ਨਵਾਂ ਸ਼ਹਿਰ, 20 ਜੁਲਾਈ

ਕਾਂਗਰਸ ਦੀ ਪੰਜਾਬ ਇਕਾਈ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਯਾਦਗਾਰ ‘ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ, ਰਾਜਕੁਮਾਰ ਵੇਰਕਾ, ਅੰਗਦ ਸੈਣੀ, ਸੁਖਪਾਲ ਭੁੱਲਰ, ਇੰਦਰਬੀਰ ਸਿੰਘ ਬੁਲਾਰੀਆ ਅਤੇ ਗੁਰਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਸਨ। ਸ੍ਰੀ ਸਿੱਧੂ ਦੀ ਫੇਰੀ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ। ਕੀਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਸ੍ਰੀ ਸਿੱਧੂ ਨੂੰ ਮਿਲਣ ਨਾ ਮਿਲਣ ਦੇਣ ਤੋਂ ਨਾਰਾਜ਼ ਹੋ ਕੇ ਅੱਧੇ ਘੰਟੇ ਲਈ ਟ੍ਰੈਫਿਕ ਜਾਮ ਕੀਤਾ। ਯੂਨੀਅਨ ਦੇ ਨੁਮਾਇੰਦੇ ਸੋਹਣ ਸਿੰਘ ਅਠਵਾਲ ਨੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਦਾ ਘਿਰਾਓ ਕਰਨ ਦੀ ਕੋਈ ਯੋਜਨਾ ਨਹੀਂ ਸੀ। ਉਹ ਸਿਰਫ ਕਿਸਾਨ ਮਸਲਿਆਂ ‘ਤੇ ਕਾਂਗਰਸ ਪ੍ਰਧਾਨ ਨੂੰ ਸੁਆਲ ਕਰਨਾ ਚਾਹੁੰਦੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਦੂਜੇ ਰਸਤੇ ਤੋਂ ਕੱਢ ਦਿੱਤਾ, ਜਿਸ ਕਾਰਨ ਨਾਰਾਜ਼ ਕਿਸਾਨਾਂ ਨੇ ਆਵਾਜਾਈ ਠੱਪ ਕਰ ਦਿੱਤੀ। ਸ੍ਰੀ ਸਿੱਧੂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਬਾਅਦ ਅੰਮ੍ਰਿਤਸਰ ਰਵਾਨਾ ਹੋ ਗਏ ਉਹ ਭਲਕੇ ਹਰਿਮੰਦਰ ਸਾਹਿਬ ਮੱਥਾ ਟੇਕਣਗੇ।

News Source link