ਬੋਸਟਨ, 19 ਜੁਲਾਈਲੀਕ ਹੋਏ ਅੰਕੜਿਆਂ ਦੇ ਆਧਾਰ ‘ਤੇ ਕੀਤੀ ਗਈ ਇਕ ਵਿਸ਼ਵ ਪੱਧਰੀ ਮੀਡੀਆ ਐਸੋਸੀਏਸ਼ਨ ਦੀ ਜਾਂਚ ਤੋਂ ਬਾਅਦ ਇਹ ਸਾਬਿਤ ਕਰਨ ਲਈ ਹੋਰ ਸਬੂਤ ਮਿਲੇ ਹਨ ਕਿ ਇਜ਼ਰਾਈਲ ਸਥਿਤ ‘ਐੱਨਐੱਸਓ ਗਰੁੱਪ’ ਦੇ ਸੈਨਿਕ ਦਰਜੇ ਦੇ ਮਾਲਵੇਅਰ ਦਾ ਇਸਤੇਮਾਲ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਿਆਸੀ ਤੌਰ ‘ਤੇ ਅਸੰਤੁਸ਼ਟ ਲੋਕਾਂ ਦੀ ਜਾਸੂਸੀ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਪੈਰਿਸ ਸਥਿਤ ਪੱਤਰਕਾਰਤਾ ਸਬੰਧੀ ਗੈਰ-ਲਾਭਕਾਰੀ ਸੰਸਥਾ ‘ਫੋਰਬਿਡਨ ਸਟੋਰੀਜ਼’ ਤੇ ਮਨੁੱਖੀ ਅਧਿਕਾਰ ਸਮੂਹ ‘ਐਮਨੈਸਟੀ ਇੰਟਰਨੈਸ਼ਨਲ’ ਵੱਲੋਂ ਹਾਸਲ ਕੀਤੀ ਗਈ ਅਤੇ 16 ਨਿਊਜ਼ ਸੰਸਥਾਵਾਂ ਨਾਲ ਸਾਂਝੀ ਕੀਤੀ ਗਈ 50,000 ਤੋਂ ਵੱਧ ਮੋਬਾਈਲ ਫੋਨ ਨੰਬਰਾਂ ਦੀ ਸੂਚੀ ਨਾਲ ਪੱਤਰਕਾਰਾਂ ਨੇ 50 ਦੇਸ਼ਾਂ ‘ਚ 1,000 ਤੋਂ ਜ਼ਿਆਦਾ ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਜਿਨ੍ਹਾਂ ਨੂੰ ਐੱਨਐੱਸਓ ਦੇ ਗਾਹਕਾਂ ਨੇ ਸੰਭਾਵੀ ਨਿਗਰਾਨੀ ਲਈ ਕਥਿਤ ਤੌਰ ‘ਤੇ ਚੁਣਿਆ। ਵਿਸ਼ਵ ਪੱਧਰੀ ਮੀਡੀਆ ਐਸੋਸੀਏਸ਼ਨ ਦੇ ਮੈਂਬਰ ‘ਦਿ ਵਾਸ਼ਿੰਗਟਨ ਪੋਸਟ’ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਸੰਭਾਵੀ ਨਿਗਰਾਨੀ ਲਈ ਚੁਣਿਆ ਗਿਆ, ਉਨ੍ਹਾਂ ਵਿਚ 189 ਪੱਤਰਕਾਰ, 600 ਤੋਂ ਵੱਧ ਨੇਤਾ ਤੇ ਸਰਕਾਰੀ ਅਧਿਕਾਰੀ, ਘੱਟੋ ਘੱਟ 65 ਕਾਰੋਬਾਰੀ ਅਧਿਕਾਰੀ, 85 ਕਾਰਕੁਨ ਅਤੇ ਕਈ ਦੇਸ਼ਾਂ ਦੇ ਮੁਖੀ ਸ਼ਾਮਲ ਹਨ। ਇਹ ਪੱਤਰਕਾਰ ਦਿ ਐਸੋਸੀਏਟਿਡ ਪ੍ਰੈੱਸ, ਰਾਇਟਰਜ਼, ਸੀਐੱਨਐੱਨ, ਦਿ ਵਾਲ ਸਟ੍ਰੀਟ ਜਰਨਲ, ਲੀ ਮੋਂਡੇ ਅਤੇ ਦਿ ਫਾਇਨੈਂਸ਼ੀਅਲ ਐਕਸਪ੍ਰੈੱਸ ਵਰਗੀਆਂ ਸੰਸਥਾਵਾਂ ਲਈ ਕੰਮ ਕਰਦੇ ਹਨ। ਐਮਨੈਸਟੀ ਨੇ ਵੀ ਦੱਸਿਆ ਕਿ ਉਸ ਦੇ ਫੋਰੈਂਸਿਕ ਖੋਜੀਆਂ ਨੇ ਪਤਾ ਲਗਾਇਆ ਹੈ ਕਿ 2018 ਵਿਚ ਇਸਤਾਨਬੁਲ ਵਿਚ ਸਾਊਦੀ ਸਫ਼ਾਰਤਖਾਨੇ ਵਿਚ ਪੱਤਰਕਾਰ ਜਮਾਲ ਖਸ਼ੋਗ਼ੀ ਦੀ ਹੱਤਿਆ ਤੋਂ ਠੀਕ ਚਾਰ ਦਿਨ ਬਾਅਦ ਉਸ ਦੀ ਮੰਗੇਤਰ ਹਾਤਿਸ ਚੰਗੀਜ਼ ਦੇ ਫੋਨ ਵਿਚ ਐੱਨਐੱਸਓ ਸਮੂਹ ਨੇ ਆਪਣਾ ਪੈਗਾਸਸ ਸਪਾਈਵੇਅਰ ਸਫ਼ਲਤਾਪੂਰਵਕ ਪਾਇਆ ਹੋਇਆ ਸੀ। ਕੰਪਨੀ ਨੂੰ ਪਹਿਲਾਂ ਖਸ਼ੋਗੀ ‘ਤੇ ਇਕ ਹੋਰ ਜਾਸੂਸੀ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਸੀ।

ਉੱਧਰ, ਐੱਨਐੱਸਓ ਗਰੁੱਪ ਨੇ ਏਪੀ ਵੱਲੋਂ ਪੁੱਛੇ ਗਏ ਸਵਾਲਾਂ ਦਾ ਈ-ਮੇਲ ਰਾਹੀਂ ਜਵਾਬ ਦਿੰਦੇ ਹੋਏ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ‘ਸੰਭਾਵੀ, ਪਿਛਲੇ ਜਾਂ ਮੌਜੂਦਾ ਟੀਚਿਆਂ ਦੀ ਕੋਈ ਸੂਚੀ’ ਬਣਾਈ ਹੋਈ ਹੈ। ਐੱਨਐੱਸਓ ਨੇ ਇਕ ਹੋਰ ਬਿਆਨ ਵਿਚ ‘ਫੋਰਬਿਡਨ ਸਟੋਰੀਜ਼’ ਦੀ ਰਿਪੋਰਟ ਨੂੰ ‘ਗਲਤ ਧਾਰਨਾਵਾਂ ਤੇ ਅਪੁਸ਼ਟ ਸਿਧਾਂਤਾਂ ਨਾਲ ਭਰਪੂਰ’ ਦੱਸਿਆ। ਕੰਪਨੀ ਨੇ ਦਾਅਵਾ ਕੀਤਾ ਕਿ ਉਹ ਸਿਰਫ਼ ਅਧਿਕਾਰਤ ਸਰਕਾਰੀ ਏਜੰਸੀਆਂ ਨੂੰ ‘ਅਤਿਵਾਦੀਆਂ ਤੇ ਪ੍ਰਮੁੱਖ ਅਪਰਾਧੀਆਂ’ ਖ਼ਿਲਾਫ਼ ਇਸਤੇਮਾਲ ਕਰਨ ਲਈ ਤਕਨਾਲੋਜੀ ਵੇਚਦੀ ਹੈ।

News Source link