ਨਵੀਂ ਦਿੱਲੀ, 16 ਜੁਲਾਈ

ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਬਿਨਾਂ ਕਲੀਨਿਕਲ ਟਰਾਇਲਾਂ ਦੇ ਖਾਸ ਕਰ ਕੇ ਬੱਚਿਆਂ ਨੂੰ ਕੋਵਿਡ-19 ਵੈਕਸੀਨਾਂ ਲਾਉਣਾ ਕਿਸੇ ਆਫ਼ਤ/ਮੁਸੀਬਤ ਨੂੰ ਸੱਦਾ ਦੇਣ ਤੋਂ ਘੱਟ ਨਹੀਂ ਹੋਵੇਗਾ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਕਿ ਇਕ ਵਾਰੀ ਟਰਾਇਲ ਮੁਕੰਮਲ ਹੋਣ ਤਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਲਈ ਫੌਰੀ ਕਦਮ ਚੁੱਕੇ ਜਾਣ। ਹਾਈ ਕੋਰਟ ਨੇ ਕਿਹਾ ਕਿ ਪੂਰੇ ਮੁਲਕ ਨੂੰ ਬੱਚਿਆਂ ਦੇ ਟੀਕਾਕਰਨ ਦੀ ਉਡੀਕ ਹੈ। ਚੀਫ਼ ਜਸਟਿਸ ਡੀ.ਐੱਨ.ਪਟੇਲ ਤੇ ਜਸਟਿਸ ਜਿਓਤੀ ਸਿੰਘ ਦੇ ਬੈਂਚ ਨੇ ਕਿਹਾ, ”ਟਰਾਇਲ ਮੁਕੰਮਲ ਹੋਣ ਦਈਏ, ਜੇ ਬਿਨਾਂ ਟਰਾਇਲਾਂ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਤਾਂ ਇਹ ਆਫ਼ਤ/ਮੁਸੀਬਤ ਨੂੰ ਸੱਦਾ ਦੇਣ ਵਾਂਗ ਹੋਵੇਗਾ।” ਹਾਈ ਕੋਰਟ ਨੇ ਉਪਰੋਕਤ ਟਿੱਪਣੀਆਂ 12 ਤੋਂ 17 ਸਾਲ ਉਮਰ ਵਰਗ ਦੇ ਨਾਬਾਲਗਾਂ ਦੇ ਫੌਰੀ ਟੀਕਾਕਰਨ ਲਈ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੀਤੀਆਂ ਹਨ। ਕੇਸ ‘ਤੇ ਅਗਲੀ ਸੁਣਵਾਈ 6 ਸਤੰਬਰ ਨੂੰ ਹੋਵੇਗੀ। ਇਸ ਦੌਰਾਨ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ 12 ਤੋਂ 18 ਸਾਲ ਉਮਰ ਵਰਗ ਲਈ ਜ਼ਾਇਡਸ ਕੈਡਿਲਾ ਵੈਕਸੀਨ ਦੇ ਟਰਾਇਲ ਲਗਪਗ ਪੂਰੇ ਹੋਣ ਕੰਢੇੇ ਹਨ। -ਪੀਟੀਆਈ

News Source link