ਨਵੀਂ ਦਿੱਲੀ, 16 ਅਗਸਤ

ਅਫ਼ਗ਼ਾਨਿਸਤਾਨ ਵਿੱਚ ਜਾਰੀ ਸੱਜਰੇ ਸੰਕਟ ਦਰਮਿਆਨ ਕਾਬੁਲ ਵਿੱਚ ਫਸੇ ਭਾਰਤੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਕੈਬਨਿਟ ਸਕੱਤਰ ਦੀ ਅਗਵਾਈ ਵਿੱਚ ਕੌਮੀ ਸੰਕਟ ਪ੍ਰਬੰਧਨ ਕਮੇਟੀ ਦੀ ਮੀਟਿੰਗ ਜਾਰੀ ਹੈ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਰਾਜੀਵ ਗਾਬਾ ਵੱਲੋਂ ਹਰ ਸੰਭਵ ਹੱਲ ‘ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਸਿਖਰਲੇ ਸਰਕਾਰੀ ਸੂਤਰਾਂ ਨੇ ਕਿਹਾ ਕਿ ਮੀਟਿੰਗ ਵਿੱਚ ਵਿਦੇਸ਼ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ। ਇਹ ਮੀਟਿੰਗ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਏਅਰ ਇੰਡੀਆ ਨੇ ਦਿੱਲੀ ਤੋਂ ਕਾਬੁਲ ਲਈ ਸਿੱਧੀ ਇਕੋ ਇਕ ਉਡਾਣ ਨੂੰ ਬੰਦ ਕਰ ਦਿੱਤਾ ਹੈ ਤੇ ਅਜੇ ਵੀ ਕਈ ਭਾਰਤੀ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਹਨ। ਉਂਜ ਅਜੇ ਇਹ ਸਾਫ਼ ਨਹੀਂ ਹੈ ਕਿ ਭਾਰਤ ਪਰਦੇ ਪਿਛਲੇ ਆਪਣੇ ਕਿਨ੍ਹਾਂ ਚੈਨਲਾਂ ਦੀ ਵਰਤੋਂ ਕਰਦਿਆਂ ਅਫ਼ਗਾਨਿਸਤਾਨ ਨਾਲ ਰਾਬਤਾ ਕਰਕੇ ਆਪਣੇ ਸਾਰੇ ਨਾਗਰਿਕਾਂ ਨੂੰ ਉਥੋਂ ਵਾਪਸ ਲਿਆਏਗਾ। ਰਿਪੋਰਟਾਂ ਮੁਤਾਬਕ ਕਾਬੁਲ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਅਫ਼ਗ਼ਾਨਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਕੱਢਣ ਲਈ ‘ਲੋੜੀਂਦੇ ਯਤਨ’ ਨਹੀਂ ਕਰ ਰਹੀ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਨੇ ਐਤਵਾਰ ਨੂੰ ਇਹ ਗੱਲ ਕਹੀ ਸੀ ਕਿ ਉਹ ਸਾਰੇ ਭਾਰਤੀਆਂ ਨੂੰ ਉਥੋਂ ਨਹੀਂ ਕੱਢ ਸਕਦੀ ਤੇ ਹਰੇਕ ਨੂੰ ਵਾਪਸ ਆਉਣ ਲਈ ਪ੍ਰਬੰਧ ਕਰਨਾ ਹੋਵੇਗਾ। ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਕਾਬੁਲ ਵਿਚ ਫਸੇ ਭਾਰਤੀਆਂ ਨੂੰ ਉਨ੍ਹਾਂ ਦੀ ਹੋਣੀ ‘ਤੇ ਕਿਵੇਂ ਛੱਡ ਸਕਦੀ ਹੈ।

News Source link