ਨਵੀਂ ਦਿੱਲੀ, 22 ਜੁਲਾਈ

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਜਿਹੜੇ ਲੋਕ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਹਨ, ਉਨ੍ਹਾਂ ਨੂੰ ਸੱਤਾ ਦੇ ਨਸ਼ੇ ‘ਚ ਧਮਕਾਉਣਾ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਕਿਸੇ ਮੁੱਦੇ ‘ਤੇ ਆਵਾਜ਼ ਬੁਲੰਦ ਕਰਨਾ ਹਰ ਕਿਸੇ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਗ਼ੈਰਕਾਨੂੰਨੀ ਕਾਰਵਾਈਆਂ ਲਈ ਲੋਕਾਂ ਦੀ ਜਾਇਦਾਦ ਜ਼ਬਤ ਕਰਨ ਸਬੰਧੀ ਟਵੀਟ ਦੀ ਤਿੱਖੀ ਆਲੋਚਨਾ ਕੀਤੀ। ਯੋਗੀ ਨੇ ਬੁੱਧਵਾਰ ਸ਼ਾਮ ਨੂੰ ਟਵਿੱਟਰ ‘ਤੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਕਿਸੇ ਦੀਆਂ ਗੱਲਾਂ ਨਾਲ ਗੁੰਮਰਾਹ ਨਾ ਹੋਣ। ‘ਕੋਈ ਵੀ ਅੱਜ ਗ਼ੈਰਕਾਨੂੰਨੀ ਸਰਗਰਮੀਆਂ ‘ਚ ਸ਼ਾਮਲ ਨਹੀਂ ਹੋ ਸਕਦਾ ਹੈ। ਜਿਹੜੇ ਆਪਣੀ ਜਾਇਦਾਦ ਜ਼ਬਤ ਕਰਵਾਉਣਾ ਚਾਹੁੰਦੇ ਹਨ, ਉਹ ਗ਼ੈਰਕਾਨੂੰਨੀ ਸਰਗਰਮੀਆਂ ‘ਚ ਸ਼ਾਮਲ ਹੋ ਸਕਦੇ ਹਨ।’ ਪ੍ਰਿਯੰਕਾ ਨੇ ਯੋਗੀ ਦੇ ਟਵੀਟ ਨੂੰ ਸਾਂਝਾ ਕਰਦਿਆਂ ਆਪਣੀ ਪੋਸਟ ‘ਚ ਕਿਹਾ,”ਜਿਹੜੀ ਸੰਪਤੀ ‘ਤੇ ਯੋਗੀ ਜੀ ਬੈਠੇ ਹਨ, ਉਹ ਉਨ੍ਹਾਂ ਦੀ ਨਹੀਂ ਹੈ। ਇਹ ਮੁਲਕ ਦੇ ਲੋਕਾਂ ਦੀ ਹੈ।” ਉਨ੍ਹਾਂ ਕਿਹਾ ਕਿ ਚੇਤੇ ਰੱਖੋ ਇਹ ਸੰਪਤੀ ਵੀ ਲੋਕਾਂ ਵੱਲੋਂ ਕਦੇ ਵੀ ਜ਼ਬਤ ਕੀਤੀ ਜਾ ਸਕਦੀ ਹੈ। -ਪੀਟੀਆਈ

News Source link