ਸਿੱਖ ‘ਪੇਨ’, ਸਿਰਦਾਰ ਕਪੂਰ ਸਿੰਘ ਤੇ ਉਨ੍ਹਾਂ ਦੇ ਅਜੋਕੇ ਪੈਰੋਕਾਰ


(ਕੀ ਸਿੱਖਾਂ ਨੂੰ 1947 ਵਿੱਚ ਖਾਲਿਸਤਾਨ ਮਿਲਦਾ ਸੀ?)

-ਹਰਚਰਨ ਸਿੰਘ ਪ੍ਰਹਾਰ-
Tel.: 403-681-8689 Email: [email protected]


”ਮਾਰਚ, 1946 ਦੇ ਸ਼ੁਰੂ ਵਿੱਚ ਸਰ ਜੋਗਿੰਦਰਾ ਸਿੰਘ ਦਿੱਲੀ ਮਿਲ਼ੇ, ਜੋ ਕਿ ਉਸ ਵਕਤ ਵਾਇਸਰਾਏ ਦੀ ਐਗਜੈਕਟਿਵ ਕੌਂਸਲ ਦੇ ਸਿੱਖ ਮੈਂਬਰ ਸਨ।ਉਹ ਬੜੇ ਉਚ ਬੁੱਧੀ, ਧੀਰਜ ਸੁਭਾਵ ਤੇ ਸ਼ਰਧਾਵਾਨ ਸਿੱਖ ਸਨ ਅਤੇ ਵਿਦਿਆ, ਗਿਆਨ ਦੇ ਪਾਰਖੂ ਕਦਰਦਾਨ ਸਨ। ‘ਕੈਬੇਨਿਟ ਮਿਸ਼ਨ’ ਬਾਰੇ ਗੱਲ ਚੱਲੀ ਤਾਂ ਕਹਿਣ ਲੱਗੇ ਕਿ ਬਰਤਾਨੀਆ ਦੀ ਇਹ ਵਜ਼ੀਰ ਮੰਡਲੀ ਤਨੋ-ਮਨੋ ਚਾਹਵਾਨ ਹੈ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਛੱਡ ਜਾਣ ਤੋਂ ਪਹਿਲਾਂ, ਕੋਈ ਅਜਿਹਾ ਪੱਕਾ ਬਾਨ੍ਹਣੂੰ ਬੰਨ੍ਹਿਆ ਜਾ ਸਕੇ, ਜਿਸ ਨਾਲ਼ ਸਿੱਖ ਸੁਤੰਤਰ ਹਿੰਦੁਸਤਾਨ ਵਿੱਚ ਆਪਣੇ ਪੈਰਾਂ ਤੇ ਪੱਕੇ ਤੌਰ ਤੇ ਖੜੋ ਸਕਣ? ਮੈਂ ਪੁੱਛਿਆ, ‘ਤੁਸੀਂ ਸਿੱਖਾਂ ਲਈ ਕੀ ਕਰ ਸਕਦੇ ਹੋ?’ ਸਰ ਜੋਗਿੰਦਰਾ ਸਿੰਘ ਕਹਿਣ ਲੱਗੇ ਕਿ ਪਾਕਿਸਤਾਨ ਦੀ ਤਰਜ਼ ਤੇ ਖਾਲਿਸਤਾਨ? ਕੇਵਲ ਇਹੋ ਰਾਹ ਸਿੱਖਾਂ ਲਈ ਸੁਰੱਖਿਅਤ ਨਹੀਂ ਤੇ ਨਾ ਹੀ ਇਹ ਗੁਰੂ ਦੀ ਇੱਛਾ ਭਾਸਦੀ ਹੈ? ਸਿੱਖ ਸਾਰੇ ਹਿੰਦੁਸਤਾਨ ਅਤੇ ਹਿੰਦੂਆਂ ਦੇ ਪੁੱਜ ਕੇ ਖੈਰ-ਖਾਹ (Well-wishers) ਹਨ ਕਿਉਂਕਿ ਹਿੰਦੂਆਂ ਨਾਲ਼ ਸਾਡੇ ਬੜੇ ਡੂੰਘੇ ਤੇ ਸੁਖਾਵੇਂ ਸਬੰਧ ਹਨ।ਪਰ ਮੌਜੂਦਾ ਹਾਲਾਤਾਂ ਵਿੱਚ ਸਤਿਗੁਰੂ ਨੇ ਸਿੱਖਾਂ ਦਾ ਜੀਵਨ-ਮਰਨ ਹਿੰਦੁਸਤਾਨ ਦੇ ਮੁਸਲਮਾਨਾਂ ਤੇ ਇਸਲਾਮ ਨਾਲ਼ ਨੱਥੀ ਕੀਤਾ ਹੋਇਆ ਹੈ? ਇਸ ਵਿੱਚ ਵੀ ਕੋਈ ਰੱਬੀ ਭੇਤ ਹੈ? ਮੁਸਲਮਾਨਾਂ ਦੀ ਨਿਰੀ ਮੁਖਾਲਫਤ ਕਰਕੇ ਨਾ ਅਸੀਂ ਹਿੰਦੂਆਂ ਦਾ ਕੁਝ ਸਵਾਰ ਸਕਦੇ ਹਾਂ ਤੇ ਨਾ ਹਿੰਦੁਸਤਾਨ ਦੀ ਸੇਵਾ ਕਰ ਸਕਦੇ ਹਾਂ, ਸਗੋਂ ਮੁਸਲਮਾਨਾਂ ਦਾ ਸਹਿਯੋਗ ਕਰਕੇ ਅਖੰਡ ਭਾਰਤ ਲਈ ਹਿੰਦੂਆਂ-ਮੁਸਲਮਾਨਾਂ ਵਿੱਚ ਭਰਾਤਰੀ ਭਾਵ ਲਈ ਵਿਚੋਲਗੀ ਕਰ ਸਕਦੇ ਹਾਂ।ਇਹੋ ਸਿੱਖਾਂ ਤੇ ਸਿੱਖੀ ਦਾ ਮਿਸ਼ਨ ਹੈ, ਜੋ ਗੁਰੂਆਂ ਨੇ ਸਾਨੂੰ ਸੌਂਪਿਆ ਹੈ?’ ਮੈਂ (ਸਿਰਦਾਰ ਕਪੂਰ ਸਿੰਘ) ਉਨ੍ਹਾਂ ਨੂੰ ਕਿਹਾ: ‘ਤੁਸੀਂ ਜੋ ਕਹਿ ਰਹੇ ਹੋ, ਇਸ ਬਾਰੇ ਮੇਰੇ ਅੰਦਰ ਧੁੰਦਲੇ ਜਿਹੇ ਰੂਪ ਵਿੱਚ ਵਿਚਾਰ ਬਣੇ ਹੋਏ ਹਨ, ਮੇਰਾ ਮਨ ਵੀ ਇਸੇ ਪਾਸੇ 1932 ਤੋਂ ਕਦੇ-ਕਦੇ ਜਾਂਦਾ ਰਿਹਾ ਹੈ। ਮੈਂ ਇਸ ਬਾਰੇ ਤੁਹਾਨੂੰ ਆਪਣੀਆਂ ਕੈਂਬਰਿਜ਼ ਦੀਆਂ ਯਾਦਾਂ ਵਿਸਥਾਰ ਵਿੱਚ ਦੱਸ ਚੁੱਕਾ ਹਾਂ।’ ਅਗਲੇ ਦਿਨ ਸਰ ਜੋਗਿੰਦਰਾ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਾਰ ਮੈਨੂੰ ਦਿਖਾਈ, ਜਿਸ ਵਿੱਚ ਲਿਖਿਆ ਸੀ: ‘ਤੁਹਾਨੂੰ ‘ਕੈਬੇਨਿਟ ਮਿਸ਼ਨ’ ਨਾਲ਼ ਸਿੱਖਾਂ ਬਾਰੇ ‘ਕੋਈ’ ਗੱਲਬਾਤ ਕਰਨ ਦਾ ਪੰਥ ਵਲੋਂ ‘ਕੋਈ’ ਅਧਿਕਾਰ ਨਹੀਂ ਹੈ।ਕਰੋਗੇ ਤਾਂ ਅਕਾਲੀ ਦਲ ਤੁਹਾਡੀ ਜਹੀ ਤਹੀ ਫੇਰੇਗਾ।’ (ਵਲੋਂ-ਗਿਆਨੀ ਕਰਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ)। ਉਹ ਕਹਿਣ ਲੱੱਗੇ ਕਿ ਮੇਰੇ ਹੱਥੋਂ ਐਸ ਵੇਲੇ ਪੰਥ ਦੀ ਕੁਝ ਸੇਵਾ ਹੋ ਸਕਦੀ ਤਾਂ ਮੈਂ ਗੁਰਪੁਰੀ ਵਿੱਚ ਸੁਰਖੁਰੂ ਹੋ ਕੇ ਜਾਂਦਾ। ਮੈਂ ਕੁਛ ਨਾ ਬੋਲਿਆ ਤੇ ਚੁੱਪ ਕਰਕੇ ਟੁਰ ਆਇਆ। (ਕਿਤਾਬ ‘ਸਾਚੀ ਸਾਖੀ’ ਵਿੱਚੋਂ ਸਿਰਦਾਰ ਕਪੂਰ ਸਿੰਘ ਤੇ ਸਰ ਜੋਗਿੰਦਰਾ ਸਿੰਘ ਦੀ ਗੱਲਬਾਤ ਦੇ ਪੰਨਾ 101-104 ਤੇ ਦਰਜ ਕੁਝ ਅੰਸ਼)।
ਅਕਤੂਬਰ-ਨਵੰਬਰ 1946 ਵਿੱਚ ਮਾਸਟਰ ਤਾਰਾ ਸਿੰਘ ਨੇ ਬਿਆਨ ਦਿੱਤਾ: ‘ਸਿੱਖ ਸੌ ਫੀਸਦੀ ਹਿੰਦੂਆਂ ਦੇ ਨਾਲ਼ ਹਨ। ਪਰ ਕਾਂਗਰਸ ਨਾਲ਼ ਸਿੱਖਾਂ ਦਾ ਮਤਭੇਦ ਹੈ। ਸਿੱਖਾਂ ਨੂੰ ਡਰ ਹੈ ਕਿ ਕਾਂਗਰਸ ਕਿਤੇ ਪਾਕਿਸਤਾਨ ਦੇਣਾ ਨਾ ਮੰਨ ਜਾਵੇ, ਪਾਕਿਸਤਾਨ ਸਿੱਖਾਂ ਦੀਆਂ ਲਾਸ਼ਾਂ ਤੇ ਬਣੇਗਾ?’ (ਸਾਚੀ ਸਾਖੀ: ਪੰਨਾ-125)
ਸਾਚੀ ਸਾਖੀ ਵਿੱਚ ਇਸ ਕਿਸਮ ਦੇ ਅਨੇਕਾਂ ਵੇਰਵੇ ਦਰਜ ਹਨ, ‘ਜਿਨ੍ਹਾਂ ਤੋਂ ਉਸ ਦੌਰ ਵਿੱਚ ਸਿੱਖ ਪੇਨ (ਸਿੱਖੀ ਦਰਦ) ਜਾਂ ਦਬਿਧਾ ਦੀ ਦੱਸ ਤਾਂ ਪੈਂਦੀ ਹੈ, ਪਰ ਉਨ੍ਹਾਂ ਨੂੰ ਕਰਨਾ ਕੀ ਚਾਹੀਦਾ ਸੀ ਤੇ ਕਰ ਕੀ ਰਹੇ ਸਨ, ਇਸਦਾ ਸਪੱਸ਼ਟ ਰੂਪ ਵਿੱਚ ਕੁਝ ਵੀ ਪਤਾ ਨਹੀਂ ਲਗਦਾ? ਲਗਦਾ ਇੰਝ ਹੈ ਕਿ ਸਿੱਖ ਲੀਡਰਸ਼ਿਪ 1947 ਤੱਕ ਤਾਂ ਇਸ ਪੱਖ ਤੋਂ ਲੜ ਰਹੀ ਸੀ ਕਿ ਅਸੀਂ ਭਾਰਤ ਅਤੇ ਹਿੰਦੂਆਂ ਨਾਲ਼ ਹਾਂ, ਇਹ ਸਾਡੇ ਭਾਈ ਹਨ, ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ ਤੇ ਅਸੀਂ ਅਖੰਡ ਭਾਰਤ ਵਿੱਚ ਹੀ ਰਹਿਣਾ ਹੈ।ਉਹ ਮੁਸਲਮਾਨਾਂ ਨਾਲ਼ ਕਿਸੇ ਵੀ ਸਮਝੌਤੇ ਤੋਂ ਇਨਕਾਰੀ ਸਨ ਤੇ ਪਾਕਿਸਤਾਨ ਬਣਾਉਣ ਦੀ ਹਰ ਤਰ੍ਹਾਂ ਵਿਰੋਧਤਾ ਕਰਦੇ ਸਨ।ਫਿਰ ਭਾਰਤ ਅਜ਼ਾਦ ਹੋਣ ਤੋਂ ਜਲਦ ਬਾਅਦ ਹੀ ਅਜਾਦੀ ਦੀ ਲੜਾਈ ਵਿੱਚ ਮੂਹਰੇ ਹੋ ਕੇ ਲੜਨ ਵਾਲੇ ਬਾਬਾ ਖੜਕ ਸਿੰਘ, ਊਧਮ ਸਿੰਘ ਨਾਗੋਕੇ, ਮੋਹਣ ਸਿੰਘ ਨਾਗੋਕੇ, ਸਰਦੂਲ ਸਿੰਘ ਕਵੀਸ਼ਰ, ਈਸ਼ਰ ਸਿੰਘ ਮਝੈਲ, ਦਰਸ਼ਨ ਸਿੰਘ ਫੇਰੂਮਾਨ, ਗਿਆਨੀ ਕਰਤਾਰ ਸਿੰਘ, ਪ੍ਰਤਾਪ ਸਿੰਘ ਕੈਰੋਂ ਆਦਿ ਲਗਭਗ ਸਾਰੇ ਹੀ ਚੋਟੀ ਦੇ ਸਿੱਖ ਸਿਆਸਤਦਾਨਾਂ ਤੋਂ ਪਾਸੇ ਹੋ ਕੇ ਮਾਸਟਰ ਤਾਰਾ ਸਿੰਘ ਨੇ ‘ਪੰਥ ਨੂੰ ਖਤਰਾ’ ਅਤੇ ‘ਸਿੱਖਾਂ ਨਾਲ਼ ਵਿਤਕਰੇ’ ਦਾ ਨਾਹਰਾ ਚੁੱਕ ਲਿਆ।ਬਾਅਦ ਵਿੱਚ ਡਾ. ਅੰਬੇਦਕਰ ਅਤੇ ਕੁਝ ਹੋਰ ਮੁਦੱਬਰ ਵਿਦਵਾਨਾਂ ਵਲੋਂ ਸਮਝਾਉਣ ਤੇ ਉਹ ਬੋਲੀ ਦੇ ਅਧਾਰ ਤੇ ਪੰਜਾਬੀ ਸੂਬੇ ਦੀ ਸਹੀ ਮੰਗ ਤੇ ਤਾਂ ਆ ਗਏ, ਪਰ ਆਪਣੀ ਰਾਜਸੀ ਸੂਝ-ਬੂਝ ਦੀਆਂ ਕਮਜ਼ੋਰੀਆਂ ਕਾਰਨ ਪੰਜਾਬੀ ਬੋਲਣ ਵਾਲ਼ੇ ਹਿੰਦੂਆਂ, ਦਲਿਤਾਂ ਤੇ ਅਨੇਕਾਂ ਹੋਰ ਭਾਈਚਾਰਿਆਂ ਦਾ ਵਿਸ਼ਵਾਸ਼ ਕਦੇ ਵੀ ਨਾ ਜਿੱਤ ਸਕੇ।ਪਹਿਲਾਂ ਭੀਮ ਸਿੰਘ ਸੱਚਰ ਅਤੇ ਫਿਰ ਪ੍ਰਤਾਪ ਸਿੰਘ ਕੈਰੋਂ ਵਰਗੇ ਲਾਇਕ ਪੰਜਾਬ ਹਿਤਾਇਸ਼ੀ ਮੁੱਖ ਮੰਤਰੀਆਂ ਨਾਲ਼ ਲੜਦਿਆਂ-ਭਿੜਦਿਆਂ, ਉਨ੍ਹਾਂ ਸਿੱਖ ਸਿਆਸਤ ਨੂੰ ਅਜਿਹੀ ਮੰਝਧਾਰ ਵਿੱਚ ਫਸਾਈ ਰੱਖਿਆ, ਜਿਸ ਵਿੱਚੋਂ ਸਿੱਖ ਲੀਡਰਸ਼ਿਪ ਤੇ ਵਿਦਵਾਨ ਮੰਡਲੀ ਅੱਜ ਤੱਕ ਵੀ ਨਿਕਲ਼ ਨਹੀਂ ਸਕੀ? ਇਸ ਦੌਰ ਵਿੱਚ ਪੰਜਾਬ ਦੇ ਭਾਈਚਾਰਕ ਮਾਹੌਲ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਲਈ ਹਿੰਦੀ ਨੂੰ ਖਤਰੇ ਦੀ ਬੇਬੁਨਿਆਦ ਤੇ ਫਿਰਕੂ ਦੁਹਾਈ ਚੁੱਕ ਕੇ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਫਿਰਕੂ ਤੰਗ ਨਜ਼ਰੀ ਦਾ ਮੁਜ਼ਾਹਰਾ ਕਰਦਿਆਂ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਜਿਸਨੇ ਪੰਜਾਬ ਦੀ ਹਿੰਦੂ ਜਨਤਾ ਦੀ ਵੱਡੀ ਗਿਣਤੀ ਨੂੰ ਪੰਜਾਬੀ ਨੂੰ ਮਾਤ ਭਾਸ਼ਾ ਮੰਨਣ ਤੋਂ ਇਨਕਾਰੀ ਕਰਾ ਦਿੱਤਾ। ਜਦੋਂ 1966 ਵਿੱਚ ਪੰਜਾਬੀ ਸੂਬਾ ਐਨ ਬਣਨ ਕਿਨਾਰੇ ਸੀ ਤਾਂ ਪੰਜਾਬ ਦਾ ਪੱਖ ਹੱਦਬੰਦੀ ਕਮਿਸ਼ਨ ਸਾਹਮਣੇ ਠੋਸ ਰੂਪ ਵਿੱਚ ਰੱਖਣ ਦੀ ਥਾਂ ਮਾਸਟਰ ਜੀ ਭਾਰਤ ਅੰਦਰ ਅਜਿਹੇ ‘ਸਿੱਖ ਹੋਮਲੈਂਡ’ ਦਾ ਮਤਾ ਪਾਸ ਕਰਨ ਦੇ ਰਾਹ ਤੁਰ ਪਏ, ਜਿਸ ਵਿੱਚ ਸਿੱਖਾਂ ਦੀ ਤਸੱਲੀ ਨਾ ਹੋਣ ਤੇ ਉਨ੍ਹਾਂ ਨੂੰ ਭਾਰਤੀ ਸੰਘ ਤੋਂ ਵੱਖ ਹੋਣ ਦਾ ਅਧਿਕਾਰ ਹੋਵੇ। ਇਸ ਪ੍ਰਥਾਏ ਸਿਰਦਾਰ ਕਪੂਰ ਸਿੰਘ, ਜੋ ਖੁਦ ਸਿੱਖ ਹੋਮਲੈਂਡ ਦੇ ਹਮਾਇਤੀ ਸਨ, ‘ਸਾਚੀ ਸਾਖੀ’ ਵਿੱਚ ਮਾਸਟਰ ਤਾਰਾ ਸਿੰਘ ਬਾਰੇ ਇਉਂ ਲਿਖਦੇ ਹਨ: ‘ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਬੁੱਧ-ਹੀਣ, ਬਿਬੇਕ-ਹੀਣ, ਰਾਜ-ਹਠ ਦੀ ਪ੍ਰਦਰਸ਼ਨੀ ਕੀਤੀ ਸੀ ਕਿ ਮਤੇ ਵਿੱਚ ਇਹ ਲਿਖੋ ਕਿ ‘ਸਿੱਖ ਹੋਮਲੈਂਡ’ ਭਾਰਤ ਅੰਦਰ ਬਣੇ, ਪਰ ਇਸਨੂੰ ਜਦ ਚਾਹੇ ਭਾਰਤ ਤੋਂ ਵੱਖ ਹੋਣ ਦਾ ਅਧਿਕਾਰ ਦਿੱਤਾ ਜਾਵੇ?’ ਮੈਂ ਉਸ ਸਮੇਂ ਅਕਾਲੀ ਦਲ ਵਲੋਂ ਐਮ ਪੀ ਸੀ ਅਤੇ ਇਸਦੇ ਵਿਰੁੱਧ ਡਟ ਗਿਆ ਕਿ ਹੁਣ ਭਾਰਤ ਦੇ ਸੰਵਿਧਾਨ ਅਨੁਸਾਰ ਭਾਰਤ ਤੋਂ ਵੱਖ ਹੋਣ ਦੀ ਮੰਗ ਕਰਨ ਤੇ 10 ਸਾਲ ਦੀ ਜ਼ੇਲ੍ਹ ਹੋ ਸਕਦੀ ਹੈ, ਇਸ ਲਈ ਜਿਸਨੂੰ 10 ਸਾਲ ਜ਼ੇਲ੍ਹ ਜਾਣ ਦਾ ਚਾਅ ਹੈ, ਉਹ ਹੀ ਇਸ ਮਤੇ ਤੇ ਸਾਈਨ ਕਰੇ।ਦੂਜਾ, ਕੀ ਅਕਾਲੀ ਲੀਡਰ, ਕਾਂਗਰਸੀ ਹਿੰਦੂਆਂ ਨੂੰ ਇਤਨੇ ਗਧੇ ਜਾਂ ਰਾਜਨੀਤੀ ਤੋਂ ਕੋਰੇ ਸਮਝਦੇ ਹਨ ਕਿ ਉਹ ਸਿੱਖਾਂ ਹੱਥ ਭਾਰਤ ਨੂੰ ਤੋੜਨ ਦਾ ਕੁਹਾੜਾ ਫੜਾ ਦੇਣ? (ਸਾਚੀ ਸਾਖੀ: ਪੰਨਾ-126-12)
ਸਮਕਾਲੀ ਖਾਲਿਸਤਾਨੀ ਲੀਡਰਸ਼ਿਪ, ਸਿਰਦਾਰ ਕਪੂਰ ਸਿੰਘ ਦੀ ‘ਸਾਚੀ ਸਾਖੀ’ ਨੂੰ ਧਰਮ ਅਧਾਰਿਤ ਵੱਖਰੇ ਸਿੱਖ ਰਾਜ ‘ਖਾਲਿਸਤਾਨ’ ਦਾ ਇੱਕ ਅਹਿਮ ਦਸਤਾਵੇਜ ਮੰਨਦੀ ਹੈ, ‘ਸਾਚੀ ਸਾਖੀ’ ਵਿਚਲੀ ਉਪਰਲੀ ਵਾਰਤਾਲਾਪ ਤੋਂ ਕੁਝ ਗੱਲਾਂ ਬਿਲਕੁਲ ਸਪੱਸ਼ਟ ਹਨ ਕਿ 1947 ਤੱਕ ਜਾਂ ਬਾਅਦ ਵਿੱਚ ਵੀ ਸਿੱਖਾਂ ਦੀ ਕਿਸੇ ਵੀ ਧਿਰ ਦੀ ਵੱਖਰਾ ਸਿੱਖ ਰਾਜ ‘ਖਾਲਿਸਤਾਨ’ ਕਦੇ ਵੀ ਮੰਗ ਨਹੀਂ ਸੀ, ਸਿੱਖਾਂ ਦੀਆਂ ਸਾਰੀਆਂ ਧਿਰਾਂ ਨਾ ਸਿਰਫ ਅਖੰਡ ਭਾਰਤ ਵਿੱਚ ਹੀ ਰਹਿਣਾ ਚਾਹੁੰਦੀਆਂ ਸਨ, ਸਗੋਂ ਸਾਰੇ ਮੁਸਲਿਮ ਲੀਗ ਦੀ ਧਰਮ ਅਧਾਰਿਤ ਮੁਸਲਿਮ ਸਟੇਟ ‘ਪਾਕਿਸਤਾਨ’ ਦੀ ਮੰਗ ਦੇ ਕੱਟੜ ਵਿਰੋਧੀ ਸਨ, ਸਿੱਖਾਂ ਦੀਆਂ ਸਾਰੀਆਂ ਧਿਰਾਂ ਕਿਸੇ ਵੀ ਹਾਲਤ ਵਿੱਚ ਭਾਰਤ ਦੀ ਵੰਡ ਦੀਆਂ ਵਿਰੋਧੀ ਸਨ, ਜੇ ਕਦੇ ਕੋਈ ਸਿੱਖ ਲੀਡਰ, ਸਿੱਖ ਸਟੇਟ ਜਾਂ ਵੱਖਰੇ ਸਿੱਖ ਰਾਜ ਦੀ ਗੱਲ ਕਰਦਾ ਵੀ ਸੀ ਤਾਂ ਉਹ ਪਾਕਿਸਤਾਨ ਦੀ ਵਿਰੋਧਤਾ ਲਈ ਕਰਦਾ ਸੀ ਨਾ ਕਿ ਸਿੱਖਾਂ ਦੀ ਮੰਗ ਦੇ ਤੌਰ ਤੇ।ਫਿਰ ਕਿਸ ਅਧਾਰ ਤੇ ਮੌਜੂਦਾ ਖਾਲਿਸਤਾਨੀ ਧਿਰਾਂ ਇਹ ਦਾਅਵਾ ਕਰਦੀਆਂ ਹਨ ਕਿ ਅੰਗਰੇਜ਼ ਸਿੱਖਾਂ ਨੂੰ ‘ਖਾਲਿਸਤਾਨ’ ਦਿੰਦੇ ਸਨ, ਪਰ ‘ਮੂਰਖ’ ਸਿੱਖ ਲੀਡਰਾਂ ਨੇ ਲਿਆ ਨਹੀਂ? ਕੀ ਕਦੇ ਉਹ ਇਸ ਸਵਾਲ ਦਾ ਕਿਸੇ ਇਤਿਹਾਸਕ ਹਵਾਲੇ ਨਾਲ਼ ਜਵਾਬ ਦੇਣਗੇ? ਜਦ ਸਿੱਖਾਂ ਦੀ 1947 ਤੱਕ ਅਜਿਹੀ ਕੋਈ ਮੰਗ ਹੀ ਨਹੀ ਸੀ ਤਾਂ ਦੇਣ ਦਾ ਸਵਾਲ ਕਿੱਥੋਂ ਪੈਦਾ ਹੋਣਾ ਸੀ? ਮਿ. ਜਿਨਾਹ ਦੀ ਜੀਵਨੀ ਪੜ੍ਹ ਕੇ ਦੇਖੋ ਕਿਵੇਂ ਉਸਨੇ ਹਰ ਪਾਸਿਉਂ ਭਾਰੀ ਵਿਰੋਧ ਦੇ ਬਾਵਜੂਦ ਧਰਮ ਅਧਾਰਿਤ ਮੁਸਲਿਮ ਬਹੁ-ਗਿਣਤੀ ਵਾਲ਼ੇ ਇਲਾਕਿਆਂ ਨੂੰ ਪਾਕਿਸਤਾਨ ਬਣਾਉਣ ਦੀ ਆਪਣੀ ਜਿੱਦ ਨਹੀਂ ਛੱਡੀ, ਬੇਸ਼ਕ ਇਸ ਕਰਕੇ ਲੱਖਾਂ ਬੇਗੁਨਾਹ ਲੋਕਾਂ ਨੂੰ ਜਾਨਾਂ ਦੇਣੀਆਂ ਪਈਆਂ ਅਤੇ ਲੱਖਾਂ ਲੋਕ ਜਮੀਨਾਂ, ਜਾਇਦਾਦਾਂ, ਘਰ ਛੱਡ ਕੇ ਸ਼ਰਨਾਰਥੀ ਕੈਂਪਾਂ ਵਿੱਚ ਰੁਲ਼ਦੇ ਰਹੇ।
ਇਸ ਸਬੰਧੀ ਖਾਲਿਸਤਾਨੀ ਸੰਕਲਪ ਦੇ ਮੌਜੂਦਾ ਸਿਧਾਂਤਕ ਵਿਆਖਿਆਕਾਰ ਤੇ ਸਿੱਖ ਚਿੰਤਕ ਸ. ਅਜਮੇਰ ਸਿੰਘ ਆਪਣੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ’ ਵਿੱਚ ਪੰਨਾ 79 ਤੇ ਲਿਖਦੇ ਹਨ: ”ਸਿੱਖ ਆਗੂ ਖ਼ੁਦ ਇਸ ਮੰਗ (ਵੱਖਰੇ ਸਿੱਖ ਰਾਜ: ਖਾਲਿਸਤਾਨ) ਪ੍ਰਤੀ ਗੰਭੀਰ ਨਹੀਂ ਸਨ ਅਤੇ ਉਹ ਇਸਨੂੰ ਪਾਕਿਸਤਾਨ ਦੀ ਮੰਗ ਦਾ ਵਿਰੋਧ ਕਰਨ ਲਈ ਇੱਕ ਹਥਿਆਰ ਦੇ ਤੌਰ ਤੇ ਵਰਤ ਰਹੇ ਸਨ।” ਇਸ ਸਬੰਧੀ, ਉਹ ਇਸੇ ਕਿਤਾਬ ਦੇ ਪੰਨਾ 80 ਤੇ ਲਿਖਦੇ ਹਨ: ”ਜਿਥੇ ਸਿੱਖ ਪੰਥ ਅੰਦਰ ਇੱਕ ਕੌਮ ਵਾਲ਼ੀਆਂ ਸਾਰੀਆਂ ਵਿਸ਼ੇਸ਼ਤਾਈਆਂ ਵਿਦਮਾਨ ਸਨ, ਉਥੇ ਇਸਦੀ ਆਜ਼ਾਦ ਸਟੇਟ ਦੀ ਸਥਾਪਨਾ ਦੇ ਰਾਹ ਵਿੱਚ ਇੱਕ ਬਹੁਤ ਵੱਡੀ ਅਮਲੀ ਮੁਸ਼ਕਿਲ ਆ ਖੜੀ ਸੀ।ਇਤਿਹਾਸ ਦਾ ਵਿਹਾਰ ਕੁਝ ਇਸ ਤਰ੍ਹਾਂ ਚੱਲਿਆ ਕਿ ਸਿੱਖ ਵਸੋਂ ਕਿਸੇ ਇੱਕ ਬੱਝਵੇਂ ਖਿੱਤੇ ਅੰਦਰ ਇਕੱਤਰ ਹੋਣ ਦੀ ਥਾਂ ਦੂਰ ਤੱਕ ਖਿਲਰ ਗਈ ਸੀ।ਸਿੱਟੇ ਵਜੋਂ ਉਹ ਕਿਸੇ ਬੱਝਵੇਂ ਖਿੱਤੇ ਅੰਦਰ ਬਹੁ-ਗਿਣਤੀ ਦਾ ਰੁਤਬਾ ਹਾਸਿਲ ਨਹੀਂ ਕਰ ਸਕੀ।” ਸ. ਅਜਮੇਰ ਸਿੰਘ ਸਿੱਖ ਪੰਥ ਬਾਰੇ ਮੰਨਦੇ ਹਨ ਕਿ ‘ਸਿੱਖ ਇੱਕ ਵੱਖਰੀ ਕੌਮ ਹੈ’, ਪਰ ਅਜਮੇਰ ਸਿੰਘ ਵਲੋਂ ਸਿੱਖੀ ਦੇ ਇੱਕ ਹੋਰ ਸਿਧਾਂਤਕਾਰ ਡਾ. ਗੁਰਭਗਤ ਸਿੰਘ ਦੇ ਲੇਖਾਂ ਨੂੰ ਸੰਪਾਦਿਤ ਕਰਕੇ ਲਿਖੀ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ’ ਵਿੱਚ ਪੰਨਾ 48 ਤੇ ਡਾ. ਗੁਰਭਗਤ ਸਿੰਘ ਜੀ ਆਪਣੇ ਲੇਖ ‘ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ’ ਵਿੱਚ ਲਿਖਦੇ ਹਨ: ”ਸਟਾਲਿਨ ਦੇ 1913 ਵਿੱਚ ‘ਕੌਮਵਾਦ’ ਬਾਰੇ ਪ੍ਰਕਾਸ਼ਿਤ ਪੈਂਫਲਿਟ ਤੋਂ ਪਿੱਛੋਂ ਵਿਸ਼ਵ ਪੱਧਰ ਤੇ ਕੌਮ, ਕੌਮੀਅਤ ਅਤੇ ਕੌਮਵਾਦ ਬਾਰੇ ਚਰਚਾ ਕਾਫੀ ਗਰਮ ਰਹੀ ਹੈ।ਹੁਣ ਕਿਸੇ ਖੇਤਰ ਦੇ ਲੋਕਾਂ ਨੂੰ ‘ਕੌਮ’ ਦੇ ਤੌਰ ਤੇ ਸਵੀਕਾਰ ਹੋਣ ਲਈ ਸਿਧਾਂਤਕ ਅਤੇ ਵਿਵਹਾਰਕ ਪੱਧਰ ਉਤੇ ਪੰਜ ਅੰਸ਼ਾਂ ਦੀ ਪ੍ਰਾਪਤੀ ਜਰੂਰੀ ਹੈ।ਉਹ ਪੰਜ ਅੰਸ਼ ਹਨ: ਸਾਂਝੀ ਭਾਸ਼ਾ, ਵਿਲੱਖਣ ਖੇਤਰ, ਆਰਥਿਕ ਇਕਸਾਰਤਾ, ਸਮੂਹਿਕ ਚਰਿਤਰ ਅਤੇ ਕੌਮੀ ਮਾਰਕੀਟ। ਜੇ ਵਿਲੱਖਣ ਖੇਤਰ ਜਾਂ ਪ੍ਰਭੂ ਸੰਪਨ ਇਲਾਕਾ ਨਾ ਹੋਵੇ ਤਾਂ ਉਹ ਲੋਕ ਕੌਮੀਅਤ ਹਨ, ਪਰ ਕੌਮ ਨਹੀਂ।” ਇਥੇ ਸਭ ਤੋਂ ਵੱਧ ਗੰਭੀਰਤਾ ਨਾਲ਼ ਨੋਟ ਕਰਨ ਵਾਲ਼ੀ ਗੱਲ ਇਹ ਹੈ ਕਿ ਡਾ ਗੁਰਭਗਤ ਸਿੰਘ ਵਲੋਂ ਕਿਸੇ ਲੋਕਾਂ ਦੇ ਸਮੂਹ ਨੂੰ ਕੌਮ ਬਣਨ ਲਈ ਜਿਹੜੇ ਪੰਜ ਅੰਸ਼ ਜਰੂਰੀ ਦੱਸੇ ਹਨ, ਉਨ੍ਹਾਂ ਵਿੱਚ ਧਰਮ ਨੂੰ ਕੋਈ ਮਾਨਤਾ ਨਹੀਂ, ਜਦਕਿ ਕਪੂਰ ਸਿੰਘ, ਅਜਮੇਰ ਸਿੰਘ, ਗੁਰਤੇਜ ਸਿੰਘ ਤੇ ਹੋਰ ਸਿੱਖ ਵਿਦਵਾਨਾਂ ਵਲੋਂ ‘ਵੱਖਰੀ ਕੌਮ’ ਦੇ ਅਧਾਰ ਤੇ ਆਪਣੀ ਵੱਖਰੀ ਸਿੱਖ ਸਟੇਟ ਦਾ ਅਧਾਰ ਹੀ ਮੁੱਖ ਰੂਪ ਵਿੱਚ ਧਰਮ ਹੈ? ‘ਕੌਮਾਂ’ ਦੀ ਵਿਸ਼ਵ ਪ੍ਰਮਾਣਿਤ ਪ੍ਰੀਭਾਸ਼ਾ ਅਨੁਸਾਰ ‘ਪੰਜਾਬੀ ਕੌਮ’ ਤਾਂ ਬਣਦੀ ਹੈ, ਜਿਸ ਵਿੱਚ ਡਾ. ਗੁਰਭਗਤ ਸਿੰਘ ਅਨੁਸਾਰ ਸਾਰੇ ਪੰਜ ਅੰਸ਼ ਮੌਜੂਦ ਹਨ, ਪਰ ‘ਸਿੱਖ ਕੌਮ’ ਨਹੀਂ ਬਣਦੀ, ਪਰ ਸਾਡੇ ਵਿਦਵਾਨ ਇਸ ਤੱਥ ਤੋਂ ਇਨਕਾਰੀ ਹੋ ਕੇ ਹਮੇਸ਼ਾਂ ‘ਧਰਮ ਅਧਾਰਿਤ ਕੌਮ’ ਦੇ ਸੰਕਲਪ ਦੀ ਦੁਬਿਧਾ ਦਾ ਸ਼ਿਕਾਰ ਹਨ।
ਸਾਡੇ ਉਚਕੋਟੀ ਦੇ ਵਿਦਵਾਨ, ਕਿਸ ਤਰ੍ਹਾਂ ਦੁਬਿਧਾ ਦਾ ਸ਼ਿਕਾਰ ਹੋ ਕੇ ਆਪਾ-ਵਿਰੋਧੀ ਗੱਲਾਂ ਕਰਦੇ ਹਨ, ਉਸਦਾ ਪ੍ਰਮਾਣ ਇਸੇ ਕਿਤਾਬ ਦੇ ਅਗਲੇ ਦੋ ਪਹਿਰਿਆਂ ਤੋਂ ਮਿਲਦਾ ਹੈ, ਜਦੋਂ ਡਾ. ਗੁਰਭਗਤ ਸਿੰਘ ਇਸੇ ਵਿਸ਼ੇ ਬਾਰੇ ਲਿਖਦੇ ਹਨ: ‘ਪੰਜਾਬ ਨੇ ਇਹ ਪੰਜ ਅੰਸ਼ ਕੇਵਲ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਵਿੱਚ ਪ੍ਰਾਪਤ ਕੀਤੇ।ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ, ਪ੍ਰਭੂ-ਸਤ੍ਹਾ ਸੰਪਨ ਰਾਜ ਸੀ।ਉਹ ਉਸ ਸਮੇਂ ਦੇ ਭਾਰਤੀ ਰਾਜ-ਪ੍ਰਬੰਧ ਤੋਂ ਸੁਤੰਤਰ ਸੀ।ਉਦੋਂ ਪੰਜਾਬ ਵਿੱਚ ਤਿੱਬਤ ਅਤੇ ਅਫਗਾਨਿਸਤਾਨ ਦੇ ਕੁਝ ਹਿੱਸੇ ਵੀ ਸ਼ਾਮਿਲ ਸਨ। ਕਵੀ ਸ਼ਾਹ ਮੁਹੰਮਦ ਨੇ ਆਪਣੇ ‘ਜੰਗਨਾਮਾ’ ਵਿਚ ਇਸ ਗੱਲ ਦੀ ਸਾਖੀ ਭਰੀ ਹੈ ਕਿ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੀ ‘ਵੱਡੀ ਸਾਂਝ’ ਸੀ। ਜਦੋਂ ਸ਼ਾਹ ਮੁਹੰਮਦ, ਰਣਜੀਤ ਸਿੰਘ ਨੂੰ ‘ਸਰਕਾਰ’ ਆਖਦਾ ਹੈ ਤਾਂ ਉਹ ਸਾਂਝੇ ਪੰਜਾਬ ਦਾ ਪ੍ਰਤੀਕ ਹੈ।’ਖਾਲਸਾ’ ਫੌਜ ਸ਼ਾਹ ਮੁਹੰਮਦ ਲਈ ਸਾਂਝੇ ਪੰਜਾਬ ਦੀ ਫੌਜ ਹੈ, ਪੰਜਾਬ ਦੀ ਸੁਤੰਤਰ ਹੋਂਦ ਲਈ ਲੜਨ ਵਾਲ਼ੀ ਫੌਜ ਹੈ।’ਖਾਲਸਾ’ ਸ਼ਬਦ ਵੀ ਸ਼ਾਹ ਮੁਹੰਮਦ ਲਈ ਇੱਕ ਧਰਮ ਜਾਂ ਫਿਰਕੇ ਦਾ ਸੂਚਕ ਨਹੀਂ, ਸਗੋਂ ਇੱਕ ਸੰਕਲਪ, ਇੱਕ ਚੇਤੰਨਤਾ, ਇੱਕ ਕੌਮ ਦਾ ਸੂਚਕ ਚਿੰਨ੍ਹ ਹੈ।’ ਇੱਕ ਪਾਸੇ ਸਾਡੇ ਵਿਦਵਾਨ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਨੂੰ ਸਰਬ-ਸਾਂਝਾ ਰਾਜ ਦੱਸਦੇ ਹਨ, ਜਿਥੇ ਸਿੱਖਾਂ ਦੀ ਅਬਾਦੀ 12-13% ਸੀ, ਪਰ ਸਾਰੀ ਹਿੰਦੂ-ਮੁਸਲਮਾਨ ਵਸੋਂ ਬੜੇ ਮਾਣ ਨਾਲ਼ ਰਹਿੰਦੀ ਸੀ।ਦੂਜੇ ਪਾਸੇ ਇਨ੍ਹਾਂ ਹੀ ਵਿਦਵਾਨਾਂ ਵਲੋਂ ਸੰਕਲਪੇ ਜਾ ਰਹੇ ਸਿੱਖ ਰਾਜ ‘ਖਾਲਿਸਤਾਨ’ ਵਿੱਚ ਹਿੰਦੂਆਂ, ਦਲਿਤਾਂ, ਹੋਰ ਭਾਈਚਾਰਿਆਂ ਦੀ ਤਾਂ ਗੱਲ ਹੀ ਛੱਡੋ, ਸਿੱਖਾਂ ਦੀ ਮੇਨ ਸਟਰੀਮ ਵਿਚਾਰਧਾਰਾ ਤੋਂ ਵੱਖ ਹੋ ਕੇ ਚੱਲ ਰਹੇ ਫਿਰਕਿਆਂ ਰਾਧਾ ਸਵਾਮੀਆਂ, ਨਿਰੰਕਾਰੀਆਂ, ਨਾਮਧਾਰੀਆਂ ਆਦਿ ਲਈ ਵੀ ਕੋਈ ਥਾਂ ਨਹੀਂ ਅਤੇ ਨਾ ਹੀ ਵੱਖਰੀ ਰਾਜਨੀਤਕ ਵਿਚਾਧਾਰਾ ਰੱਖਣ ਵਾਲ਼ੇ ਕਾਮਰੇਡਾਂ ਲਈ ਕੋਈ ਥਾਂ ਹੈ? ਇੱਕ ਪਾਸੇ ਇਹ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਨੂੰ ‘ਪੰਜਾਬੀ ਕੌਮ’ ਦੇ ਸਾਂਝੇ ਰਾਜ ਦੇ ਤੌਰ ਤੇ ਉਭਾਰਦੇ ਹਨ, ਦੂਜੇ ਪਾਸੇ ਹੁਣ ਸਿਰਫ ‘ਸਿੱਖ ਕੌਮ’ ਲਈ ਵੱਖਰੇ ਰਾਜ ਦੀ ਗੱਲ ਕਰਦੇ ਹਨ, ਜਿਥੇ ‘ਹਿੰਦੂ’ ਸਭ ਤੋਂ ਵੱਡੀ ਦੁਸ਼ਮਣ ਧਿਰ ਹੈ? ਸਮਝ ਨਹੀਂ ਆਉਂਦੀ ਕਿ ਸਾਡੇ ਵਿਦਵਾਨ ਅਸਲ ਵਿੱਚ ਕਰਨਾ ਕੀ ਚਾਹੁੰਦੇ ਹਨ? ਕੀ ਸਾਡੇ ਇਹ ਵਿਦਵਾਨ ਦੱਸ ਸਕਦੇ ਹਨ ਕਿ ਪੰਜਾਬ ਵਿੱਚ ਹਿੰਦੂਆਂ, ਦਲਿਤਾਂ ਤੇ ਹੋਰ ਫਿਰਕਿਆਂ ਦੇ ਸਹਿਯੋਗ ਤੋਂ ਬਿਨਾਂ ਅਤੇ ਹਰ ਇੱਕ ਨੂੰ ਦੁਸ਼ਮਣ ਗਰਦਾਨ ਕੇ ਕੋਈ ਸੰਘਰਸ਼ ਜਿੱਤ ਸਕਦੇ ਹਨ? ਪੰਜਾਬ ਦਾ ਜਾਂ ਸਿੱਖਾਂ ਦਾ ਕੋਈ ਭਲਾ ਕਰ ਸਕਦੇ ਹਨ?
ਸਾਡਾ ਸਵਾਲ ਇਹ ਹੈ ਕਿ ਸਿੱਖੀ ਜਾਂ ਖਾਲਿਸਤਾਨ ਦੇ ਸਿਧਾਂਤਕ ਵਿਆਖਿਆਕਾਰ ਇਹ ਮਹਾਨ ਵਿਦਵਾਨ ‘ਸਿੱਖ ਸਟੇਟ’ ਦੀ ਮੰਗ ਰੱਖਣ ਤੋਂ ਪਹਿਲਾਂ ਇਹ ਫੈਸਲਾ ਤਾਂ ਕਰ ਲੈਣ ਕਿ ਕੀ ‘ਸਿੱਖ ਇੱਕ ਵੱਖਰੀ ਕੌਮ ਹੈ’ ਜਾਂ ‘ਇੱਕ ਵੱਖਰਾ ਧਾਰਮਿਕ ਫਿਰਕਾ’? ਕੀ ‘ਧਰਮ’ ਨੂੰ ਆਧਾਰ ਬਣਾ ਕੇ ਕਿਸੇ ਜਨ ਸਮੂਹ ਨੂੰ ਕੌਮ ਬਣਾਇਆ ਜਾ ਸਕਦਾ ਹੈ? ਇੱਕ ਗੱਲ ਹੋਰ ਸਮਝਣ ਵਾਲ਼ੀ ਹੈ ਕਿ ਜੇ ਕਿਸੇ ਕੌਮ ਦਾ ਅਧਾਰ ਧਰਮ ਹੀ ਮੁੱਖ ਹੋਵੇ ਤਾਂ ਧਰਮ ਅਧਾਰਿਤ ਬਣਿਆ ਪਾਕਿਸਤਾਨ ਦੋ ਦਹਾਕੇ ਵੀ ਕਿਉਂ ਨਾ ਚੱਲ ਸਕਿਆ ਕਿ ਅਖੀਰ ਵੱਖਰਾ ‘ਬੰਗਲਾ ਦੇਸ਼’ ਬਣਾਉਣਾ ਪਿਆ ਅਤੇ ਹੁਣ ਪਾਕਿਸਤਾਨ ਵਿੱਚ ਵੱਖਰੇ ‘ਬਲੋਚਿਸਤਾਨ’ ਦੀ ਲੜਾਈ ਲੰਬੇ ਸਮੇਂ ਤੋਂ ਚੱਲ ਰਹੀ ਹੈ।ਅਰਬ ਦੇ ਕੁਰਦ ਮੁਸਲਮਾਨ 4 ਪ੍ਰਮੁੱਖ ਮੁਸਲਿਮ ਦੇਸ਼ਾਂ ਇਰਾਕ, ਇਰਾਨ, ਸੀਰੀਆ ਤੇ ਟਰਕੀ ਵਿੱਚ ਵਸਦੇ ਹਨ, ਪਰ ਲੰਬੇ ਸਮੇਂ ਤੋਂ ਆਪਣੇ ਮੁਸਲਮਾਨ ਭਰਾਵਾਂ ਨਾਲ਼ ਹੀ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਜੇ ਧਰਮ ਹੀ ਕਿਸੇ ਕੌਮ ਲਈ ਮੁੱਖ ਧੁਰਾ ਹੁੰਦਾ ਤਾਂ ‘ਕੁਰਦਾਂ’ ਨੂੰ ਮੁਸਲਮਾਨ ਹੋਣ ਦੇ ਬਾਵਜੂਦ ਮੁਸਲਿਮ ਦੇਸ਼ਾਂ ਵਿੱਚ ਹੀ ਬੇਅੰਤ ਦੁਸ਼ਵਾਰੀਆਂ ਦਾ ਸਾਹਮਣਾ ਨਾ ਕਰਨਾ ਪੈਂਦਾ।ਜੇ ਧਰਮ ਹੀ ਇੱਕੋ-ਇੱਕ ਲੋਕਾਂ ਨੂੰ ਬੰਨ੍ਹਣ ਵਾਲੀ ਤਾਕਤ (Binding Force) ਹੁੰਦੀ ਤਾਂ ਕਿਸੇ ਸਮੇਂ ਸਾਰਾ ਯੂਰਪ ਇਸਾਈਅਤ ਦੇ ਪ੍ਰਭਾਵ ਥੱਲੇ ਸੀ, ਪਰ ਇੰਗਲੈਂਡ, ਸਪੇਨ, ਜਰਮਨੀ ਆਦਿ ਵੱਡੇ ਦੇਸ਼ 1000 ਸਾਲ ਇਸਾਈ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਖਿਲਾਫ ਲੜਦੇ ਰਹੇ ਹਨ। ਉਪਰਲੀ ਚਰਚਾ ਤੋਂ ਇੱਕ ਅਹਿਮ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇ ਮੰਨ ਲਉ 1947 ਦੇ ਦੌਰ ਵਿੱਚ ਖਾਲਿਸਤਾਨ ਮਿਲ਼ਦਾ ਸੀ, ਪਰ ਸਿੱਖਾਂ ਦੀ ਕਿਸੇ ਖਿੱਤੇ ਵਿੱਚ ਬਹੁ-ਗਿਣਤੀ ਨਾ ਹੋਣ ਕਾਰਨ, ਸਿੱਖਾਂ ਕੋਲ਼ੋਂ ਉਹ ਮੌਕਾ ਖੁਸ ਗਿਆ, ਕੀ ਸਾਡੇ ਖਾਲਿਸਤਾਨੀ ਵਿਦਵਾਨ ਤੇ ਲੀਡਰ, ਦੁਨੀਆਂ ਨੂੰ ਦੱਸ ਸਕਦੇ ਹਨ ਕਿ ਦੁਨੀਆਂ ਦਾ ਹੁਣ ਕਿਹੜਾ ਅਜਿਹਾ ਖਿੱਤਾ ਹੈ, ਜਿਥੇ ਸਿੱਖਾਂ ਦੀ ਬਹੁ-ਗਿਣਤੀ ਹੈ? ਮੌਜੂਦਾ ਪੰਜਾਬ ਵਿੱਚ ਵੀ ਹਿੰਦੂਆਂ ਤੇ ਦਲਿਤਾਂ ਨੂੰ ਬਾਹਰ ਕੱਢ ਕੇ ਸਿੱਖਾਂ ਦੀ ਵਸੋਂ 35% ਤੋਂ ਜ਼ਿਆਦਾ ਨਹੀਂ ਹੈ? ਸਿੱਖਾਂ ਵਿਚੋਂ ਰਾਧਾ ਸਵਾਮੀ, ਨਿਰੰਕਾਰੀ, ਨਾਮਧਾਰੀ ਆਦਿ ਕਿਤਨੇ ਛੋਟੇ ਫਿਰਕੇ ਹਨ, ਜਿਨ੍ਹਾਂ ਪ੍ਰਤੀ ਪੰਥਕ ਧਿਰਾਂ ਤ੍ਰਿਸਕਾਰ ਦੀ ਭਾਵਨਾ ਰੱਖਦੀਆਂ ਹਨ? ਕੀ ਕਦੇ ਪੰਥਕ ਧਿਰਾਂ ਨੇ ਦਲਿਤ ਤੇ ਹੋਰ ਹੋਰ ਜਾਤਾਂ ਦੇ ਲੋਕਾਂ ਬਾਰੇ ਸੋਚਿਆ ਹੈ ਕਿ ਉਨ੍ਹਾਂ ਵਿੱਚੋਂ ਵੀ ਕਿਤਨੇ ਕੁ ਸਿੱਖ ਖਾਲਿਸਤਾਨ ਦੇ ਹਾਮੀ ਹਨ? ਜੇ ਮੰਨ ਲਉ ਸਾਰੇ ਸਿੱਖ ਵੀ ਖਾਲਿਸਤਾਨ ਦੇ ਹਾਮੀ ਹੋਣ ਤਾਂ ਵੀ ਕੀ 65% ਦੀ ਮਰਜੀ ਤੋਂ ਬਿਨਾਂ ਮੌਜੂਦਾ ਪੰਜਾਬ ਤੇ ਮੌਜੂਦਾ ਹਾਲਾਤਾਂ ਵਿੱਚ ‘ਖਾਲਿਸਤਾਨ’ ਸੰਭਵ ਹੋ ਸਕਦਾ ਹੈ? ਜੇ ਇਹ ਧਿਰਾਂ ਆਪਣੀ 35% ਵਸੋਂ ਨਾਲ਼ ਹੀ ਵੱਖਰਾ ਰਾਜ ਬਣਾਉਣਾ ਚਾਹੁੰਦੀਆਂ ਹਨ ਤਾਂ ਕੀ ਕਦੇ ਉਨ੍ਹਾਂ ਸਰਵੇਖਣ ਕੀਤਾ ਹੈ ਕਿ ਮੌਜੂਦਾ ਪੰਜਾਬ ਦੇ ਕਿਹੜੇ ਜ਼ਿਲ਼੍ਹਿਆਂ ਵਿੱਚ ਸਿੱਖਾਂ ਦੀ ਵੱਧ ਗਿਣਤੀ ਹੈ, ਜਿਥੇ ਬਾਕੀ ਸਾਰਿਆਂ ਨੂੰ ਪ੍ਰਵਾਸ ਕਰਾ ਕੇ ‘ਇਜਰਾਈਲ’ ਵਾਂਗ ਸਿੱਖਾਂ ਨੂੰ ਵਸਾ ਕੇ ਸਿੱਖ ਹੋਮਲੈਂਡ ਬਣਾ ਦਿੱਤਾ ਜਾਵੇ?
ਜੇ ਸਿਰਦਾਰ ਕਪੂਰ ਸਿੰਘ ਦੀ ‘ਸਾਚੀ ਸਾਖੀ’ ਤੇ ਅਜਮੇਰ ਸਿੰਘ ਦੀ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਨੂੰ ਖਾਲਿਸਤਾਨ ਦੇ ਸੰਕਲਪਾਂ ਦੀ ਵਿਆਖਿਆ ਦੇ ਗ੍ਰੰਥ ਮੰਨੀਏ ਤਾਂ ਉਥੋਂ ਇਹ ਸਪੱਸ਼ਟ ਹੈ ਕਿ ਜਿਸ ਤਰ੍ਹਾਂ ਸਿੱਖ ਲੀਡਰਸ਼ਿਪ 47 ਤੋਂ ਪਹਿਲਾਂ ‘ਸਿੱਖ ਇੱਕ ਵੱਖਰੀ ਕੌਮ’ ਜਾਂ ‘ਸਿੱਖ ਸਟੇਟ’ ਪ੍ਰਤੀ ਅਨੇਕਾਂ ਦੁਬਿਦਾਵਾਂ ਤੇ ਭੰਬਲਭੂਸਿਆਂ ਦੀ ਸ਼ਿਕਾਰ ਸੀ, ਉਸੇ ਤਰ੍ਹਾਂ ਅੱਜ ਹੈ। ਇਥੋਂ ਤੱਕ ਕਿ ਸਿੱਖ ਵਿਦਵਾਨ ਵੀ ਇਸ ਦੁਬਿਧਾ ਦਾ ਸ਼ਿਕਾਰ ਹਨ? ਅਜਮੇਰ ਸਿੰਘ ਵਲੋਂ ਸੰਪਾਦਿਤ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਕਿਤਾਬ ‘ਸਿੱਖ ਦ੍ਰਿਸ਼ਟੀ ਦਾ ਗੌਰਵ’ ਦੇ ਪੰਨਾ 56 ਤੇ ਗੁਰਭਗਤ ਸਿੰਘ ਜੀ ਆਪਣੇ ਲੇਖ ‘ਸਿਰਦਾਰ ਕਪੂਰ ਸਿੰਘ ਸਿੱਖ ਚਿੰਤਨ ਦੀ ਵਿਲੱਖਣਤਾ ਦਾ ਵਿਆਖਿਆਕਾਰ’ ਵਿੱਚ ਸਿਰਦਾਰ ਕਪੂਰ ਸਿੰਘ ਨੂੰ ਭਾਈ ਗੁਰਦਾਸ ਜੀ ਬਰਾਬਰ ਸਿੱਖੀ ਦੇ ਸਿਧਾਂਤਕ ਵਿਆਖਿਆਕਾਰ ਕਹਿ ਕੇ, ਇਵੇਂ ਸਿਜਦਾ ਕਰਦੇ ਹਨ: ”ਭਾਈ ਗੁਰਦਾਸ ਤੋਂ ਪਿਛੋਂ ਸਾਡੇ ਇਸ ਇੱਕੋ-ਇੱਕ ਪ੍ਰਮਾਣਿਕ ਵਿਆਖਿਆਕਾਰ ਨੂੰ ਪ੍ਰਣਾਮ ਕਰਕੇ, ਮੈਂ ਕੁਝ ਰਿਣ ਅਦਾ ਕਰ ਰਿਹਾ ਹਾਂ।” ਪਰ ਭਾਈ ਗੁਰਦਾਸ ਜੀ ਵਰਗੀ ਪ੍ਰਤਿਭਾ ਦੇ ਮਾਲਕ ਸਿਰਦਾਰ ਕਪੂਰ ਸਿੰਘ ਨੇ ਆਪਣੀ ਸ਼ਾਹਕਾਰ ਰਚਨਾ ‘ਸਾਚੀ ਸਾਖੀ’ ਵਿੱਚ ਕਿਤੇ ਵੀ ਸਪੱਸ਼ਟ ਤੌਰ ਤੇ ਨਹੀਂ ਕਿਹਾ ਕਿ ਉਹ ਕਦੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੇ ਹਾਮੀ ਸਨ, ਸਗੋਂ ਉਨ੍ਹਾਂ ‘ਸਿੱਖ ਹੋਮਲੈਂਡ’ ਦਾ ਮਤਾ ਲਿਆਉਂਦਿਆਂ ਭਾਰਤੀ ਸੰਘ ਤੋਂ ਵੱਖ ਹੋਣ ਦੀ ਲਾਈਨ ਤੇ ਇਤਰਾਜ਼ ਉਠਾਉਂਦਿਆਂ, ਮਾਸਟਰ ਜੀ ਦੀ ਖੁੰਭ ਕਿਵੇਂ ਠੱਪੀ ਸੀ ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕਪੂਰ ਸਿੰਘ ਜੀ ਭਾਰਤ ਅੰਦਰ ਸਿੱਖ ਹੋਮਲੈਂਡ ਦੀ ਗੱਲ ਵੀ ਕਰਦੇ ਸਨ, ਪਰ ਸਪੱਸ਼ਟ ਕਿਤੇ ਵੀ ਨਹੀਂ ਸਨ ਕਿ ਸਟੇਟ ਅੰਦਰ ਸਟੇਟ ਕਿਵੇਂ ਬਣੇ? ਉਹ ਭਾਰਤ ਦੇ ਹਿੰਦੂ ਸਤਾਨਤੀ ਵਿਰਸੇ ਦੇ ਵੀ ਬਹੁਤ ਕਾਇਲ ਸਨ, ਇਸੇ ਕਰਕੇ ਭਾਰਤ ਤੋਂ ਵੱਖ ਹੋ ਕੇ ਵੱਖਰੀ ਸਿੱਖ ਸਟੇਟ ਦੇ ਵੀ ਹੱਕ ਵਿੱਚ ਨਹੀਂ ਸਨ? ਜਿਸ ਤਰ੍ਹਾਂ ਸਿਰਦਾਰ ਸਾਹਿਬ ਸਪੱਸ਼ਟ ਨਹੀਂ ਸਨ, ਉਸੇ ਤਰ੍ਹਾਂ ਉਨ੍ਹਾਂ ਦੇ ਅਜੋਕੇ ਵਾਰਿਸ ਗੁਰਤੇਜ ਸਿੰਘ, ਅਜਮੇਰ ਸਿੰਘ ਵਰਗੇ ਵਿਦਵਾਨ ਨਹੀਂ ਹਨ?
ਸ. ਅਜਮੇਰ ਸਿੰਘ ਆਪਣੀ ਇਸੇ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਦੇ ਪੰਨਾ 80 ਤੇ ਲਿਖਦੇ ਹਨ ਕਿ ਜਿਸ ਤਰ੍ਹਾਂ 1948 ਵਿੱਚ ਕੁਝ ਵੱਡੀਆਂ ਤਾਕਤਾਂ ਨੇ ਯਹੂਦੀਆਂ ਲਈ ਇੱਕ ਵੱਖਰੀ ਸਟੇਟ ‘ਇਜ਼ਰਾਈਲ’ ਬਣਾਈ ਸੀ, ਭਾਵੇਂ ਕਿ ਉਸ ਖਿੱਤੇ ਵਿੱਚ ਯਹੂਦੀਆਂ ਦੀ ਅਬਾਦੀ ਮਹਿਜ 6% ਸੀ।ਸਿੱਖ ਲੀਡਰਾਂ ਨੂੰ ਵੀ ਉਸੇ ਤਰਜ਼ ਤੇ ਪੰਜਾਬ ਵਿੱਚ ਸਿੱਖਾਂ ਦੀ ਘੱਟ-ਗਿਣਤੀ ਹੋਣ ਦੇ ਬਾਵਜੂਦ ਆਪਣੀ ‘ਸਿੱਖ ਸਟੇਟ’ ਦੀ ਮੰਗ ਰੱਖਣੀ ਚਾਹੀਦੀ ਸੀ? ਪਰ ਕੀ ਅਜਮੇਰ ਸਿੰਘ ਜੀ ਨੂੰ ਪਤਾ ਨਹੀਂ ਕਿ ‘ਇਜ਼ਰਾਈਲ’ ਦੇਸ਼ ਕਿਨ੍ਹਾਂ ਹਾਲਾਤਾਂ ਵਿੱਚ ਤੇ ਕਿਹੜੇ ਮੰਤਵਾਂ ਲਈ ਵੱਡੀਆਂ ਪੱਛਮੀ ਤਾਕਤਾਂ ਨੇ ਬਣਾਇਆ ਸੀ? ਅੱਜ ਸਾਰੀ ਦੁਨੀਆਂ ਜਾਣਦੀ ਹੈ ਕਿ ਪੱਛਮੀ ਤਾਕਤਾਂ ਨੇ ਅਰਬ ਦੇਸ਼ਾਂ ਵਿੱਚ ਯਹੁਦੀ ਦੇਸ਼ ਬਣਾ ਕੇ ਅਜਿਹਾ ਸੇਹ ਦਾ ਤੱਕਲ਼ਾ ਗੱਡਿਆ ਸੀ, ਜੋ ਸਦੀਆਂ ਤੱਕ ਸਾਰੀ ਦੁਨੀਆਂ ਦੇ ਚੁੱਭਦਾ ਰਹੇਗਾ? ਮੁਸਲਿਮ ਦੇਸ਼ਾਂ ਨੇ ਇਸਨੂੰ ਕਦੇ ਮਾਨਤਾ ਨਹੀਂ ਦੇਣੀ ਤੇ ਕਿਸੇ ਸਮੇਂ ਇਸ ਖਿੱਤੇ ਦਾ ਵਿਵਾਦ ਦੁਨੀਆਂ ਦੇ ਵਿਨਾਸ਼ ਦਾ ਕਾਰਨ ਬਣ ਸਕਦਾ ਹੈ? ਇਥੇ ਇਹ ਵੀ ਵਰਨਣਯੋਗ ਹੈ ਕਿ ਇਸਾਈ (ਸੇਂਟ ਪਾਲ ਮੌਕੇ) ਆਪਣੇ ਜਨਮ ਤੋਂ ਹੀ ਪਿਛਲੇ 2 ਹਜ਼ਾਰ ਸਾਲਾਂ ਤੋਂ ਲਗਾਤਾਰ ਯਹੂਦੀਆਂ ਤੇ ਜ਼ੁਲਮ ਕਰਦੇ ਰਹੇ ਸਨ, ਇਹ ਜ਼ੁਲਮ ਦੂਜੀ ਸੰਸਾਰ ਜੰਗ ਤੋਂ ਬਾਅਦ ਜਾ ਕੇ ਰੁਕੇ ਸਨ। 14-15 ਵੀਂ ਸਦੀ ਵਿੱਚ ਯੂਰਪ ਦੀ ਅੱਧੀ ਵਸੋਂ ਮਹਾਂਮਾਰੀ ਨਾਲ਼ ਮਾਰੀ ਗਈ ਸੀ, ਇਸਾਈਆਂ ਨੇ ‘ਯਹੂਦੀ ਪਲੇਗ ਦੇ ਪਿਸੂ ਹਨ’ ਕਹਿ ਕੇ ਪਲੇਗ ਦਾ ਸਾਰਾ ਭਾਂਡਾ ਯਹੂਦੀਆਂ ਸਿਰ ਭੰਨਿਆ ਕਿ ਇਨ੍ਹਾਂ ਕਰਕੇ ਮਹਾਂਮਾਰੀ ਫੈਲੀ ਹੈ, ਲੱਖਾਂ ਯਹੂਦੀ ਸਾਰੇ ਯੁਰਪ ਵਿੱਚੋਂ ਲੱਭ-ਲੱਭ ਕੇ ਮਾਰੇ ਗਏ ਸਨ।ਪਿਛਲੀ ਸਦੀ ਵਿੱਚ ਕਿਵੇਂ ਹਿਟਲਰਸ਼ਾਹੀ ਨੇ 60 ਲੱਖ ਯਹੂਦੀ ਬਿਨਾਂ ਕਿਸੇ ਭੜਕਾਹਟ ਮਾਰੇ ਸਨ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ? ਇਸਦੇ ਮੁਕਾਬਲੇ ਜਿਸ ਤਰ੍ਹਾਂ ਅੱਜ ਦੇ ਵਿਦਵਾਨ ਹਿੰਦੂਆਂ-ਸਿੱਖਾਂ ਦੀ ਦੁਸ਼ਮਣੀ ਪੇਸ਼ ਕਰਦੇ ਹਨ, ਕਦੇ ਇਤਿਹਾਸ ਵਿੱਚ ਹਿੰਦੂਆਂ ਨੇ ਸਿੱਖਾਂ ਨਾਲ਼ ਅਜਿਹੀ ਦੁਸ਼ਮਣੀ ਕੀਤੀ ਹੀ ਨਹੀਂ। ਸਗੋਂ ਇਤਿਹਾਸ ਅਨੁਸਾਰ 18ਵੀਂ ਸਦੀ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤਾਂ ਹਿੰਦੂਆਂ ਦੇ ਮੁੰਡੇ ਸਿੰਘ ਸਜ ਕੇ ਸਿੱਖੀ ਲਹਿਰ ਦਾ ਹਿੱਸਾ ਬਣ ਜਾਂਦੇ ਸਨ।ਸਵਾਮੀ ਦਇਆ ਨੰਦ ਅਤੇ ਚੰਦ ਸਿਰ-ਫਿਰੇ ਵਿਦਵਾਨਾਂ ਦੀਆਂ ਸਿੱਖ ਧਰਮ ਬਾਰੇ ਕੁਝ ਟਿੱਪਣੀਆਂ ਤੋਂ ਬਿਨਾਂ ਤੋਂ ਕਿਸੇ ਵੀ ਵੱਡੇ ਹਿੰਦੂ ਵਿਦਵਾਨ ਨੇ ਸਿੱਖ ਧਰਮ ਬਾਰੇ ਸ਼ਾਇਦ ਹੀ ਕੁਝ ਗਲਤ ਲਿਖਿਆ ਹੋਵੇ।ਜੇ ਸਵਾਮੀ ਦਇਆ ਨੰਦ ਦੇ ‘ਸਤਿਆਰਥ ਪ੍ਰਕਾਸ਼’ ਗ੍ਰੰਥ ਨੂੰ ਪੜ੍ਹੋ ਤਾਂ ਉਸ ਵਿੱਚ ਅੱਧਾ ਗ੍ਰੰਥ ਤਾਂ ਇਸ ਤੋਂ ਵੀ ਵੱਧ ਤਿੱਖੀਆਂ ਟਿੱਪਣੀਆਂ ਹਨ, ਜੋ ਸਨਾਤਨ ਹਿੰਦੂ ਧਰਮ, ਇਸਾਈਅਤ ਤੇ ਇਸਲਾਮ ਬਾਰੇ ਹਨ।ਇਸਦੇ ਉਲਟ ਇਸਾਈ ਧਰਮਾਂ ਵਿੱਚ ਸੇਂਟ ਪਾਲ, ਮਾਰਟਿਨ ਲੂਥਰ ਤੋਂ ਲੈ ਕੇ ਕੋਈ ਵੀ ਵੱਡਾ ਚਿੰਤਕ ਅਜਿਹਾ ਨਹੀਂ ਹੋਇਆ, ਜਿਸਨੇ ਯਹੂਦੀਆਂ ਬਾਰੇ ਬੇ-ਸਿਰ ਪੈਰ, ਊਟ ਪਟਾਂਗ ਨਾ ਲਿਖਿਆ ਹੋਵੇ। ‘ਵੱਖਰੇ ਸਿੱਖ ਹੋਮਲੈਂਡ’ ਦੇ ਵਾਰਿਸਾਂ ਨੂੰ ਸਾਡਾ ਸਵਾਲ ਹੈ ਕਿ ਜੇ ਖਾਲਿਸਤਾਨ ਇਜਰਾਈਲ ਦੀ ਤਰਜ ਤੇ ਵੱਡੀਆਂ ਤਾਕਤਾਂ ਰਾਹੀਂ ਬਣ ਵੀ ਜਾਵੇ ਤਾਂ ਇਸ ਨਾਲ਼ ਸਿੱਖਾਂ ਜਾਂ ਸਰਬੱਤ ਦਾ ਭਲਾ ਕਿੰਨਾ ਕੁ ਹੋ ਸਕਦਾ ਹੈ? ਇਨ੍ਹਾਂ ਵਿਦਵਾਨਾਂ ਦੀਆਂ ਆਪਣੀਆਂ ਲਿਖਤਾਂ ਅਨੁਸਾਰ ਹੀ ਹਿੰਦੂ ਤੇ ਮੁਸਲਿਮ ਲੀਡਰ ਆਪਣੇ-ਆਪਣੇ ਹਿੱਤਾਂ ਅਨੁਸਾਰ ਵੱਡੇ-ਵੱਡੇ ਵਾਅਦੇ ਕਰਕੇ ਸਿੱਖਾਂ ਨੂੰ ਆਪਣੇ ਨਾਲ਼ ਰੱਖਣਾ ਚਾਹੁੰਦੇ ਸਨ? ਜ਼ੁਲਮ ਕਰਨੇ ਤਾਂ ਬਹੁਤ ਦੂਰ ਦੀ ਗੱਲ ਹੈ? ਕੀ ਸਾਡੇ ਸਤਿਕਾਰਯੋਗ ਵਿਦਵਾਨ ਦੋ ਧਰਮ ਅਧਾਰਿਤ ਬਣੀਆਂ ਸਟੇਟਾਂ ਵਿੱਚ ਇੱਕ ਹੋਰ ਧਰਮ ਅਧਾਰਿਤ ਸਟੇਟ ਬਣਾ ਕੇ ਕੀ ਹਾਸਿਲ ਕਰਨਾ ਚਾਹੁੰਦੇ ਹਨ?
ਇੱਕ ਹੋਰ ਆਮ ਪ੍ਰਚਲਤ ਧਾਰਨਾ ਹੈ ਕਿ ਅੰਗਰੇਜ਼ ਸਿੱਖਾਂ ਨੂੰ ‘ਵੱਖਰਾ ਰਾਜ’ ਦੇਣਾ ਚਾਹੁੰਦੇ ਸਨ, ਪਰ ਸਿੱਖ ਨੁਮਾਇੰਦੇ ਸ. ਬਲਦੇਵ ਸਿੰਘ ਨੇ ਨਹਿਰੂ ਨੂੰ ਦੱਸ ਦਿੱਤਾ, ਜਿਸ ਕਾਰਨ ਇਹ ਸਕੀਮ ਸਿਰੇ ਨਾ ਚੜ੍ਹੀ। ਇਸ ਸਬੰਧੀ ਸਿਰਦਾਰ ਕਪੂਰ ਸਿੰਘ ਆਪਣੀ ਕਿਤਾਬ ‘ਸਾਚੀ ਸਾਖੀ’ ਦੇ ਪੰਨਾ 113-114 ਤੇ 1960 ਵਿੱਚ ਸ. ਬਲਦੇਵ ਸਿੰਘ ਹੋਰਾਂ ਨਾਲ਼ ਹੋਈ ਪ੍ਰਾਈਵੇਟ ਗੱਲਬਾਤ ਦੇ ਅਧਾਰ ਤੇ ਲਿਖਦੇ ਹਨ ਕਿ 2 ਦਸੰਬਰ, 1946 ਨੂੰ ਮੁਹੰਮਦ ਅਲੀ ਜਿਨਾਹ, ਲਿਆਕਤ ਅਲੀ ਖਾਨ, ਪੰਡਤ ਜਵਾਹਰ ਲਾਲ ਨਹਿਰੂ, ਸ. ਬਲਦੇਵ ਸਿੰਘ ਤੇ ਵਾਇਸਰਾਏ ਆਫ ਇੰਡੀਆ ਲੰਡਨ ਗਏ, ਜਿਥੇ ਚਾਰ ਦਿਨ ਗੱਲਬਾਤ ਚੱਲਦੀ ਰਹੀ, ਜਿਸਦਾ ਮੁੱਖ ਮੁੱਦਾ ਇਹ ਸੀ ਕਿ ਹਿੰਦੂ-ਮੁਸਲਿਮ ਲੀਡਰਸ਼ਿਪ ਦੇਸ਼ ਦਾ ਬਟਵਾਰਾ ਨਾ ਕਰੇ ਅਤੇ ਕਿਸੇ ਸਮਝੌਤੇ ਤੇ ਪਹੁੰਚ ਜਾਣ।ਹੁਣ ਤੱਕ ਦੇਸ਼ ਬਟਵਾਰੇ ਬਾਰੇ ਛਪੀਆਂ ਸੈਂਕੜੇ ਕਿਤਾਬਾਂ ਅਤੇ ਬ੍ਰਿਟਿਸ਼ ਸਰਕਾਰ ਵਲੋਂ ਜਾਰੀ ਸਰਕਾਰੀ ਦਸਤਾਵੇਜਾਂ ਅਨੁਸਾਰ ਅੰਗਰੇਜ਼ ਕਿਸੇ ਵੀ ਹਾਲਤ ਵਿੱਚ ਬਟਵਾਰਾ ਨਹੀਂ ਕਰਨਾ ਚਾਹੁੰਦੇ ਸਨ, ਪਰ ਕਾਂਗਰਸ ਅਤੇ ਮੁਸਲਿਮ ਲੀਗ ਵਿੱਚ ਮੱਤਭੇਦ ਇਤਨੇ ਵਧ ਚੁੱਕੇ ਸਨ ਕਿ ਬਟਵਾਰਾ ਰੁਕ ਨਹੀਂ ਸਕਦਾ ਸੀ, ਬੇਸ਼ਕ ਬਾਅਦ ਵਿੱਚ ਜੋ ਪੰਜਾਬ ਤੇ ਬੰਗਾਲ ਵਿੱਚ ਕਤਲੇਆਮ ਹੋਇਆ, ਉਸ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ? ਸਿਰਦਾਰ ਕਪੂਰ ਸਿੰਘ ਲਿਖਦੇ ਹਨ ਕਿ 6 ਦਸੰਬਰ, 1946 ਦੀ ਸ਼ਾਮ ਨੂੰ ਬ੍ਰਿਟਿਸ਼ ਸਰਕਾਰ ਦੇ ਇੱਕ ਬਹੁਤ ਵੱਡੇ ਤੇ ਬਾਰਸੂਖ ਮੁਦੱਬਰ ਲੀਡਰ ਵਿੰਸਟਨ ਚਰਚਿਲ ਵਲੋਂ ਬਲਦੇਵ ਸਿੰਘ ਨੂੰ ਸੁਨੇਹਾ ਆਇਆ ਸੀ ਕਿ ਨਹਿਰੂ ਨੂੰ ਵਾਪਿਸ ਹਿੰਦੁਸਤਾਨ ਚਲੇ ਜਾਣ ਦਿਉ ਤੇ ਸਿੱਖਾਂ ਦਾ ਨੁਮਾਇੰਦਾ ਦੋ ਦਿਨ ਹੋਰ ਲੰਡਨ ਅਟਕ ਜਾਵੇ ਤਾਂ ਮੁਸਲਿਮ ਲੀਗ ਤੇ ਅੰਗਰੇਜ਼ਾਂ ਦੇ ਮਸ਼ਵਰੇ ਨਾਲ਼ ਕੋਈ ਅਜਿਹਾ ਰਾਜਸੀ ਬਾਨ੍ਹਣੂੰ ਬੰਨ੍ਹਿਆ ਜਾ ਸਕੇ, ਜਿਸ ਨਾਲ਼ ਸਿੱਖ ਹਿੰਦੁਸਤਾਨ ਦੇ ਰਾਜਸੀ ਖੇਤਰ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਕੇ ਵਿਸ਼ਵ ਇਤਿਹਾਸ ਵਿੱਚ ਆਪਣਾ ਕਿਰਦਾਰ ਨਿਭਾਅ ਸਕਣ। ਸਰਦਾਰ ਸਾਹਿਬ ਨੇ ਇਹ ਖੁਫੀਆ ਤੇ ਜਾਤੀ ਸੁਨੇਹਾ, ਝੱਟ ਨਹਿਰੂ ਜੀ ਦੇ ਕੰਨੀਂ ਪਾ ਦਿੱਤਾ, ਜਿਸ ਕਰਕੇ ਉਨ੍ਹਾਂ ਇਹ ਅਖ਼ਬਾਰੀ ਬਿਆਨ ਤਿਆਰ ਕਰਵਾ ਕਿ ਸਰਦਾਰ ਸਾਹਿਬ ਵਲੋਂ ਦਿਵਾਇਆ: ‘ਸਿੱਖਾਂ ਦੀ ਕੋਈ ਮੰਗ ਨਹੀਂ, ਜੋ ਉਹ ਅੰਗਰੇਜ਼ਾਂ ਤੋਂ ਲੈਣੀ ਚਾਹੁੰਦੇ ਹਨ। ਉਹ ਆਪਣਾ ਫੈਸਲਾ ਸਿੱਧਾ ਕਾਂਗਰਸ ਨਾਲ਼ ਆਪ ਕਰ ਲੈਣਗੇ। ਸਿੱਖਾਂ ਦੀ ਇਕੋ-ਇੱਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਖਾਲੀ ਕਰ ਜਾਣ।’ ਵੈਸੇ ਤਾਂ ਇਸ ਸਾਰੀ ਨਿੱਜੀ ਗੱਲਬਾਤ ਦਾ ਕਪੂਰ ਸਿੰਘ ਹੋਰਾਂ ਕੋਈ ਠੋਸ ਪ੍ਰਮਾਣ ਪੇਸ਼ ਨਹੀਂ ਕੀਤਾ ਅਤੇ ਬਲਦੇਵ ਸਿੰਘ ਵੀ 1961 ਤੱਕ ਜਿੰਦਾ ਰਹੇ, ਨਾ ਹੀ ਉਨ੍ਹਾਂ ਕਿਤੇ ਇਸ ਬਾਰੇ ਕੋਈ ਜ਼ਿਕਰ ਕੀਤਾ ਹੈ।ਪਰ ਜੇ ਇਸਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਕੁਝ ਗੱਲਾਂ ਸਪੱਸ਼ਟ ਹਨ ਕਿ ਇਹ ਮੀਟਿੰਗ ਦੇਸ਼ ਦਾ ਬਟਵਾਰਾ ਕਰਕੇ ਭਾਰਤ ਤੇ ਪਾਕਿਸਤਾਨ ਬਣਾਉਣ ਲਈ ਨਹੀਂ ਸੀ, ਜਿਥੇ ਸਿੱਖਾਂ ਨੂੰ ਵੱਖਰੇ ਦੇਸ਼ ਦੀ ਆਫਰ ਹੋਣੀ ਸੀ? ਸਗੋਂ ਕੈਬੇਨਿਟ ਮਿਸ਼ਨ ਦੀਆਂ ਤਜਵੀਜਾਂ ਨੂੰ ਸਿਰੇ ਚਾੜ੍ਹਨ ਦੀ ਆਖਰੀ ਕੋਸ਼ਿਸ਼ ਸੀ ਤਾਂ ਕਿ ਕਿਸੇ ਢੰਗ ਨਾਲ਼ ਭਾਰਤ ਦਾ ਬਟਵਾਰਾ ਰੁਕ ਸਕੇ।ਇਸ ਕਰਕੇ ਇਥੇ ਕਿਸੇ ਵੱਖਰੇ ਖਾਲਿਸਤਾਨ ਦੀ ਗੱਲ ਬਾਰੇ ਸੋਚਣਾ ਹੀ ਮੂਰਖਤਾ ਤੋਂ ਵੱਧ ਕੁਝ ਨਹੀਂ? ਬਲਦੇਵ ਸਿੰਘ ਕਾਂਗਰਸ ਵਲੋਂ ਸਿੱਖ ਨੁਮਾਇੰਦੇ ਦੇ ਤੌਰ ਤੇ ਲਿਜਾਏ ਗਏ ਸਨ, ਨਾ ਕਿ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨ ਕੇ ਨਹਿਰੂ ਨਾਲ਼ ਲੈ ਕੇ ਗਿਆ ਸੀ? ਇਥੇ ਇਹ ਵੀ ਵਰਨਣਯੋਗ ਹੈ ਕਿ ਕੰਜਰਵੇਟਿਵ ਲੀਡਰ ਮਿ. ਵਿੰਸਟਨ ਚਰਚਿਲ 1940 ਤੋਂ 1945 ਤੱਕ ਦੂਜੇ ਸੰਸਾਰ ਜੰਗ ਦੌਰਾਨ ਬਰਤਾਨੀਆ ਦਾ ਪ੍ਰਧਾਨ ਮੰਤਰੀ ਸੀ, ਪਰ 1945 ਦੀਆਂ ਚੋਣਾਂ ਵਿੱਚ ਉਸਦੀ ਪਾਰਟੀ ਬੁਰ੍ਹੀ ਤਰ੍ਹਾਂ ਹਾਰ ਗਈ ਸੀ ਤੇ ਜਿਸ ਵਕਤ ਦੀ ਗੱਲ ਸਿਰਦਾਰ ਕਪੂਰ ਸਿੰਘ ਕਰ ਰਹੇ ਸਨ, ਉਸ ਵਕਤ ਇੰਗਲੈਂਡ ਵਿੱਚ ਚਰਚਿਲ ਦੀ ਕੋਈ ਵੁੱਕਤ ਹੀ ਨਹੀਂ ਸੀ।ਇਹ ਕਹਿਣਾ ਕਿ ਉਸਨੇ ਬਲਦੇਵ ਸਿੰਘ ਨੂੰ ‘ਖਾਲਿਸਤਾਨ’ ਦੇ ਕਿਸੇ ਅਖੌਤੀ ਪ੍ਰਸਤਾਵ ਲਈ ਦੋ ਦਿਨ ਰੁਕਣ ਵਾਸਤੇ ਕਿਹਾ ਸੀ, ਦਾ ਕੋਈ ਮਤਲਬ ਨਹੀਂ ਬਣਦਾ।ਜੇ ਉਨ੍ਹਾਂ ਹਾਲਾਤਾਂ ਵਿੱਚ ਸਿੱਖਾਂ ਦਾ ਪੱਖ ਜਾਨਣਾ ਹੋਵੇ ਤਾਂ ਡਾ. ਸੰਗਤ ਸਿੰਘ ਦੀ ਕਿਤਾਬ ‘ਇਤਿਹਾਸ ‘ਚ ਸਿੱਖ’ ਵਿੱਚੋਂ ਬਹੁਤ ਵਿਸਥਾਰ ਮਿਲਦਾ ਹੈ।ਜਿਸ ਵਿੱਚੋਂ ਕਿਤੇ ਵੀ ਅਜਿਹਾ ਕੋਈ ਵਾਕਿਆ ਨਹੀਂ ਮਿਲਦਾ, ਜਿਥੇ ਕਿਤੇ ਸਿੱਖਾਂ ਨੇ ਭਾਰਤ ਤੋਂ ਵੱਖ ਹੋਣ ਬਾਰੇ ਕੋਈ ਪੱਖ ਰੱਖਿਆ ਹੋਵੇ।ਇਸ ਸਬੰਧੀ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਡਾ. ਸੰਗਤ ਸਿੰਘ ਆਪਣੀ ਇਸੇ ਕਿਤਾਬ ‘ਇਤਿਹਾਸ ‘ਚ ਸਿੱਖ’ ਦੇ ਪੰਨਾ 271 ਤੇ ਦਿੰਦੇ ਹਨ ਕਿ 20 ਦਸੰਬਰ, 1947 (ਦੇਸ਼ ਅਜ਼ਾਦ ਹੋਣ ਤੋਂ ਬਾਅਦ) ਨੂੰ ਪੰਜਾਬ ਉਸਾਰੀ ਕਮੇਟੀ ਦੇ ਡੈਲੀਗੇਸ਼ਨ ਨੇ ਨਹਿਰੂ ਨੂੰ ਸੁਝਾਅ ਦਿੱਤਾ ਕਿ ਸਿੱਖਾਂ ਨੂੰ ਸਪੱਸ਼ਟ ਪੁੱਛਿਆ ਜਾਵੇ ਕਿ ਜੇ ਉਹ ਕੋਈ ਸਿੱਖ ਬਹੁ-ਗਿਣਤੀ ਵਾਲ਼ਾ ਸੂਬਾ ਚਾਹੁੰਦੇ ਹਨ ਤਾਂ ਪਾਕਿਸਤਾਨ ਤੋਂ ਸ਼ਰਨਾਰਥੀ ਬਣ ਕੇ ਆ ਰਹੇ ਸਿੱਖਾਂ ਨੂੰ ਇਸ ਢੰਗ ਨਾਲ਼ ਵਸਾਇਆ ਜਾਵੇ ਕਿ ਸਿੱਖ ਇੱਕ ਜਗ੍ਹਾ ਬਹੁ-ਗਿਣਤੀ ਹੋ ਜਾਣ।ਇਸਦੇ ਜਵਾਬ ਵਿੱਚ ਨਹਿਰੂ ਨੇ ਦੱਸਿਆ ਕਿ ਇਸ ਸਬੰਧੀ ਉਸਨੇ ਮਾਸਟਰ ਤਾਰਾ ਸਿੰਘ ਨਾਲ਼ ਗੱਲ ਕੀਤੀ ਸੀ ਕਿ ਕੀ ਤੁਹਾਡੇ ਲੋਕ (ਸਿੱਖ) ‘ਵੱਖਰਾ ਸਿੱਖ ਹੋਮਲੈਂਡ’ (ਖਾਲਿਸਤਾਨ) ਚਾਹੁੰਦੇ ਹਨ? ਇਸਦੇ ਜਵਾਬ ਵਿੱਚ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਕਿ ਸਿੱਖ ‘ਖਾਲਿਸਤਾਨ’ ਦੇ ਕਿਸੇ ਵੀ ਵਿਚਾਰ ਦੇ ਖਿਲਾਫ ਹਨ।ਸਿੱਖ ਦੇਸ਼ ਦਾ ਛੋਟਾ ਜਿਹਾ ਭਾਈਚਾਰਾ ਹੋਣ ਕਰਕੇ ਉਨ੍ਹਾਂ (ਹਿੰਦੂਆਂ) ਨਾਲ਼ ਕੋਈ ਝਗੜਾ ਮੁੱਲ ਨਹੀਂ ਲੈਣਾ ਚਾਹੁੰਦੇ, ਉਹ ਭਾਰਤ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਨ ਅਤੇ ਪੂਰਨ ਬਰਾਬਰੀ ਦੇ ਤੌਰ ਤੇ ਹਿੰਦੂਆਂ ਨਾਲ਼ ਭਰਾਵਾਂ ਵਾਂਗ ਰਹਿਣਾ ਚਾਹੁੰਦੇ ਹਨ।ਅਸਲ ਵਿੱਚ ਨਹਿਰੂ ਸਮੇਤ ਭਾਰਤੀ ਨੇਤਾਵਾਂ ਨੇ ਅਨੇਕਾਂ ਗਲਤੀਆਂ ਕੀਤੀਆਂ ਹਨ, ਕੀ ਅਜਿਹੀਆਂ ਗਲਤੀਆਂ ਹੋਰ ਦੇਸ਼ਾਂ ਪਾਕਿਸਤਾਨ, ਸ੍ਰੀ ਲੰਕਾ, ਬਰਮਾ ਨੇ ਨਹੀਂ ਕੀਤੀਆਂ? ਬਰਮਾ (ਮਾਈਨਾਮਾਰ) ਤੇ ਸ੍ਰੀ ਲੰਕਾ ਵਿੱਚ ਕਤਲੇਆਮ ਕਿਉਂ ਹੋ ਰਹੇ ਹਨ? ਸਮਝਣ ਵਾਲੀ ਗੱਲ ਹੈ, ‘ਸੰਦਰਭ ਦੀ’, ਭਾਰਤੀ ਆਗੂਆਂ ਲਈ ਬਟਵਾਰੇ ਦਾ ਮੰਜਰ ਖੂਨਖਾਰ ਸੀ, ਉਨ੍ਹਾਂ ਨੂੰ ਕ੍ਰਿਪਸ ਮਿਸ਼ਨ ਦੀ 1942 ਵਿੱਚ ਆਮਦ ਤੋਂ ਲੈ ਕੇ 1946 ਵਿੱਚ ਕੈਬੇਨਿਟ ਮਿਸ਼ਨ ਦੇ ਆਉਣ ਤੱਕ ਪੰਜ ਸਾਲਾਂ ਵਿੱਚ ਮੁਸਲਿਮ ਲੀਗ ਤੇ ਮੁਹੰਮਦ ਅਲੀ ਜਿਨਾਹ ਦੀ ਧਰਮ ਅਧਾਰਿਤ ਸਿਆਸਤ ਨੇ ਇਤਨਾ ਅਕਾ ਤੇ ਥਕਾ ਦਿੱਤਾ ਸੀ ਕਿ ਉਹ ਬੋਲੀ ਜਾਂ ਖਿੱਤੇ ਜਾਂ ਧਰਮ ਦੇ ਅਧਾਰ ਤੇ ਕਿਸੇ ਵੀ ਮੰਗ ਤੋਂ ਇਨਕਾਰੀ ਹੋ ਗਏ ਸਨ ਅਤੇ ਆਪਣੇ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜ ਰਹੇ ਸਨ। ਉਧਰ ਪੰਜਾਬ ਦੇ ਹਿੰਦੂਆਂ ਨੂੰ ਵੀ ਇੱਕ ਹੋਰ ਬਟਵਾਰੇ ਦਾ ਡਰ ਸਤਾ ਰਿਹਾ ਸੀ, ਭਾਸ਼ਾ ਅਧਾਰ ਤੇ ਪੰਜਾਬੀ ਸੂਬੇ ਵਿੱਚੋਂ ਵੀ ਉਨ੍ਹਾਂ ਨੂੰ ‘ਸਿੱਖ ਸੂਬੇ’ ਦੀ ਹੀ ਗੰਧ ਆ ਰਹੀ ਸੀ, ਸ਼ਾਇਦ ਇਸੇ ਕਰਕੇ ਉਨ੍ਹਾਂ ਪੰਜਾਬੀ ਮਾਂ ਭਾਸ਼ਾ ਤੋਂ ਇਨਕਾਰ ਕੀਤਾ ਹੋਵੇ? ਪਰ ਅਸੀਂ ਹਰ ਗੱਲ ਨੂੰ ਸਾਜ਼ਿਸ਼ ਬਣਾ ਕੇ ਮਿਥਾਂ ਸਿਰਜ ਦਿੰਦੇ ਹਾਂ ਤੇ ਫਿਰ ਕਿਸੇ ਨੂੰ ਕੁਝ ਕਹਿਣ ਦੀ ਇਜਾਜ਼ਤ ਨਹੀਂ ਦਿੰਦੇ ਤੇ ਗਦਾਰੀ ਦੀ ਸਟੈਂਪ ਜੇਬ ਵਿੱਚ ਹੀ ਰੱਖਦੇ ਹਾਂ।ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਾਸ਼ਾ ਪ੍ਰੈਸ ਨੇ ਵੀ ਉਨ੍ਹਾਂ ਸਮਿਆਂ ਵਿੱਚ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਸੀ। 1947 ਦੇ ਜ਼ਖਮ ਸਭ ਲਈ ਉਸ ਸਮੇਂ ਬੜੇ ਅੱਲੇ ਸਨ, ਕੋਈ ਵੀ ਹੋਰ ਖੂਨ ਖਰਾਬਾ ਜਾਂ ਬਟਵਾਰਾ ਨਹੀਂ ਚਾਹੁੰਦਾ ਸੀ, ਪਰ ਫਿਰ ਵੀ ਜੇ ਪੰਜਾਬੀ ਸੂਬਾ ਬਿਨਾਂ ਕਿਸੇ ਦੇਰੀ ਦੇ ਬਣਾ ਦਿੱਤਾ ਜਾਂਦਾ ਤਾਂ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿੱਚ ਪੰਜਾਬ ਦੀ ਜੋ ਤਬਾਹੀ ਹੋਈ, ਸ਼ਾਇਦ ਬਚ ਜਾਂਦੀ।
ਇਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਸਿੱਖਾਂ ਦੀ ਬਹੁਸੰਮਤੀ 1947 ਵਿੱਚ ਭਾਰਤ ਨਾਲ਼ ਰਹਿਣ ਲੱਗ ਪਈ ਸੀ ਤਾਂ ਕਾਂਗਰਸ ਦੀ ਲੀਡਰਸ਼ਿਪ ਵਲੋਂ 20ਵੀ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਐਲਾਨੇ ਪ੍ਰੋਗਰਾਮ ਅਨੁਸਾਰ ਸੂਬਿਆਂ ਦੀ ਭਾਸ਼ਾ ਦੇ ਅਧਾਰ ਤੇ ਵੰਡ ਕਰਨੀ ਸੀ ਤਾਂ ਸਿੱਖਾਂ ਦੀ ਮੰਗ ਅਨੁਸਾਰ ਪੰਜਾਬ ਨੂੰ ਵੀ ਭਾਸ਼ਾ ਦੇ ਅਧਾਰ ਤੇ ਸ਼ੁਰੂ ਵਿੱਚ ਹੀ ਵੰਡ ਦਿੱਤਾ ਜਾਣਾ ਚਾਹੀਦਾ ਸੀ, ਇਸ ਲਈ ਦੇਰੀ ਨੇ ਵੀ ਸਿੱਖਾਂ ਵਿੱਚ ਭਾਰਤੀ ਸਟੇਟ ਪ੍ਰਤੀ ਬੇਗਾਨਗੀ ਦਾ ਅਹਿਸਾਸ ਪੈਦਾ ਕੀਤਾ।ਪਰ ਇਸਨੂੰ ਜਿਸ ਤਰ੍ਹਾਂ ਉਸ ਵਕਤ ਜਾਂ ਅੱਜ ਵੀ ਅਜਿਹਾ ਪ੍ਰਚਾਰਿਆ ਜਾਂਦਾ ਹੈ ਕਿ ਸਾਰੇ ਭਾਰਤ ਵਿੱਚ ਸੂਬਿਆਂ ਦੀ ਵੰਡ ਭਾਸ਼ਾ ਦੇ ਅਧਾਰ ਤੇ ਕਰ ਦਿੱਤੀ ਗਈ, ਸਿਰਫ ਪੰਜਾਬ ਨਾਲ਼ ਹੀ ‘ਸਿੱਖਾਂ’ ਕਰਕੇ ਵਿਤਕਰਾ ਹੋਇਆ? ਇਸ ਵਿਚਾਰ ਵਿੱਚ ਕੁਝ ਕੁ ਸਚਾਈ ਹੋ ਸਕਦੀ ਹੈ, ਪਰ ਜਦੋਂ ਅਸੀਂ ਬਾਕੀ ਸੂਬਿਆਂ ਵੱਲ ਵੀ ਦੇਖਦੇ ਹਾਂ ਤਾਂ ਇੱਕ-ਦੋ ਨੂੰ ਛੱਡ ਕੇ ਕਿਸੇ ਨੂੰ ਪਲੇਟ ‘ਚ ਰੱਖ ਕੇ ਭਾਸ਼ਾਈ ਸੂਬੇ ਨਹੀਂ ਮਿਲ਼ੇ। ਜਿਸਦੀ ਪ੍ਰਮੁੱਖ ਉਦਾਹਰਣ ਮਹਾਂਰਾਸ਼ਟਰ ਤੇ ਗੁਜਰਾਤ ਦੀ ਹੈ, ਜਿਸਦੀ ਕਾਇਮੀ ਮਈ, 1960 ਵਿੱਚ ਲੰਬੇ ਸੰਘਰਸ਼ ਤੋਂ ਬਾਅਦ ਹੋਈ।ਉਥੇ ਵੀ ਕੇਂਦਰ ਸਰਕਾਰ ਰਾਜਧਾਨੀ ਦੇ ਝਗੜੇ ਨੂੰ ਮੁੱਖ ਰੱਖ ਕੇ ਬੰਬਈ (ਮੁੰਬਈ) ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣਾ ਚਾਹੁੰਦੀ ਸੀ ਅਤੇ ਬਹੁਤ ਲੋਕ ਸੰਯੁਕਤ ਮਹਾਂਰਾਸ਼ਟਰ ਦੇ ਹੱਕ ਵਿੱਚ ਸਨ।ਜਿਥੇ ਮਹਾਂਰਸ਼ਟਰਾ ਤੇ ਗੁਜਰਾਤ ਨੂੰ ਇਕੱਠਾ ਰੱਖਣ ਦੇ ਅੰਦੋਲਨ ਵਿੱਚ 106 ਲੋਕ ਪੁਲਿਸ ਦੀ ਗੋਲ਼ੀ ਨਾਲ਼ ਮਾਰੇ ਗਏ ਸਨ।ਕਰਨਾਟਕਾ 1956 ਵਿੱਚ ਭਾਸ਼ਾ ਅਧਾਰਿਤ ਸੂਬਾ ਬਣਿਆ।ਤੇਲ਼ੰਗਾਨਾ ਨੂੰ ਆਂਧਰਾ ਤੋਂ ਵੱਖ ਕਰਨ ਦੀ ਮੰਗ 1950 ਤੋਂ ਚੱਲ ਰਹੀ ਸੀ, ਜੋ ਕਿ 2014 ਵਿੱਚ ਪੂਰੀ ਕੀਤੀ ਗਈ।ਝਾਰਖੰਡ ਤੇ ਉਤਰਾਖੰਡ ਵਾਲ਼ੇ 1955 ਤੋਂ ਬਿਹਾਰ, ਮੱਧ ਪ੍ਰਦੇਸ਼, ਉੜੀਸਾ, ਯੂ. ਪੀ. ਤੋਂ ਵੱਖ ਹੋ ਕੇ ਵੱਖਰਾ ਝਾਰਖੰਡ ਤੇ ਉਤਰਾਖੰਡ ਬਣਾਉਣ ਲਈ ਲੜ ਰਹੇ ਸਨ, ਜਿਨ੍ਹਾਂ ਦੀ ਮੰਗ 2000 ਵਿੱਚ ਪੁਰੀ ਹੋਈ।ਇਸ ਤਰ੍ਹਾਂ ਦੀਆਂ ਹੋਰ ਕਈ ਉਦਾਹਰਣਾਂ ਹਨ, ਪਰ ਇਹ ਕਹਿਣਾ ਕਿ ਅਜਿਹਾ ਸਿਰਫ ਸਿੱਖਾਂ ਨਾਲ਼ ਹਿੰਦੂ ਸਟੇਟ ਨੇ ਕੀਤਾ, ਕੋਈ ਤੁਕ ਨਹੀਂ ਬਣਦੀ।ਪਰ ਜੇ 1966 ਵਿੱਚ ਭਾਸ਼ਾ ਅਧਾਰਿਤ ਸੂਬਾ ਬਣ ਗਿਆ ਤਾਂ ਕੀ ਸਿੱਖ ਖੁਸ਼ ਹੋ ਗਏ? ਕੀ ਇਸ ਨਾਲ਼ ਉਨ੍ਹਾਂ ਦੀ ਤਸੱਲੀ ਹੋ ਗਈ? ਅਸਲ ਵਿੱਚ ਸਿੱਖ ਲੀਡਰਸ਼ਿਪ ਹਮੇਸ਼ਾਂ ਦੁਬਿਧਾ ਦਾ ਸ਼ਿਕਾਰ ਰਹੀ ਹੈ, ਕਦੇ ਵੀ ਸਪੱਸ਼ਟਤਾ ਨਾਲ਼ ਆਪਣਾ ਨਿਸ਼ਾਨਾ ਨਹੀਂ ਦੱਸ ਸਕੀ? ਉਹ ਪੰਜਾਬੀ ਸੂਬੇ ਦੇ ਪਰਦੇ ਹੇਠ ‘ਸਿੱਖ ਸੂਬੇ’ ਦਾ ਸੁਪਨਾ ਦੇਖ ਰਹੇ ਸਨ, ਜੋ ਕਿ ਪੂਰਾ ਨਹੀਂ ਹੋਇਆ, ਪਰ ਕਦੇ ਕਹਿ ਨਹੀਂ ਸਕੇ ਕਿ ਅਸੀਂ ‘ਸਿੱਖ ਸੂਬਾ’ ਚਾਹੁੰਦੇ ਹਾਂ? ‘ਧਰਮ ਯੁੱਧ’ ਮੋਰਚੇ ਦੌਰਾਨ ਵੀ ਇਹੀ ਕੁਝ ਹੁੰਦਾ ਸੀ, ਜਦੋਂ ਸੰਤ ਭਿੰਡਰਾਂਵਾਲ਼ੇ ਖਾਲਿਸਤਾਨ ਸਬੰਧੀ ਸਵਾਲਾਂ ਦੇ ਜਵਾਬ ਵਿੱਚ ਕਹਿੰਦੇ ਸਨ ਕਿ ਅਸੀਂ ਮੰਗਦੇ ਨਹੀਂ, ਜੇ ਦੇ ਦੇਵੋਗੇ ਤਾਂ ਨਾ ਨਹੀਂ ਕਰਾਂਗੇ? ਫਿਰ ਕਹਿਣ ਲੱਗ ਪਏ ਕਿ ਸੰਤਾਂ ਨੇ ਕਿਹਾ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ? ਪਰ 26 ਜਨਵਰੀ, 1986 ਦੇ ਸਰਬੱਤ ਖਾਲਸੇ ਵਿੱਚ ਖਾਲਿਸਤਾਨ ਦਾ ਐਲਾਨ ਕਰਨ ਲਈ ਖਾੜਕੂ ਆਪਸ ਵਿੱਚ ਲੜ ਰਹੇ ਸਨ? ਇਸੇ ਅਧਾਰ ਤੇ ਦੋ ਪੰਥਕ ਕਮੇਟੀਆਂ ਬਣੀਆਂ, ਇੱਕ ਕਮੇਟੀ ਨੇ 29 ਅਪਰੈਲ, 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ ਤੇ ਦੂਜੀ ਨੇ 7 ਅਕਤੂਬਰ, 1987 ਨੂੰ ਕੀਤਾ।ਹੁਣ ਪਿਛਲੇ ਕੁਝ ਸਾਲਾਂ ਤੋਂ ‘ਸਿੱਖਸ ਫਾਰ ਜਸਟਿਸ’ ਵਾਲ਼ੇ 2020 ਵਿੱਚ ਖਾਲਿਸਤਾਨ ਬਾਰੇ ਰੈਫਰੈਂਡਮ ਕਰਾਉਣ ਦਾ ਪ੍ਰਚਾਰ ਕਰ ਰਹੇ ਸਨ, ਕਿ ਕੀ ਸਿੱਖ ਖਾਲਿਸਤਾਨ ਚਾਹੁੰਦੇ ਹਨ? ਜੇ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਸਨ ਤਾਂ 1984-1994 ਸੰਘਰਸ਼ ਕਿਸ ਵਾਸਤੇ ਸੀ? ਇਹ ਸਵਾਲ ਤਾਂ ਪੰਥਕ ਕਮੇਟੀਆਂ ਨੂੰ ਐਲਾਨ ਕਰਨ ਤੋਂ ਪਹਿਲਾਂ ਪੁੱਛਣਾ ਬਣਦਾ ਸੀ? ਕਹਿਣ ਤੋਂ ਭਾਵ ਪਿਛਲੇ 50 ਕੁ ਸਾਲਾਂ ਵਿੱਚ ਕਈ ਨਾਹਰੇ ਬਦਲ ਚੁੱਕੇ ਹਨ, ਜਿਵੇਂ ‘ਪੰਜਾਬੀ ਸੂਬਾ’, ‘ਸਿੱਖ ਸੂਬਾ’, ‘ਸਿੱਖ ਹੋਮਲੈਂਡ’, ‘ਸਿੱਖ ਰਾਜ’, ‘ਆਨੰਦਪੁਰ ਦਾ ਮਤਾ’, ‘ਰਾਜਾਂ ਨੂੰ ਵੱਧ ਅਧਿਕਾਰ ਵਾਲ਼ਾ ਫੈਡਰਲ ਢਾਂਚਾ’, ‘ਪੂਰਨ ਅਜ਼ਾਦੀ’, ‘ਅੰਮ੍ਰਿਤਸਰ ਐਲਾਨਾਮਾ’ ਆਦਿ ਆਦਿ। ਪਰ ਇਨ੍ਹਾਂ ਧਿਰਾਂ ਵਿੱਚੋਂ ਕੋਈ ਵੀ ਕਦੇ ਸਪੱਸ਼ਟ ਤੌਰ ਤੇ ਦੱਸ ਨਹੀਂ ਸਕਿਆ ਕਿ ‘ਖਾਲਿਸਤਾਨ’ ਜਾਂ ‘ਸਿੱਖ ਹੋਮਲੈਂਡ’ ਪੰਜਾਬ ਦੇ ਕਿਹੜੇ ਹਿੱਸਿਆਂ ਵਿੱਚ ਹੋਵੇਗਾ, ਕਿਹੋ ਜਿਹਾ ਹੋਵੇਗਾ, ਮੌਜੂਦਾ ਪੰਜਾਬ ਵਿੱਚ ਵਸਦੇ 65% ਹੋਰ ਲੋਕਾਂ ਦਾ ਕੀ ਬਣੇਗਾ? ਕੀ ਉਨ੍ਹਾਂ ਦੀ ਰਾਏ ਨਹੀਂ ਲਈ ਜਾਣੀ ਚਾਹੀਦੀ? ਫਿਰ 35% ਸਿੱਖਾਂ ਵਿੱਚੋਂ ਵੀ ਕਿੰਨੇ ਕੁ ਹਨ, ਜੋ ਖਾਲਿਸਤਾਨ ਦੀ ਹਮਾਇਤ ਕਰਦੇ ਹਨ? ਦਰਿਆਈ ਪਾਣੀਆਂ ਦੇ ਮਾਹਰ ਵਿਦਵਾਨ ਪ੍ਰੋ ਪ੍ਰੀਤਮ ਸਿੰਘ ਕੁਮੇਦਾਨ ਆਪਣੀ ਇੱਕ ਇੰਟਰਵਿਊ ਵਿੱਚ ਇਨ੍ਹਾਂ ਧਿਰਾਂ ਨੂੰ ਸਵਾਲ ਕਰਦੇ ਹਨ ਕਿ ਜੇ ਪੰਜਾਬ ਦੇ ਹਿੰਦੂ ਬਹੁ-ਸੰਮਤੀ ਵਾਲ਼ੇ ਜ਼ਿਲ੍ਹਿਆਂ ਨੂੰ ‘ਖਾਲਿਸਤਾਨ’ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਮੌਜੂਦਾ ਪੰਜਾਬ ਦਾ ਦਰਿਆਈ ਪਾਣੀ ਵੀ ਸਾਡੇ ਤੋਂ ਖੁਸ ਜਾਵੇਗਾ?
ਖਾਲਿਸਤਾਨ ਦਾ ਸੰਕਲਪ ਇੱਕ ਰਾਜਨੀਤਕ ਵਿਚਾਰਧਾਰਾ ਹੈ।ਜਿਹੜੇ ਲੋਕ ਖਾਲਿਸਤਾਨ ਲਈ ਲੜਨਾ ਚਾਹੁੰਦੇ ਹਨ, ਇਹ ਉਨ੍ਹਾਂ ਦਾ ਹੱਕ ਹੈ, ਇਸ ਤੋਂ ਕੋਈ ਇਨਕਾਰੀ ਨਹੀਂ।ਪਰ ਕੀ ਦੂਜੇ ਲੋਕਾਂ ਨੂੰ ਇਸ ਵਿਚਾਰਧਾਰਾ ਦਾ ਵਿਰੋਧ ਕਰਨ ਦਾ ਹੱਕ ਨਹੀਂ? ਇਸ ਰਾਜਸੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲ਼ੇ ਸਿੱਖ ਕੌਮ ਦੇ ਗਦਾਰ ਕਿਸ ਅਧਾਰ ਤੇ ਹੋ ਸਕਦੇ ਹਨ? ਗੁਰਦੁਆਰੇ ਤੇ ਖਾਸਕਰ ਗੁਰੂਆਂ ਨਾਲ਼ ਸਬੰਧਤ ਇਤਿਹਾਸਕ ਸਥਾਨ ਸਭ ਦੇ ਸਾਂਝੇ ਹਨ।ਇਨ੍ਹਾਂ ਵਿੱਚ ਸਿੱਖਾਂ ਤੋਂ ਇਲਾਵਾ ਹੋਰ ਫਿਰਕਿਆਂ ਦੇ ਲੋਕ ਵੀ ਬੜੀ ਸ਼ਰਧਾ ਨਾਲ਼ ਜਾਂਦੇ ਹਨ। ਕੀ ਉਨ੍ਹਾਂ ਸਥਾਨਾਂ ਦੀ ਕਿਸੇ ਰਾਜਸੀ ਵਿਚਾਰਧਾਰਾ ਦੀ ਪ੍ਰੋਮੋਸ਼ਨ ਲਈ ਵਰਤੋਂ ਜਾਇਜ ਹੈ? ਜਦੋਂ ਦਰਬਾਰ ਸਾਹਿਬ ਅੰਦਰ ਜੂਨ 84 ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਗੱਲ ਚੱਲਦੀ ਹੈ ਤਾਂ ਖਾਲਿਸਤਾਨੀ ਧਿਰਾਂ ਦਰਬਾਰ ਸਾਹਿਬ ਨੂੰ ਜੰਗ ਦਾ ਮੈਦਾਨ ਬਣਾਉਣ ਨੂੰ ਜਾਇਜ ਠਹਿਰਾਉਣ ਲਈ ਕਈ ਦਲੀਲਾਂ ਘੜਦੀਆਂ ਹਨ।ਪਰ ਅਜਮੇਰ ਸਿੰਘ ਆਪਣੀ ਕਿਤਾਬ ‘1984: ਅਣਚਿਤਵਿਆ ਕਹਿਰ’ ਦੇ ਚੈਪਟਰ ‘ਸ੍ਰੀ ਦਰਬਾਰ ਸਾਹਿਬ ਦਾ ਨਿਆਰਾ ਮਹੱਤਵ’ ਦੇ ਪੰਨਾ 32 ਤੇ ਪ੍ਰੋ ਪੂਰਨ ਸਿੰਘ ਦੇ ਹਵਾਲੇ ਨਾਲ਼ ਦਰਬਾਰ ਸਾਹਿਬ ਬਾਰੇ ਇਉਂ ਲਿਖਦੇ ਹਨ, ”ਇਹ ਸੱਚਖੰਡ ਦਾ ਟੁਕੜਾ ਕਲਗੀਆਂ ਵਾਲ਼ੇ ਨੇ ਆਪਣੇ ਜਾਗਦੇ ਬੱਚਿਆਂ ਲਈ ਘੱਲਿਆ ਹੈ … ਇਹ ਸਾਡਾ ਅਟੱਲ, ਅਮਰ ਸੱਚ ਘਰ ਹੈ, ਸੱਚ ਵਤਨ ਹੈ…, ਇਹ ਗੁਰੂ ਰਾਮਦਾਸ ਜੀ ਦੀ ਦੇਹ ਹੈ।ਇਹ ਹਰਮਿੰਦਰ ਸਾਡਾ ਜੀਵਨ, ਪ੍ਰਾਣ, ਧਰਤ, ਅਕਾਸ਼, ਹੱਡੀ, ਮਾਸ, ਰੁਧਰ ਹੈ।ਇਹ ਸਾਡਾ ਦਿਲ ਹੈ, ਇਹ ਸਾਡੇ ਲੋਕ ਪ੍ਰਲੋਕ ਦੀ ਫਤਹਿ ਹੈ…, ਇਹ ਸਾਡੇ ਰੱਬ ਦਾ ਘਰ ਹੈ…, ਸਾਰੀ ਕੁਦਰਤ ਦੇ ਮੁੱਲ ਵਿੱਚ ਅਸੀਂ ਇਸਦੀ ਇੱਕ ਸ਼ਿਲਾ ਨਹੀਂ ਦੇ ਸਕਦੇ…ਕਿਉਂਕਿ ਇੱਕ ਇੱਕ ਸ਼ਿਲਾ ਵਿੱਚ ਇਲਾਹੀ ਜਿੰਦ ਧੜਕ ਰਹੀ ਹੈ।ਇਹ ਸ਼ਿਲਾਵਾਂ ਨਹੀਂ, ਈਸ਼ਵਰੀ ਦਰਬਾਰ ਦੇ ਅੱਡ-ਅੱਡ ਸਿੰਘਾਸਨ ਹਨ ਆਦਿ ਆਦਿ।ਇਥੇ ਅਜਮੇਰ ਸਿੰਘ ਹੋਰੀ ਪ੍ਰੋ: ਪੂਰਨ ਸਿੰਘ ਦੀ ਪੂਰੀ ਲਿਖਤ ਦੀਆਂ ਇਹ ਸਤਰਾਂ ਲਿਖਣ ਵਿੱਚ ਕੰਜੂਸੀ ਕਰ ਗਏ, ਜਿਥੇ ਉਨ੍ਹਾਂ ਕਿਹਾ ਸੀ ਕਿ ਦਰਬਾਰ ਸਾਹਿਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਇਆ ਜਾ ਸਕਦਾ। ਪ੍ਰੋ ਪੂਰਨ ਸਿੰਘ ਆਪਣੇ ਲੇਖ ‘ਸ੍ਰੀ ਦਰਬਾਰ ਸਾਹਿਬ’ ਵਿੱਚ ਲਿਖਦੇ ਹਨ: ‘ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ, ਪਰ ਸ੍ਰੀ ਅੰਮ੍ਰਿਤਸਰ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਨੂੰ ਕਦੇ ਸਿਆਸਤ ਦਾ ਕੇਂਦਰ ਨਹੀਂ ਬਣਾਇਆ? ਉਨ੍ਹਾਂ ਨੇ ਧਰਮ ਨੂੰ ਸਿਆਸਤ ਤੋਂ ਹਮੇਸ਼ਾਂ ਉਚਾ ਰੱਖਿਆ? ਗੁਰੂ ਸਾਹਿਬ ਚਾਹੁੰਦੇ ਸਨ ਕਿ ਦਰਬਾਰ ਸਾਹਿਬ ਕਦੇ ਜੰਗ ਦਾ ਅਖਾੜਾ ਨਾ ਬਣੇ, ਪੁਲੀਟੀਕਲ ਕੰਮ ਇਥੋਂ ਦੂਰ ਹੋ ਕੇ ਕੀਤੇ ਜਾਣ? ਜਦੋਂ ਦੁਬਾਰਾ ਅੰਮ੍ਰਿਤਸਰ ਵਿੱਚ ਜੰਗ ਦਾ ਮਾਹੌਲ ਬਣਨ ਲੱਗਾ ਤਾਂ ਗੁਰੂ ਸਾਹਿਬ ਮਾਝੇ ਨੂੰ ਛੱਡ ਦੂਰ ਪਹਾੜਾਂ ਵਿੱਚ ਕੀਰਤਪੁਰ ਜਾ ਵਸੇ ਤਾਂ ਕਿ ਇਹ ਸਰਬ ਸਾਂਝਾ ਥਾਂ ਕਦੇ ਜੰਗਾਂ-ਯੁੱਧਾਂ ਦਾ ਅਖਾੜਾ ਨਾ ਬਣੇ? ਪ੍ਰੋ ਪੂਰਨ ਸਿੰਘ ਅੱਗੇ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਗੁਰੂਆਂ ਦੀ ਇਸੇ ਸੋਚ ਅਨੁਸਾਰ, ‘ਖਾਲਸਾ ਰਾਜ’ ਦੀ ਰਾਜਧਾਨੀ ਅੰਮ੍ਰਿਤਸਰ ਦੀ ਥਾਂ ਲਾਹੌਰ ਬਣਾਉਣਾ ਬਿਹਤਰ ਸਮਝਿਆ ਤਾਂ ਕਿ ਦਰਬਾਰ ਸਾਹਿਬ ਨੂੰ ਸਿਆਸਤ ਅਤੇ ਯੁੱਧਾਂ ਤੋਂ ਦੂਰ ਰੱਖਿਆ ਜਾਵੇ।’ ਚਲੋ ਜੇ ਜੂਨ ਚੁਰਾਸੀ ਦੀਆਂ ਘਟਨਾਵਾਂ ਸਬੰਧੀ ਇਨ੍ਹਾਂ ਦੇ ਸਾਰੇ ਤਰਕ ਜਾਇਜ ਵੀ ਮੰਨ ਲਈਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਪਾਕ-ਪਵਿਤਰ ਥਾਂ ਤੇ 1987-1988 ਵਿੱਚ ਵੱਖ-ਵੱਖ ਖਾੜਕੂ ਗਰੁਪਾਂ ਵਲੋਂ ਜੋ ‘ਮਹਾਨ ਕਾਰਨਾਮੇ’ ਕੀਤੇ ਗਏ ਸਨ, ਉਨ੍ਹਾਂ ਬਾਰੇ ਦੋਸ਼ ਕਿਸਨੂੰ ਦਿਉਗੇ? ਕੀ ਫੈਡਰੇਸ਼ਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਸਾਰੇ ਖਾੜਕੂ ਸਰਕਾਰੀ ਏਜੰਸੀਆਂ ਦੇ ਬੰਦੇ ਸਨ? ਕੀ ਸੁਰਜੀਤ ਸਿੰਘ ਪੈਂਟਾ, ਕਾਰਜ ਸਿੰਘ ਥਾਂਦੇ, ਨਿਰਵੈਰ ਸਿੰਘ, ਜਗੀਰ ਸਿੰਘ, ਮਲਕੀਅਤ ਸਿੰਘ ਅਜਨਾਲ਼ਾ ਆਦਿ ਸਭ ਕੈਟ ਸਨ? ਜਿਨ੍ਹਾਂ ਦੇ ਅਹਿਦ ਵਿੱਚ ਦਰਜਨਾਂ ਮਰਦ-ਔਰਤਾਂ ਮਾਰ ਕੇ ਦਰਬਾਰ ਸਾਹਿਬ ਅੰਦਰ ਹੀ ਅਕਾਲ ਤਖਤ ਦੇ ਮਲਬੇ ਵਿੱਚ ਦੱਬ ਦਿੱਤੇ ਸਨ, ਕਿੰਨੀਆਂ ਲਾਸ਼ਾਂ ਗਟਰਾਂ ਵਿੱਚ ਸੁੱਟ ਦਿੱਤੀਆਂ ਬਾਰੇ ਕੋਈ ਪਤਾ ਹੀ ਨਹੀਂ? ਜਿਨ੍ਹਾਂ ਨੇ ਮਈ, 1988 ਵਿੱਚ ਭਾਰਤੀ ਫੋਰਸਾਂ ਵਲੋਂ ਕੀਤੇ ‘ਉਪਰੇਸ਼ਨ ਬਲੈਕ ਥੰਡਰ’ ਦੌਰਾਨ ਘਿਰ ਜਾਣ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰ ਸ਼ਰਨ ਲੈ ਲਈ ਸੀ, ਜਿਥੇ ਸਾਰਾ ਦਿਨ ਇਲਾਹੀ ਕੀਰਤਨ ਹੁੰਦਾ ਹੈ ਤੇ ਉਥੇ ਸਰੋਵਰ ਵਿੱਚ ਹੀ ਨਹੀਂ, ਕੜਾਹ ਪ੍ਰਸ਼ਾਦ ਦੇ ਬਾਟਿਆਂ ਵਿੱਚ ਮੱਲ-ਮੂਤਰ ਕਰਦੇ ਰਹੇ। ਉਹ ਅਸਥਾਨ ਜਿਥੇ ਸਜਦਾ ਕਰਨ ਦੀ ਵਾਰੀ ਆਉਣ ਲਈ ਲਾਈਨਾਂ ਵਿੱਚ ਛੇ-ਛੇ ਘੰਟੇ ਦਾ ਸਮਾਂ ਲੱਗ ਜਾਂਦਾ ਸੀ, ਉਨ੍ਹਾਂ ਸਮਿਆਂ ਵਿੱਚ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਤੋਂ ਵੀ ਡਰਦੇ ਸਨ, ਉਥੇ ਸੁੰਨ-ਸਾਨ ਪਸਰ ਗਈ ਸੀ ਤੇ ਚਿੜੀਆਂ ਕਾਂ ਵੀ ਜਾਣ ਤੋਂ ਤ੍ਰਬਕਣ ਲੱਗ ਪਏ ਸਨ। ਪਰ ਕਦੇ ਕਿਸੇ ਸਿੱਖ ਬੁੱਧੀਜੀਵੀ ਜਾਂ ਆਗੂ ਨੇ ਇਸ ਬਾਰੇ ਆਵਾਜ ਕਿਉਂ ਨਾ ਉਠਾਈ? ਉਨ੍ਹਾਂ ਸਮਿਆਂ ਦੇ ਇਸ ਖੌਫਨਾਕ ਵਰਤਾਰੇ ਨੂੰ ਖਾੜਕੂ ਧਿਰਾਂ ਦੇ ਵਾਰਿਸ ਲੋਕਾਂ ਦੇ ਚੇਤਿਆਂ ਵਿੱਚੋਂ ਵਿਸਾਰਨ ਦੀ ਚਤਰਾਈ ਕਰਦੇ ਹਨ ਤੇ ਕਿਤੇ ਜ਼ਿਕਰ ਤੱਕ ਨਹੀਂ ਕਰਦੇ? ਇਹ ਵਿਦਵਾਨ ਉਨ੍ਹਾਂ ਖਾੜਕੂਆਂ ਵਲੋਂ ਦਰਬਾਰ ਸਾਹਿਬ ਦੀ ਕੀਤੀ ਬੇਹੁਰਮਤੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ? ਇਥੇ ਉਨ੍ਹਾਂ ਦਿਨਾਂ ਦੀ ਇੱਕ ਘਟਨਾ ਦਾ ਜ਼ਿਕਰ ਕਰਨਾ ਮੁਨਾਸਿਬ ਰਹੇਗਾ। ਸੰਤ ਭਿੰਡਰਾਂਵਾਲ਼ਿਆਂ ਦੇ ਨਜਦੀਕੀ ਰਹੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਆਪਣੀ ਕਿਤਾਬ: ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ, ਜੂਨ 84 ਦੀ ਪੱਤਰਕਾਰੀ’ ਵਿੱਚ ਪੰਨਾ 399-401 ਤੇ ਲੇਖ ‘ਬਾਬਾ ਸਿੰਧੀ ਦਾ ਸਿੱਖ ਖਾੜਕੂਆਂ ਹੱਥੋਂ ਹੀ ਕਤਲ’ ਵਿੱਚ ਲਿਖਦੇ ਹਨ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਕਮਰਿਆਂ ਤੇ ਕਬਜਾ ਕਰੀ ਬੈਠੇ ਖਾੜਕੂਆਂ ਵਿੱਚੋਂ ਮੁੱਖੀ ਜਗੀਰ ਸਿੰਘ ਤੇ ਨਿਰਵੈਰ ਸਿੰਘ ਨੇ 75 ਸਾਲਾ ਬਾਬਾ ਗੁਰਦਿਆਲ ਸਿੰਘ ਸਿੰਧੀ ਨੂੰ ਪ੍ਰਕਰਮਾ ਦੇ ਕਮਰਾ ਨੰਬਰ 13 ਵਿੱਚ ਸ਼ੱਕ ਦੇ ਅਧਾਰ ਤੇ ਬੁਰ੍ਹੀ ਤਰ੍ਹਾਂ ਟਾਰਚਰ ਕਰਕੇ ਮਾਰ ਦਿੱਤਾ ਸੀ।ਯਾਦ ਰਹੇ ਬਾਬਾ ਸਿੰਧੀ ਇੱਕ ਬਹੁਤ ਹੀ ਦਰਵੇਸ਼ ਕਿਸਮ ਦਾ ਵਿਅਕਤੀ ਸੀ, ਪਰ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਹੋਣ ਕਰਕੇ ਇੰਦਰਾ ਸਰਕਾਰ ਵਲੋਂ ਬਲੂ ਸਟਾਰ ਵਰਗੀ ਕਰੂਰ ਮੂਰਖਤਾ ਕਰਕੇ ਜਜ਼ਬਾਤੀ ਹੋ ਕੇ ਖਾੜਕੂਆਂ ਦੇ ਸੰਪਰਕ ਵਿੱਚ ਆ ਗਿਆ ਸੀ। ਸੰਤਾਂ ਦੇ ਬਹੁਤ ਨਜਦੀਕੀ ਰਹੇ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਦਾ ਤਾਂ ਉਸਦੇ ਘਰ ਹੈਡ ਕੁਆਟਰ ਸੀ। ਉਸਦੀ ਕੋਠੀ ਖਾੜਕੂਆਂ ਲਈ ਪੱਕੀ ਠਾਹਰ ਸੀ।ਇਥੇ ਇਹ ਵੀ ਵਰਨਣਯੋਗ ਹੈ ਕਿ ਦਰਬਾਰ ਸਾਹਿਬ ਅੰਦਰ ਸ਼ਰਣ ਲਈ ਬੈਠੇ ਖਾੜਕੂ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇੱਕ ਧੜੇ ਦੇ ਪ੍ਰਧਾਨ ਡਾ. ਜਗਦੀਸ਼ ਸਿੰਘ ਉਰਫ ਡਾ ਗੁਰਨਾਮ ਸਿੰਘ ਬੁੱਟਰ ਨੂੰ ਬਾਬਾ ਸਿੰਧੀ ਨੇ ਆਪਣਾ ਪੁੱਤਰ ਬਣਾਇਆ ਹੋਇਆ ਸੀ, ਕਿਉਂਕਿ ਉਸਦੇ ਦੋ ਲੜਕੀਆਂ ਹੀ ਸਨ। ਡਾ. ਬੁੱਟਰ ਵੀ ਉਸ ਸਮੇਂ ਅੰਦਰ ਹੀ ਸੀ, ਜਦੋਂ ਤੱਕ ਉਸਨੂੰ ਪਤਾ ਲੱਗਾ ਕਿ ਉਸਦੇ ਸਾਥੀ ਖਾੜਕੂਆਂ ਨੇ ਉਸਦੇ ਪਿਉ ਨੂੰ ਹੀ ਤਸੀਹੇ ਦੇ ਕੇ ਮਾਰ ਦਿੱਤਾ ਹੈ ਤਾਂ ਇਸ ਕਿਤਾਬ ਮੁਤਬਿਕ ਉਹ ਕੁਝ ਚਿਰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਅਸਾਲਟ ਚੁੱਕੀ ਖਾੜਕੂਆਂ ਜਗੀਰ ਸਿੰਘ ਤੇ ਨਿਰਵੈਰ ਸਿੰਘ ਨੂੰ ਮਾਰਨ ਨੂੰ ਫਿਰਦਾ ਰਿਹਾ, ਪਰ ਕੁਝ ਖਾੜਕੂਆਂ ਨੇ ਵਿੱਚ ਪੈ ਕੇ ਗੱਲ ਠੰਡੀ ਕੀਤੀ ਕਿ ਜੇ ਸ਼ਰੇਆਮ ਗੋਲੀਆਂ ਚਲਾਉਗੇ ਤਾਂ ਪੁਲਿਸ ਅੰਦਰ ਆਵੇਗੀ।ਇਥੇ ਇਹ ਵੀ ਵਰਨਣਯੋਗ ਹੈ ਕਿ ਬਾਬਾ ਸਿੰਧੀ ਅਣਵੰਡੇ ਭਾਰਤ ਦੇ ਕਰਾਚੀ ਸ਼ਹਿਰ ਵਿੱਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਜੁਨੇਜੋ ਦਾ ਜਮਾਤੀ ਸੀ ਤੇ ਉਨ੍ਹਾਂ ਦੇ ਬਾਅਦ ਵਿੱਚ ਵੀ ਗੁੜ੍ਹੇ ਸਬੰਧ ਸਨ।ਜਦੋਂ ਇੱਕ ਵਕਤ ਪਾਕਿਸਤਾਨ ਨੇ ਖਾੜਕੂਆਂ ਨੂੰ ਅਸਾਲਟਾਂ ਦੀ ਸਪਲਾਈ ਬੰਦ ਕਰ ਦਿੱਤੀ ਸੀ ਤਾਂ ਬਾਬਾ ਸਿੰਧੀ ਨੇ ‘ਪੰਥਕ ਕਮੇਟੀ’ ਦੀ ਹਦਾਇਤ ਤੇ ਰਾਸ਼ਟਰਪਤੀ ਜੁਨੇਜੋ ਰਾਹੀਂ ਹਥਿਆਰਾਂ ਦੀ ਸਪਲਾਈ ਦੁਬਾਰਾ ਸ਼ੁਰੂ ਕਰਾਈ ਸੀ।ਇਸੇ ਘਟਨਾ ਬਾਰੇ ਜਸਪਾਲ ਸਿੰਘ ਦੇ ਮਿੱਤਰ ਤੇ ‘ਅਕਾਲੀ ਪੱਤਰਕਾ’ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਨੇ ਆਪਣੀ ਕਿਤਾਬ ‘ਨੀਂਹ ਰੱਖੀ ਗਈ’ ਦੇ ਚੈਪਟਰ ‘ਬਾਬਾ ਗੁਰਦਿਆਲ ਸਿੰਘ ਸਿੰਧੀ ਦੀ ਭੂਮਿਕਾ’ ਵਿੱਚ ਪੰਨਾ 238-240 ਤੇ ਵਿਸਥਾਰ ਨਾਲ਼ ਵਰਨਣ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਖਾੜਕੂਆਂ ਦੇ ਅਜਿਹੇ ਮਿੱਤਰ ਨੂੰ ਅਗਰ ਦਰਬਾਰ ਸਾਹਿਬ ਦੇ ਪ੍ਰਕਰਮਾ ਦੇ ਕਮਰੇ ਵਿੱਚ ਅਣਮਨੁੱਖੀ ਤਸੀਹੇ ਦੇ ਕੇ ਮਾਰਿਆ ਜਾ ਸਕਦਾ ਹੈ ਤਾਂ ਜਿਨ੍ਹਾਂ ਨੂੰ ਕੈਟ, ਗਦਾਰ, ਏਜੰਸੀਆਂ ਦੇ ਬੰਦੇ ਕਹਿ ਕੇ ਚੁੱਕਿਆ ਹੋਵੇਗਾ, ਉਨ੍ਹਾਂ ਨਾਲ਼ ਕੀ ਬੀਤੀ ਹੋਵੇਗੀ? ਅਜੋਕੇ ਸਿੱਖ ਚਿੰਤਕ ਅਜਮੇਰ ਸਿੰਘ ਜਦੋਂ ਦਰਬਾਰ ਸਾਹਿਬ ਵਿੱਚ ਮੋਰਚਾਬੰਦੀ ਲਈ ਮੇਜਰ ਜਨਰਲ ਸ਼ਬੇਗ ਸਿੰਘ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹਦੇ ਹਨ ਤਾਂ ਪ੍ਰੋ ਪੂਰਨ ਸਿੰਘ ਉਨ੍ਹਾਂ ਨੂੰ ਸੁਣਨ ਤਾਂ ਕੀ ਆਖਣਗੇ?
ਖਾਲਿਸਤਾਨੀ ਧਿਰਾਂ ਵਲੋਂ ਇੱਕ ਤਰਕ ਇਹ ਦਿੱਤਾ ਜਾਂਦਾ ਹੈ ਕਿ ਸਿੱਖਾਂ ਦਾ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਆਪਣਾ ਵੱਖਰਾ ਅਜ਼ਾਦ ਖਾਲਸਾ ਰਾਜ ਸੀ। ਇਸ ਲਈ ਸਾਡਾ ਇਹ ਹੱਕ ਬਣਦਾ ਹੈ ਕਿ ਸਾਨੂੰ ਵੱਖਰਾ ਸਿੱਖ ਰਾਜ ਦਿੱਤਾ ਜਾਵੇ।ਪਰ ਉਹ ਇਹ ਨਹੀਂ ਸਮਝਦੇ ਕਿ 19ਵੀਂ ਸਦੀ ਤੱਕ ਜਿਹੜੇ ਰਾਜਿਆਂ ਦੇ ਭਾਰਤ ਵਿੱਚ ਰਾਜ ਸਨ, ਉਹ ਲੋਕਾਂ ਦੀ ਮਰਜੀ ਨਾਲ਼ ਨਹੀਂ, ਮੱਧ ਯੁਗ ਦੇ ਤਕਾਜਿਆਂ ਅਨੁਸਾਰ ਤਲਵਾਰ ਦੇ ਜ਼ੋਰ ਨਾਲ਼ ਬਣਾਏ ਹੋਏ ਸਨ।ਮੱਧ ਯੁਗ ਵਿੱਚ ਤਾਂ 10 ਲੱਖ ਦੀ ਅਬਾਦੀ ਵਾਲ਼ੇ ਮੰਗੋਲੀਆਂ ਨੇ ਚੰਗੇਜ ਖਾਨ ਦੀ ਅਗਵਾਈ ਹੇਠ ਸਿਕੰਦਰ ਤੋਂ ਵੀ ਵੱਡੀ ਸਲਤਨਤ ਕਾਇਮ ਕਰ ਲਈ ਸੀ।ਈਸਟ ਇੰਡੀਆ ਕੰਪਨੀ ਰਾਹੀਂ ਭਾਰਤ ਵਿੱਚ ਆਏ ਕੁਝ ਗਿਣਤੀ ਦੇ ਗੋਰਿਆਂ ਨੇ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ ਸੀ। ਵੀਹਵੀਂ ਸਦੀ ਦੇ ਅੱਧ ਤੱਕ ਜਦੋਂ 1947 ਵਿੱਚ ਭਾਰਤ ਅਜ਼ਾਦ ਹੋਇਆ, ਉਦੋਂ ਤੱਕ ਦੁਨੀਆਂ ਭਰ ਵਿੱਚ ਲੋਕਤੰਤਰ ਦਾ ਜਮਾਨਾ ਆ ਚੁੱਕਾ ਸੀ, ਜਿਥੇ ਵੋਟਾਂ ਦੇ ਅਧਾਰ ਤੇ ਹੀ ਰਾਜ ਚੱਲਣੇ ਸਨ।ਅਜਿਹੇ ਵਿੱਚ ਜਦੋਂ ਸਿੱਖਾਂ ਸਮੇਤ ਸਾਰੀਆਂ ਧਿਰਾਂ ਸਾਰਾ ਭਾਰਤ ਇਕੱਠਾ ਰੱਖਣ ਦੇ ਹੱਕ ਵਿੱਚ ਸਨ, ਭਾਵੇਂ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਤੇ ਦੇਸ਼ ਧਰਮ ਦੇ ਅਧਾਰ ਤੇ ਤਿੰਨ ਦੇਸ਼ਾਂ ਵਿੱਚ ਵੰਡਿਆ ਗਿਆ।ਪਰ ਉਸਦਾ ਅਧਾਰ ਵੀ ਜਿਥੇ ਮੁਸਲਮਾਨਾਂ ਦੀ ਬਹੁ-ਗਿਣਤੀ ਸੀ, ਉਥੇ ਇਸਲਾਮ ਦਾ ਰਾਜ ਹੋ ਗਿਆ ਤੇ ਜਿਥੇ ਹਿੰਦੂਆਂ ਦੀ ਬਹੁ-ਗਿਣਤੀ ਸੀ, ਸਾਂਝਾ ਲੋਕਤੰਤਰ ਬਣ ਗਿਆ।ਹੁਣ ਜੇ ਸਿੱਖਾਂ ਦੇ ਇਸ ਤਰਕ ਨੂੰ ਦੇਖੀਏ ਕਿ ਸਾਡਾ ਰਾਜ ਸੀ ਤਾਂ ਮਰਹੱਟਿਆਂ ਦਾ ਤਾਂ ਭਾਰਤ ਵਿੱਚ ਲੰਬਾ ਸਮਾਂ ਰਾਜ ਰਿਹਾ ਤੇ ਉਸਦਾ ਖੇਤਰ ਵੀ ਸਿੱਖ ਰਾਜ ਤੋਂ 5-6 ਗੁਣਾਂ ਵੱਡਾ ਸੀ।ਮਰਹੱਟਿਆਂ ਨੇ ਤਾਂ 18ਵੀਂ ਸਦੀ ਵਿੱਚ ਇੱਕ ਵਾਰ ਪੂਰੇ ਭਾਰਤ ਵਿੱਚ ਆਪਣੀ ਜਿੱਤ ਦਾ ਝੰਡਾ ਝੁਲਾ ਦਿੱਤਾ ਸੀ।ਫਿਰ ਤਾਂ ਮਰਹੱਟਿਆਂ ਨੂੰ ਸਭ ਤੋਂ ਪਹਿਲਾਂ ਮਰਹੱਟਾ ਸਟੇਟ ਮਿਲਣੀ ਚਾਹੀਦੀ ਸੀ, ਪਰ 1947 ਤੋਂ ਬਾਅਦ ਵੀਰ ਸਾਵਰਕਰ ਵਰਗੇ ਚਿੱਟ ਪਵਨ ਬ੍ਰਾਹਮਣਾਂ ਦੇ ਹੁੰਦਿਆਂ ਵੀ ਮਰਹੱਟਿਆਂ ਨੂੰ 13 ਸਾਲ ਲੇਲੜੀਆਂ ਕਢਾ ਕੇ ਨਹਿਰੂ ਹੋਰਾਂ ਭਾਸ਼ਾ ਅਧਾਰਿਤ ਮਹਾਂਰਾਸ਼ਟਰ ਸੂਬਾ ਦਿੱਤਾ ਸੀ।ਫਿਰ ਬੰਬਈ ਨੂੰ ਤਾਂ ਪੰਡਤ ਨਹਿਰੂ ਕਿਸੇ ਹਾਲਤ ਵਿੱਚ ਵੀ ਮਹਾਂਰਾਸ਼ਟਰ ਦੇ ਹਵਾਲੇ ਕਰਨ ਤਿਆਰ ਨਹੀਂ ਸਨ। ਕੀ ਇਸਨੂੰ ਮਰਾਠੇ ਹਿੰਦੂਆਂ ਨਾਲ਼ ਵਿਤਕਰਾ ਕਿਹਾ ਜਾਵੇਗਾ?
ਜੋ ਹਾਲਾਤ 1947 ਵਿੱਚ ਸਨ, ਸਿੱਖਾਂ ਦੇ ਅੱਜ ਵੀ ਉਹੀ ਹਾਲਾਤ ਹਨ, ਸਿੱਖ ਕਿਸੇ ਜਗ੍ਹਾ ਵੀ ਬਹੁ-ਗਿਣਤੀ ਵਿੱਚ ਨਹੀਂ ਹਨ? ਇਹ ਗੱਲ ਵੱਖਰੀ ਹੈ ਕਿ 47 ਦੇ ਕਤਲੇਆਮ ਕਰਕੇ ਲੋਕ ਪਾਕਿਸਤਾਨ ਤੋਂ ਭਾਰਤ ਵੱਲ ਆ ਗਏ, ਨਹੀਂ ਤਾਂ ਜੇ ਕਤਲੇਆਮ ਤੋਂ ਬਿਨਾਂ ਸ਼ਾਂਤੀ ਨਾਲ਼ ਦੇਸ਼ ਬਣਦੇ ਤਾਂ ਬਹੁਤੇ ਲੋਕਾਂ ਨੇ ਆਪਣੇ ਘਰ-ਬਾਰ ਤੇ ਜਮੀਨਾਂ ਛੱਡ ਕੇ ਭਾਰਤ ਨਹੀਂ ਆਉਣਾ ਸੀ? ਜ਼ਰਾ ਸੋਚੋ, ਜੇ ਅੱਜ ਪੰਜਾਬ ਵਿੱਚ ਖਾਲਿਸਤਾਨ ਬਣ ਜਾਵੇ ਤਾਂ ਵਿਦੇਸ਼ਾਂ ਵਿੱਚ ਵਸਦੇ ਮਿਲੀਅਨਜ਼ ਸਿੱਖਾਂ ਵਿੱਚੋਂ ਕਿੰਨੇ ਕੁ ਵਾਪਿਸ ਜਾਣਗੇ? ਕੀ ਵਿਦੇਸ਼ੀਂ ਬੈਠੇ ਖਾਲਿਸਤਾਨੀ ਲੀਡਰ, ਆਪਣੇ ਪਰਿਵਾਰਾਂ ਤੋਂ ਪੁੱਛ ਕੇ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਖਾਲਿਸਤਾਨ ਵਿੱਚ ਜਾਣ ਲਈ ਤਿਆਰ ਹਨ? ਦੁਨੀਆਂ ਬਦਲ ਚੁੱਕੀ ਹੈ, ਦੁਨੀਆਂ ਦੀ ਹਕੀਕਤ ਬਦਲ ਚੁੱਕੀ ਹੈ।ਅੱਜ ਦੁਨੀਆਂ ਗਲੋਬਲ ਵਿਲੇਜ਼ ਬਣਦੀ ਜਾ ਰਹੀ ਹੈ।ਯੂਰਪੀਅਨ ਦੇਸ਼ਾਂ ਨੇ ਇਕੱਠੇ ਹੋ ਕੇ ਯੂਰਪੀਅਨ ਯੂਨੀਅਨ ਬਣਾ ਲਈ ਹੈ ਤੇ ਬਾਰਡਰ ਖੋਲ ਦਿੱਤੇ ਹਨ।ਹੋਰ ਕਈ ਦੇਸ਼ ਅਜਿਹਾ ਸੋਚ ਰਹੇ ਹਨ।ਨਾਰਥ ਅਮਰੀਕਾ ਵਿੱਚ ਇਹ ਗੱਲ ਚੱਲਦੀ ਰਹਿੰਦੀ ਹੈ ਕਿ ਸਾਰਾ ਨਾਰਥ ਅਮਰੀਕਾ ਉਪਨ ਕਰਕੇ ਮਹਾਂ-ਨਾਰਥ ਅਮਰੀਕਾ ਬਣਾ ਦੇਣਾ ਚਾਹੀਦਾ ਹੈ।ਅੱਜ ਸਾਡੀਆਂ ਸਮੱਸਿਆਵਾਂ ਇਲਾਕਿਆਂ ਜਾਂ ਦੇਸ਼ਾਂ ਦੀ ਥਾਂ ਅੰਤਰਰਾਸ਼ਟਰੀ ਪੱਧਰ ਦੀਆਂ ਬਣ ਚੁੱਕੀਆਂ ਹਨ।ਕੋਵਿਡ ਮਹਾਂਮਾਰੀ ਨੇ ਦੱਸ ਦਿੱਤਾ ਹੈ ਕਿ ਵੱਡੀਆਂ ਸਮੱਸਿਆਵਾਂ ਨੂੰ ਅਸੀਂ ਇਕੱਲੇ-ਇਕੱਲੇ ਨਹੀਂ, ਸਾਂਝੇ ਯਤਨਾਂ ਨਾਲ਼ ਹੀ ਹੱਲ ਕਰ ਸਕਦੇ ਹਾਂ।ਜਿਸ ਤਰ੍ਹਾਂ ਦੁਨੀਆਂ ਭਰ ਦੇ ਸਾਇੰਸਦਾਨਾਂ ਦੇ ਸਾਂਝੇ ਯਤਨਾਂ ਨਾਲ਼ ਕੋਵਿਡ ਵੈਕਸੀਨ ਸੰਭਵ ਹੋ ਸਕੀ ਹੈ।ਗਲੋਬਲ ਵਾਰਮਿੰਗ, ਨੁਕਲੀਅਰ ਹਥਿਆਰਾਂ ਦੀ ਦੌੜ, ਵਾਤਾਵਰਣ ਦਾ ਪਰਦੂਸ਼ਣ, ਪਾਣੀ ਦੀ ਘਾਟ, ਪੁਰਾਣੇ ਅਨਰਜੀ ਸਰੋਤਾਂ ਦੀ ਥਾਂ ਨਵੇਂ ਸਰੋਤਾਂ ਦੀ ਖੋਜ, ਨਵੀਂ ਰੋਬੋਟ ਟੈਕਨੌਲੌਜੀ ਤੇ ਆਰਟੀਫਿਸ਼ੀਅਲ਼ ਇੰਟੈਲੀਜੈਂਸ ਨੇ ਮਨੁੱਖਤਾ ਅੱਗੇ ਨਵੀਂਆਂ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ, ਇਹ ਸਭ ਕਾਰਜ ਸਾਡੇ ਸਾਂਝੇ ਯਤਨਾਂ ਨਾਲ਼ ਹੀ ਸੰਭਵ ਹੋ ਸਕਦੇ ਹਨ।
ਸਾਨੂੰ ਸਭ ਨੂੰ 47 ਦੇ ਸੰਤਾਪ, ਉਸਦੇ ਦਰਦ ਤੇ ਰਾਜਨੀਤੀ ਨੂੰ ਸਮਝਣ ਲਈ ਹੇਠ ਦਿੱਤੀਆਂ ਕੁਝ ਕਿਤਾਬਾਂ ਜਰੂਰ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਜੋ ਲੋਕ ਧਰਮ ਅਧਾਰਿਤ ਸਟੇਟ ਦਾ ਉਦੋਂ ਵਿਰੋਧ ਕਰਦੇ ਸਨ ਜਾਂ ਹੁਣ ਕਰਦੇ ਹਨ, ਉਸਦੇ ਕੀ ਕਾਰਨ ਹਨ? ਹਰ ਇੱਕ ਤੇ ਗਦਾਰੀ ਦੇ ਠੱਪੇ ਲਗਾ ਦੇਣੇ ਕੋਈ ਸਿਆਣਪ ਨਹੀਂ।ਆਪਣੇ ਵਿਰੋਧੀ ਵਿਚਾਰ ਨੂੰ ਜਾਨਣਾ ਬੜਾ ਜਰੂਰੀ ਹੈ।ਜੇ ਅਸੀਂ ਗੁਰੂਆਂ ਦੀ ਵਿਚਾਰਧਾਰਾ ਅਨੁਸਾਰ ‘ਸਭੇ ਸਾਂਝੀ ਵਾਲ ਸਦਾਇਨ’ ਦੇ ਆਸ਼ੇ ਦੇ ਧਾਰਨੀ ਹਾਂ ਤਾਂ ਸਾਨੂੰ ਖੁੱਲ-ਦਿਲੀ ਨਾਲ਼ ਮਸਲੇ ਵਿਚਾਰਨ ਦੀ ਲੋੜ ਹੈ? ਅੱਜ ਸਿੱਖ ਸਾਰੀ ਦੁਨੀਆਂ ਵਿੱਚ ਫੈਲ ਚੁੱਕੇ ਹਨ, ਸਾਡੇ ਮਸਲੇ ਵੀ ਹੁਣ ਪੰਜਾਬ ਤੋਂ ਜ਼ਿਆਦਾ ਗਲੋਬਲ ਬਣ ਚੁੱਕੇ ਹਨ।ਸਾਨੂੰ ਹੁਣ ਵਰਲਡ ਪੱਧਰ ਤੇ ਸੋਚਣ, ਵਿਚਾਰਨ ਤੇ ਕੰਮ ਕਰਨ ਦੀ ਲੋੜ ਹੈ। ਸਿੱਖ ਲੀਡਰਾਂ ਤੇ ਵਿਦਵਾਨਾਂ ਨੂੰ ਆਦਮ-ਬੋ-ਆਦਮ ਕਰਨ ਦੀ ਉਲਾਰ, ਜਜਬਾਤੀ ਤੇ ਭੜਕਾਊ ਰਾਜਨੀਤੀ ਛੱਡ ਕੇ ਸਿੱਖ ਨੌਜਵਾਨਾਂ ਨੂੰ ਸਹੀ ਦੇਣ ਦੀ ਲੋੜ ਹੈ? ਇਹ ਕਿਤਾਬਾਂ ਪੰਜਾਬੀ ਵਿੱਚ ਵੀ ਅਨੁਵਾਦ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਹਾਲਾਤਾਂ ਦਾ ਪਤਾ ਲੱਗ ਸਕੇ।ਖਾਸਕਰ ਜੈਸਮਿਨ ਖਾਨ ਤੇ ਇਸ਼ਤਿਆਕ ਅਹਿਮਦ ਦੀਆਂ ਕਿਤਾਬਾਂ ਤਾਂ ਜਰੂਰ ਪੜ੍ਹਨੀਆਂ ਚਾਹੀਦੀਆਂ ਹਨ।ਇਸ ਪ੍ਰਥਾਏ ਕੁਝ ਪੜ੍ਹਨਯੋਗ ਕਿਤਾਬਾਂ ਇਸ ਤਰ੍ਹਾਂ ਹਨ: Larry Collins’s book ‘Freedom at Midnight’, Prof Yasmin Khan’s book ‘The Great Partition: The Making of India and Pakistan’, Jaswant Singh’s book ‘Jinnah: India, Partition, Independence’, Gyanendra Pandey’s book ‘Remembering Partition: Violence, Nationalism and History’ in India, Prof. Ishtiaq Ahmed’s book ‘Jinnah: His Successes, Failures and Role in History.’
00000