੈਂਟ ਕਰਨਲ ਰੇਣੂ ਖ਼ੰਨਾ ਤੇ ਲੈਫਟੀਨੈਂਟ ਕਰਨਲ ਰਿਚਾ ਸਾਗਰ ਸ਼ਾਮਲ ਹਨ।

News Source link