ਨਵੀਂ ਦਿੱਲੀ, 20 ਜੁਲਾਈ

ਮੁੱਖ ਅੰਸ਼

  • ਰਾਜ ਸਭਾ ਵਿੱਚ ਬਾਅਦ ਦੁਪਹਿਰ ਕਰੋਨਾ ਮਹਾਮਾਰੀ ‘ਤੇ ਹੋਈ ਚਰਚਾ

ਵਿਰੋਧੀ ਧਿਰ ਵੱਲੋਂ ਅੱਜ ਪੈਗਾਸਸ ਜਾਸੂਸੀ ਮਾਮਲਾ ਤੇ ਮਹਿੰਗਾਈ ਦੇ ਮੁੱਦੇ ਸਮੇਤ ਹੋਰ ਮਸਲਿਆਂ ‘ਤੇ ਕੀਤੇ ਗੲੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਉੱਧਰ ਰਾਜ ਸਭਾ ਵੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਵਾਰ ਵਾਰ ਮੁਤਲਵੀ ਕੀਤੀ ਗਈ ਪਰ ਬਾਅਦ ਦੁਪਹਿਰ ਸਦਨ ‘ਚ ਕਰੋਨਾ ਮਹਾਮਾਰੀ ਬਾਰੇ ਚਰਚਾ ਹੋਈ। ਇਸ ਦੌਰਾਨ ਕੇਂਦਰ ਨੇ ਤੀਜੀ ਲਹਿਰ ਨਾਲ ਨਜਿੱਠਣ ਲਈ ਸਰਕਾਰ ਦੀਆਂ ਤਿਆਰੀਆਂ ਹੋਣ ਦਾ ਦਾਅਵਾ ਕੀਤਾ ਜਦਕਿ ਵਿਰੋਧੀ ਧਿਰ ਨੇ ਸਰਕਾਰ ਦੇ ਦੂਜੀ ਲਹਿਰ ਨਾਲ ਨਜਿੱਠਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਇਆ।

ਪਹਿਲਾਂ ਦੋ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਬਾਅਦ ਦੁਪਹਿਰ 3 ਵਜੇ ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੈਗਾਸਸ ਜਾਸੂਸੀ ਮਾਮਲੇ ‘ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਭਲਕੇ ਈਦ-ਉਲ-ਜ਼ੁਹਾ ਦੀ ਛੁੱਟੀ ਹੋਣ ਕਾਰਨ ਸਦਨ ਦੀ ਅਗਲੀ ਮੀਟਿੰਗ ਹੁਣ 22 ਜੁਲਾਈ ਨੂੰ ਹੋਵੇਗੀ। ਵਿਰੋਧੀ ਧਿਰ ਸੰਸਦ ਦੇ ਮੌਨਸੂਨ ਸੈਸ਼ਨ ‘ਚ ਸਰਕਾਰ ਨੂੰ ਤਿੰਨ ਕੇਂਦਰੀ ਖੇਤੀ ਕਾਨੂੰਨਾਂ, ਪੈਗਾਸਸ ਜਾਸੂਸੀ ਮਾਮਲਾ ਤੇ ਮਹਿੰਗਾਈ ਸਮੇਤ ਵੱਖ ਵੱਖ ਮੁੱਦਿਆਂ ‘ਤੇ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਹੇਠਲੇ ਸਦਨ ਦੀ ਕਾਰਵਾਈ ਅੱਜ ਦੂਜੇ ਦਿਨ ਵੀ ਨਾ ਚੱਲ ਸਕੀ। ਸਵੇਰੇ 11 ਵਜੇ ਸਦਨ ਦੀ ਮੀਟਿੰਗ ਸ਼ੁਰੂ ਹਣ ‘ਤੇ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ ਤਾਂ ਕਾਂਗਰਸ, ਟੀਐੱਮਸੀ ਸਮੇਤ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰ ਨਾਅਰੇਬਾਜ਼ੀ ਕਰਨ ਲੱਗ ਪਏ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਹੱਥਾਂ ‘ਚ ਤਖਤੀਆਂ ਲੈ ਕੇ ਸਪੀਕਰ ਦੀ ਸੀਟ ਨੇੜੇ ਆ ਕੇ ਨਾਅਰੇ ਮਾਰਨ ਲੱਗ ਪਏ। ਹੰਗਾਮੇ ਵਿਚਾਲੇ ਹੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਭਾਜਪਾ ਮੈਂਬਰ ਜਸਕੌਰ ਮੀਣਾ ਦੇ ਪੂਰਕ ਪ੍ਰਸ਼ਨ ਦਾ ਜਵਾਬ ਦਿੱਤਾ। ਸਦਨ ਦੇ ਪ੍ਰਧਾਨ ਨੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਸੀਟ ‘ਤੇ ਜਾ ਕੇ ਬੈਠਣ ਲਈ ਕਿਹਾ। ਵਿਰੋਧੀ ਧਿਰਾਂ ਨੇ ਹੰਗਾਮਾ ਜਾਰੀ ਰੱਖਿਆ ਤਾਂ ਪ੍ਰਧਾਨ 11.05 ਵਜੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਮਗਰੋਂ ਸਦਨ ਦੇ ਚੇਅਰਮੈਨ ਨੇ 2.10 ਵਜੇ ਮੀਟਿੰਗ ਮੁਲਤਵੀ ਕੀਤੀ ਤੇ ਬਾਅਦ ਵਿੱਚ 3 ਵਜੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।

ਉੱਧਰ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ‘ਚ ਅੱਜ ਦਿਨੇ ਵਾਰ-ਵਾਰ ਮੁਲਤਵੀ ਹੋਣ ਮਗਰੋਂ ਬਾਅਦ ਦੁਪਹਿਰ ਕੁਝ ਸਮੇਂ ਲਈ ਕੋਵਿਡ-19 ਪ੍ਰਬੰਧਨ ਬਾਰੇ ਚਰਚਾ ਹੋਈ। ਇਸ ਦੌਰਾਨ ਜਿੱਥੇ ਕੇਂਦਰੀ ਸਿਹਤ ਮੰਤਰੀ ਨੇ ਦੇਸ਼ ‘ਚ ਕਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਸਰਕਾਰ ਦੀ ਪੂਰੀ ਤਿਆਰੀ ਹੋਣ ਦਾ ਦਾਅਵਾ ਕੀਤਾ ਉੱਥੇ ਵਿਰੋਧੀ ਧਿਰ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਸਰਕਾਰ ਦੇ ਨਜਿੱਠਣ ‘ਚ ਨਾਕਾਮ ਰਹਿਣ ਦੇ ਦੋਸ਼ ਲਾਏ। ਰਾਜ ਸਭਾ ਦੇ ਪ੍ਰਧਾਨ ਐੱਮ ਵੈਂਕਈਆ ਨਾਇਡੂ ਵੱਲੋਂ ਵੱਖ ਵੱਖ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਮਗਰੋਂ ਰਾਜ ਸਭਾ ‘ਚ ਦੂਜੇ ਦਿਨ ਦਾ ਕੰਮਕਾਰ ਚੱਲ ਸਕਿਆ।

ਕੋਵਿਡ-19 ਮਹਾਮਾਰੀ ‘ਤੇ ਚਰਚਾ ਦੌਰਾਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮੰਡਾਵੀਆ ਨੇ ਅੱਜ ਕਿਹਾ ਕਿ ਕਈ ਭਾਰਤੀ ਕੰਪਨੀਆਂ ਆਪਣੇ ਕੋਵਿਡ-19 ਰੋਕੂ ਟੀਕਿਆਂ ਦਾ ਉਤਪਾਦਨ ਵਧਾ ਰਹੀਆਂ ਹਨ ਤੇ ਦੇਸ਼ ਦੀਆਂ ਦੋ ਕੰਪਨੀਆਂ ਬੱਚਿਆਂ ਲਈ ਟੀਕੇ ਬਣਾਉਣ ਲਈ ਟਰਾਇਲ ਦੇ ਵੱਖ ਵੱਖ ਗੇੜਾਂ ‘ਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਟੀਕਾ ਲੱਗ ਜਾਵੇ। ਦੇਸ਼ ‘ਚ ਕਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਸਰਕਾਰ ਵੱਲੋਂ ਲੁਕਾਏ ਜਾਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ, ‘ਇਹ ਅੰਕੜੇ ਲੁਕਾਉਣ ਦਾ ਕੋਈ ਕਾਰਨ ਨਹੀਂ ਹੈ। ਮੌਤ ਦੇ ਮਾਮਲਿਆਂ ਦੀ ਰਜਿਸਟੇਰਸ਼ਨ ਰਾਜਾਂ ‘ਚ ਹੁੰਦੀ ਹੈ। ਰਾਜਾਂ ਤੋਂ ਅੰਕੜੇ ਆਉਣ ਮਗਰੋਂ ਉਨ੍ਹਾਂ ਨੂੰ ਕੇਂਦਰ ਪ੍ਰਕਾਸ਼ਤ ਕਰਦਾ ਹੈ। ਕੇਂਦਰ ਨੇ ਕਿਸੇ ਵੀ ਰਾਜ ਨੂੰ ਅੰਕੜੇ ਘੱਟ ਕਰਕੇ ਦੱਸਣ ਨੂੰ ਨਹੀਂ ਕਿਹਾ।’ ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਕੇਂਦਰ ‘ਤੇ ਕੋਵਿਡ-19 ਸਬੰਧੀ ਅੰਕੜੇ ਲੁਕਾਉਣ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਇਸ ਮਹਾਮਾਰੀ ਨਾਲ ਨਜਿੱਠਣ ‘ਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਤੇ ਸਿਹਤ ਮੰਤਰੀ ਨੂੰ ਬਲੀ ਦਾ ਬਕਰਾ ਬਣਾ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕੋਵਿਡ-19 ਦੇ ਨਤੀਜੇ ਇੰਨੇ ਭਿਆਨਕ ਹੋਣਗੇ, ਇਸ ਦਾ ਅੰਦਾਜ਼ਾ ਨਹੀਂ ਸੀ। ਉਨ੍ਹਾਂ ਸਰਕਾਰ ‘ਤੇ ਮਹਾਮਾਰੀ ਨਾਲ ਨਜਿੱਠਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੀਆਂ ਸਮੱਸਿਆ ਸੁਲਝਾਉਣ ‘ਚ ਨਾਕਾਮ ਰਹੇ ਹਨ ਤੇ ਸਿਹਤ ਮੰਤਰੀ ਨੂੰ ਉਨ੍ਹਾਂ ਬਲੀ ਦਾ ਬਕਰਾ ਬਣਾ ਦਿੱਤਾ ਹੈ। ਕਾਂਗਰਸ ਆਗੂ ਆਨੰਦ ਸ਼ਰਮਾ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਤੱਥਾਂ ਤੇ ਅੰਕੜਿਆਂ ਨੂੰ ਨਾ ਨਕਾਰੇ। ਇਸ ਨਾਲ ਹੀ ਭਵਿੱਖ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਰੋਨਾ ਕਾਰਨ ਮਾਰੇ ਗਏ ਲੋਕਾਂ ਨੂੰ ਮੁਆਵਜ਼ਾ ਦੇਣ ‘ਚ ਦੇਰੀ ਨਹੀਂ ਕਰਨੀ ਚਾਹੀਦੀ। ਇਸ ਤੋਂ ਬਾਅਦ ਸਦਨ ਦੇ ਪ੍ਰਧਾਨ ਨੇ ਰਾਜ ਸਭਾ ਦੀ ਕਾਰਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। -ਪੀਟੀਆਈ

ਮੋਦੀ ਸਰਕਾਰ ਸੱਚਾਈ ਦੱਸੇ: ਸੁਬਰਾਮਨੀਅਮ

ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਮੀਡੀਆ ਹਾਊਸਾਂ ਦੇ ਕੌਮਾਂਤਰੀ ਸੰਘ ਵੱਲੋਂ ਪੇਗਾਸਸ ਵੱਲੋਂ ਜਾਸੂਸੀ ਕਰਵਾਉਣ ਸਬੰਧੀ ਲਾਏ ਦਾਅਵਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੱਚਾਈ ਦੱਸਣ ਲਈ ਕਿਹਾ। ਉਨ੍ਹਾਂ ਟਵੀਟ ਕੀਤਾ,’ਇਹ ਸਪੱਸ਼ਟ ਹੈ ਕਿ ਪੇਗਾਸਸ ਸਪਾਈਵੇਅਰ ਇੱਕ ਵਪਾਰਕ ਕੰਪਨੀ ਹੈ ਜੋ ਭੁਗਤਾਨਸ਼ੁਦਾ ਕੰਟਰੈਕਟਾਂ ਲਈ ਕੰਮ ਕਰਦੀ ਹੈ। ਇਸ ਲਈ ਇਹ ਸਵਾਲ ਪੈਦਾ ਹੁੰਦਾ ਹੈ ਕਿ ਭਾਰਤੀ ‘ਅਪਰੇਸ਼ਨ’ ਲਈ ਉਨ੍ਹਾਂ ਨੂੰ ਕਿਸਨੇ ਪੈਸੇ ਦਿੱਤੇ? ਜੇਕਰ ਇਹ ਭਾਰਤ ਸਰਕਾਰ ਨਹੀਂ ਹੈ ਤਾਂ ਕੌਣ ਹੈ? ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਇਸ ਬਾਰੇ ਦੱਸੇ। ਖਬਰਾਂ ਮੁਤਾਬਕ ਦਾਅਵਾ ਕੀਤਾ ਗਿਆ ਹੈ ਕਿ 300 ਤੋਂ ਜ਼ਿਆਦਾ ਮੋਬਾਈਲ ਫੋਨ ਨੰਬਰਾਂ ਨੂੰ ਇਜ਼ਰਾਇਲੀ ਸਪਾਈਵੇਅਰ ਰਾਹੀਂ ਹੈਕਿੰਗ ਲਈ ਨਿਸ਼ਾਨਾ ਬਣਾਇਆ ਗਿਆ ਸੀ ਜੋ ਸਿਰਫ਼ ਸਰਕਾਰੀ ਏਜੰਸੀਆਂ ਨੂੰ ਹੀ ਵੇਚਿਆ ਜਾਂਦਾ ਹੈ। -ਟਨਸ

ਸਪਾਈਵੇਅਰ ਦੀ ਵਰਤੋਂ ਦੀ ਜਾਂਚ ਕਰ ਰਿਹੈ ਫਰਾਂਸ

ਪੈਰਿਸ: ‘ਦਿ ਪੈਰਿਸ ਪ੍ਰੌਸੀਕਿਊਟਰਜ਼ ਆਫਿਸ’ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਦੇ ਐੱਨਐੱਸਓ ਗਰੁੱਪ ਵੱਲੋਂ ਬਣਾੲੇ ਗਏ ਸਪਾਈਵੇਅਰ ਦੀ ਵੱਡੇ ਪੱਧਰ ‘ਤੇ ਕੀਤੀ ਗਈ ਸ਼ੱਕੀ ਵਰਤੋਂ ਦੀ ਜਾਂਚ ਕਰ ਰਿਹਾ ਹੈ। ਸਪਾਈਵੇਅਰ ਇੱਕ ਸਾਫਟਵੇਅਰ ਹੈ ਜੋ ਕਿਸੇ ਦੇ ਕੰਪਿਊਟਰ ‘ਚ ਦਾਖਲ ਹੁੰਦਾ ਹੈ ਅਤੇ ਉਸ ਦੀ ਵਰਤੋਂ ਬਾਰੇ ਸੂਚਨਾ ਇਕੱਠੀ ਕਰਕੇ ਕਿਸੇ ਤੀਜੀ ਧਿਰ ਨੂੰ ਭੇਜਦਾ ਹੈ। ‘ਦਿ ਪੈਰਿਸ ਪ੍ਰੌਸੀਕਿਊਟਰਜ਼ ਆਫਿਸ’ ਨੇ ਅੱਜ ਇੱਕ ਬਿਆਨ ‘ਚ ਕਿਹਾ ਕਿ ਉਸ ਨੇ ਨਿੱਜਤਾ ‘ਤੇ ਹਮਲੇ, ਅੰਕੜਿਆਂ ਦੀ ਗ਼ੈਰਕਾਨੂੰਨੀ ਵਰਤੋਂ ਤੇ ਗੈਰਕਾਨੂੰਨੀ ਢੰਗ ਨਾਲ ਸਪਾਈਵੇਅਰ ਵੇਚਣ ਦੇ ਸੰਭਾਵੀ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਹੈ। ਦੋ ਪੱਤਰਕਾਰਾਂ ਤੇ ਫਰਾਂਸੀਸੀ ਖੋਜੀ ਵੈੱਬਸਾਈਟ ਮੀਡੀਆਪਾਰਟ ਦੀ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਹਫ਼ਤੇ ਪ੍ਰਕਾਸ਼ਿਤ ਆਲਮੀ ਮੀਡੀਆ ਸਮੂਹ ਦੀ ਇੱਕ ਜਾਂਚ ਰਿਪੋਰਟ ‘ਚ ਪਾਇਆ ਗਿਆ ਕਿ 50 ਮੁਲਕਾਂ ‘ਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਐੱਨਐੱਸਓ ਗਾਹਕਾਂ ਨੇ ਇਸ ਦੇ ਪੈਗਾਸਸ ਸਪਾਈਵੇਅਰ ਵੱਲੋਂ ਸੰਭਾਵੀ ਨਿਗਰਾਨੀ ਲਈ ਕਥਿਤ ਤੌਰ ‘ਤੇ ਚੁਣਿਆ ਸੀ। ਉਨ੍ਹਾਂ ‘ਚ ਫਰਾਂਸ ਦੇ ਪੱਤਰਕਾਰ ਤੇ ਨੇਤਾ ਵੀ ਸ਼ਾਮਲ ਸਨ। ਹਾਲਾਂਕਿ ਐੱਨਐੱਸਓ ਗਰੁੱਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਅਤੀਤ ‘ਚ, ਮੌਜੂਦਾ ਸਮੇਂ ਜਾਂ ਭਵਿੱਖੀ ਟੀਚਿਆਂ ਦੀ ਕੋਈ ਸੂਚੀ ਰੱਖੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਮਿਸ਼ੇਲ ਬੈਸ਼ਲੇ ਨੇ ਕਿਹਾ ਕਿ ਇਜ਼ਰਾਇਲੀ ਹੈਕਰਾਂ ਵੱਲੋਂ ਇੱਕ ਵਾਰ ਫਿਰ ਖੁੱਲ੍ਹੇਆਮ ਲਛਮਣ ਰੇਖਾ ਉਲੰਘੀ ਗਈ ਹੈ। -ਏਪੀ

News Source link