ਵਾਸ਼ਿੰਗਟਨ, 24 ਜੁਲਾਈ

ਦੁਨੀਆ ਦੇ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੇ ਐੱਨਐੱਸਓ ਗਰੁੱਪ ਸਪਾਈਵੇਅਰ ਦੀ ਵਰਤੋਂ ਕਰਦਿਆਂ 2019 ‘ਚ ਸੀਨੀਅਰ ਸਰਕਾਰੀ ਅਧਿਕਾਰੀਆਂ ਸਮੇਤ ਵੱਟਸਐਪ ਦੇ 1400 ਵਰਤੋਂਕਾਰਾਂ ਦੀ ਵੀ ਜਾਸੂਸੀ ਕਰਵਾਈ ਸੀ। ਵੱਟਸਐਪ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਲ ਕੈਥਕਾਰਟ ਨੇ ਇਹ ਖ਼ੁਲਾਸਾ ਕੀਤਾ ਹੈ। ‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਕੈਥਕਾਰਟ ਨੇ ਕਿਹਾ ਕਿ 2019 ‘ਚ ਵੱਟਸਐਪ ਵਰਤੋਂਕਾਰਾਂ ‘ਤੇ ਹੋਏ ਹਮਲੇ ਪੈਗਾਸਸ ਪ੍ਰਾਜੈਕਟ ਨਾਲ ਮੇਲ ਖਾਂਦੇ ਹਨ ਅਤੇ ਉਨ੍ਹਾਂ ਐੱਨਐੱਸਓ ਖ਼ਿਲਾਫ਼ ਕੇਸ ਕੀਤਾ ਹੋਇਆ ਹੈ। ਉਸ ਸਮੇਂ ਕਈ ਅਹਿਮ ਹਸਤੀਆਂ ਦੇ ਵੱਡੇ ਪੱਧਰ ‘ਤੇ ਡੇਟਾ ਲੀਕ ਹੋਣ ਦੇ ਦੋਸ਼ ਲੱਗੇ ਸਨ।

‘ਦਿ ਗਾਰਡੀਅਨ’ ਨੂੰ ਦਿੱਤੇ ਇੰਟਰਵਿਊ ‘ਚ ਕੈਥਕਾਰਟ ਨੇ ਕਿਹਾ,”ਜਾਸੂਸੀ ਸਬੰਧੀ ਇਹ ਹਮਲੇ ਬਿਲਕੁਲ ਦੋ ਸਾਲ ਪਹਿਲਾਂ ਸਾਡੇ ਵਰਤੋਂਕਾਰਾਂ ‘ਤੇ ਡੇਟਾ ਲੀਕ ਨਾਲ ਮੇਲ ਖਾਂਦੇ ਹਨ। ਉਸ ਸਮੇਂ ਅਸੀਂ ਜਾਸੂਸੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।” ਵੱਟਸਐਪ ਮੁਤਾਬਕ ਉਨ੍ਹਾਂ ਦੇ ਵਰਤੋਂਕਾਰਾਂ ‘ਚ ਸ਼ਾਮਲ ਸੀਨੀਅਰ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਪੱਤਰਕਾਰਾਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਨੂੰ ਵੀ 2019 ‘ਚ ਨਿਸ਼ਾਨਾ ਬਣਾਇਆ ਗਿਆ ਸੀ। ਕੈਥਕਾਰਟ ਨੇ ਕਿਹਾ ਕਿ ਐੱਨਐੱਸਓ ਗਰੁੱਪ ਵੱਲੋਂ ਵੱਟਸਐਪ ਸੇਵਾ ਰਾਹੀਂ ਲੋਕਾਂ ਦੇ ਫੋਨਾਂ ਦੀ ਜਾਸੂਸੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਵੱਟਸਐਪ ਦੇ ਸੀਈਓ ਨੇ ਕਿਹਾ ਕਿ ਜਾਸੂਸੀ ਦਾ ਸ਼ਿਕਾਰ ਬਣਨ ਵਾਲੇ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਇਸੇ ਕਾਰਨ ਉਨ੍ਹਾਂ ਇਸ ਮੁੱਦੇ ਨੂੰ ਉਠਾਉਣਾ ਜ਼ਰੂਰੀ ਸਮਝਿਆ। ‘ਦਿ ਗਾਰਡੀਅਨ’ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਵੱਟਸਐਪ ਕੋਲ ਐੱਨਐੱਸਓ ਸਰਵਰ ਵੱਲੋਂ ਵਰਤੋਂਕਾਰਾਂ ਦੇ ਫੋਨਾਂ ‘ਤੇ ਮਾਲਵੇਅਰ ਸਥਾਪਤ ਕਰਨ ਦੀ ਕੋਸ਼ਿਸ਼ ਦੇ ਸਬੂਤ ਹਨ। ਵੱਟਸਐਪ ਨੇ ਦੋ ਸਾਲ ਪਹਿਲਾਂ ਐਲਾਨ ਕੀਤਾ ਸੀ ਕਿ 1400 ਵਿਅਕਤੀਆਂ ‘ਚੋਂ 100 ਪੱਤਰਕਾਰ, ਮਨੁੱਖੀ ਹੱਕਾਂ ਦੇ ਰਾਖੇ ਅਤੇ ਕਾਰਕੁਨ ਸ਼ਾਮਲ ਸਨ। ਰਿਪੋਰਟ ਮੁਤਾਬਕ ਕੈਥਕਾਰਟ ਨੇ ਕਿਹਾ ਕਿ ਉਨ੍ਹਾਂ ਵੱਟਸਐਪ ਵਰਤੋਂਕਾਰਾਂ ਖ਼ਿਲਾਫ਼ ਹਮਲਿਆਂ ਬਾਰੇ ਕਈ ਮੁਲਕਾਂ ਦੀਆਂ ਸਰਕਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ। ਉਨ੍ਹਾਂ ਸਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਸਪਾਈਵੇਅਰ ਬਣਾਉਣ ਵਾਲਿਆਂ ਦੀ ਜਵਾਬਦੇਹੀ ਤੈਅ ਕਰਨ ‘ਚ ਸਹਾਇਤਾ ਪ੍ਰਦਾਨ ਕਰਨ। ਉੱਧਰ ਇਜ਼ਰਾਇਲੀ ਸਪਾਈਵੇਅਰ ਬਣਾਉਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਲੀਕ ਹੋਏ ਡੇਟਾ ‘ਚ ਸੰਭਾਵੀ ਵਿਅਕਤੀਆਂ ਦੇ ਨਾਮ ਵੀ ਸ਼ਾਮਲ ਹਨ। ਐੱਨਐੱਸਓ ਨੇ ਕਿਹਾ ਕਿ 50 ਹਜ਼ਾਰ ਵਿਅਕਤੀਆਂ ਦੀ ਜਾਸੂਸੀ ਕਰਾਉਣ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਅਤੇ ਪੈਗਾਸਸ ਵੱਲੋਂ ਇੰਨੀ ਵੱਡੀ ਗਿਣਤੀ ‘ਚ ਵਿਅਕਤੀਆਂ ਦੀ ਜਾਸੂਸੀ ਕਰਾਉਣਾ ਮੁਸ਼ਕਲ ਹੈ। ਐੱਨਐੱਸਓ ਦੇ ਮੁਖੀ ਸ਼ਾਲੇਵ ਹੂਲੀਓ ਨੇ ਦਾਅਵਾ ਕੀਤਾ ਕਿ ਐੱਨਐੱਸਓ ਦੇ ਗਾਹਕਾਂ ਦੇ ਆਖਣ ‘ਤੇ ਔਸਤਨ 100 ਕੁ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕੰਪਨੀ ਸਿਰਫ਼ 40 ਤੋਂ 45 ਮੁਲਕਾਂ ‘ਚ ਸਪਾਈਵੇਅਰ ਵੇਚਦੀ ਹੈ। -ਆਈਏਐਨਐਸ

News Source link