ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 21 ਜੁਲਾਈ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਅਤੇ ਹੋਰ ਕਾਂਗਰਸੀਆਂ ਨੇ ਅੱਜ ਇੱਥੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਉਨ੍ਹਾਂ ਅਕਾਲ ਤਖ਼ਤ ‘ਤੇ ਮੱਥਾ ਟੇਕਿਆ ਅਤੇ ਇਕ ਘੰਟਾ ਗੁਰੂ ਘਰ ਵਿਖੇ ਬਿਤਾਇਆ। ਪੈਰ ‘ਤੇ ਸੱਟ ਲੱਗਣ ਦੇ ਬਾਵਜੂਦ ਉਨ੍ਹਾਂ ਪਰਿਕਰਮਾ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਆਫੀ ਮੰਗਣ ਦੀ ਸ਼ਰਤ ਬਾਰੇ ਸਿੱਧੂ ਸਮਰਥਕਾਂ ਨੇ ਆਖਿਆ ਕਿ ਇਹ ਸ਼ਰਤ ਨਹੀਂ ਹੋਣੀ ਚਾਹੀਦੀ। ਸਮੁੱਚੀ ਕਾਂਗਰਸ ਨੂੰ ਇਕਜੁੱਟ ਹੋ ਕੇ ਚੱਲਣਾ ਚਾਹੀਦਾ ਹੈ। ਕਾਂਗਰਸੀ ਵਿਧਾਇਕ ਅਤੇ ਹੋਰ ਆਗੂ ਬੱਸ ਅਤੇ ਕੁਝ ਵਾਹਨਾਂ ਵਿੱਚ ਸਵਾਰ ਹੋ ਕੇ ਇਥੇ ਪੁੱਜੇ। ਇਸ ਤੋਂ ਪਹਿਲਾਂ ਸ੍ਰੀ ਸਿੱਧੂ ਦੇ ਘਰ ਤੋਂ ਚੱਲਣ ਸਮੇਂ ਢੋਲ ਵਜਾਏ ਗਏ ਅਤੇ ਭੰਗੜੇ ਵੀ ਪਾਏ ਗਏ। ਸ੍ਰੀ ਸਿੱਧੂ ਦੇ ਨਾਲ ਸੁਨੀਲ ਜਾਖੜ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਪਰਗਟ ਸਿੰਘ, ਰਾਜ ਕੁਮਾਰ ਵੇਰਕਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਹੋਰ ਵੀ ਸਨ।

News Source link