ਮੁੰਬਈ, 15 ਜੁਲਾਈ

ਅਦਾਕਾਰਾ ਤਾਪਸੀ ਪੰਨੂ ਨੇ ਵੀਰਵਾਰ ਨੂੰ ਆਪਣਾ ਪ੍ਰੋਡਕਸ਼ਨ ਹਾਊਸ ‘ਆਊਟਸਾਈਡਰਜ਼ ਫ਼ਿਲਮਜ਼’ ਲਾਂਚ ਕੀਤਾ। ਤਾਪਸੀ ਨੇ ਕਿਹਾ ਕਿ ਇਸ ਬੈਨਰ ਹੇਠ ਉਹ ਵਧੀਆ ਫ਼ਿਲਮਾਂ ਤਿਆਰ ਕਰੇਗੀ। ‘ਪਿੰਕ’, ‘ਮੁਲਕ’, ‘ਮਨਮਰਜ਼ੀਆਂ’ ਅਤੇ ‘ਥੱਪੜ’ ਵਰਗੀਆਂ ਫ਼ਿਲਮਾਂ ਵਿੱਚ ਬਾਕਮਾਲ ਕੰਮ ਕਰ ਚੁੱਕੀ 33 ਸਾਲਾ ਅਦਾਕਾਰਾ ਨੇ ਦੱਸਿਆ ਕਿ ਫ਼ਿਲਮ ਨਿਰਮਾਣ ਵੱਲ ਆਉਣ ਦਾ ਫ਼ੈਸਲਾ ਉਸ ਦਾ ਆਪਣਾ ਹੈ। ਮਨੋਰੰਜਨ ਜਗਤ ਵਿੱਚ ਲਗਪਗ ਇੱਕ ਦਹਾਕੇ ਤੋਂ ਕੰਮ ਕਰ ਰਹੀ ਤਾਪਸੀ ਨੇ ਹਾਲ ਹੀ ਵਿੱਚ ‘ਸੁਪਰ 30’, ‘ਸੂਰਮਾ’ ਤੇ ‘ਪੀਕੂ’ ਵਰਗੀਆਂ ਫ਼ਿਲਮਾਂ ਦੇ ਕੰਟੈਂਟ ਕ੍ਰੀਏਟਰ ਤੇ ਨਿਰਮਾਤਾ ਰਹੇ ਪ੍ਰਾਂਜਲ ਖਾਂਧੜੀਆ ਨਾਲ ਸਾਂਝੇ ਰੂਪ ਵਿੱਚ ਫ਼ਿਲਮ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ। ਤਾਪਸੀ ਨੇ ਕਿਹਾ, ‘ਮੈਨੂੰ ਸ਼ੁਰੂ ਤੋਂ ਹੀ ਸਪੱਸ਼ਟ ਸੀ ਕਿ ਫ਼ਿਲਮ ਨਿਰਦੇਸ਼ਨ ਮੇਰੇ ਵੱਸ ਦਾ ਕੰਮ ਨਹੀਂ। ਹਾਂ, ਫ਼ਿਲਮ ਨਿਰਮਾਣ ਇੱਕ ਅਜਿਹਾ ਕੰਮ ਹੈ, ਜਿਸ ਬਾਰੇ ਮੈਂ ਸੋਚ ਸਕਦੀ ਹਾਂ। ਇੱਕ ਅਦਾਕਾਰ ਹੋਣ ਨਾਤੇ ਮੈਨੂੰ ਅਦਾਕਾਰੀ ਬਹੁਤ ਪਸੰਦ ਹੈ। ਮੈਂ ਜਦੋਂ ਸੈੱਟ ‘ਤੇ ਹੁੰਦੀ ਹਾਂ ਤਾਂ ਕੋਈ ਵੀ ਹੋਰ ਕੰਮ ਮੇਰਾ ਧਿਆਨ ਨਹੀਂ ਖਿੱਚ ਸਕਦਾ।’ ਤਾਪਸੀ ਨੇ ਕਿਹਾ, ‘ਮੈਂ ਇੱਕ ਅਜਿਹੇ ਸਾਥੀ ਨਾਲ ਫ਼ਿਲਮ ਨਿਰਮਾਣ ਦਾ ਕੰਮ ਕਰਨਾ ਚਾਹੁੰਦੀ ਸਾਂ, ਜਿਸ ਨਾਲ ਮੈਂ ਆਪਣੀ ਅਦਾਕਾਰੀ ‘ਤੇ ਪੂਰਾ ਧਿਆਨ ਦੇ ਸਕਦੀ ਹੋਵਾਂ ਤੇ ਜੋ ਬਾਕੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਸੰਭਾਲ ਸਕੇ। ਤੇ ਫਿਰ ਮੈਨੂੰ ਪ੍ਰਾਂਜਲ ਮਿਲਿਆ। ਜਿਸ ਮਗਰੋਂ ਮੈਂ ਇਹ ਫ਼ੈਸਲਾ ਲਿਆ।’

ਤਾਪਸੀ ਬਣੀ ‘ਲੈਸਟਵੋਗ’ ਕੈਂਪੇਨ ਦੀ ਬ੍ਰਾਂਡ ਅੰਬੈਸਡਰ

ਨਵੀਂ ਦਿੱਲੀ: ਅਦਾਕਾਰਾ ਤਾਪਸੀ ਪੰਨੂ ਨੂੰ ਹਾਲ ਹੀ ਵਿੱਚ ਮੇਕਅਪ ਦਾ ਸਾਮਾਨ ਤਿਆਰ ਕਰਨ ਵਾਲੀ ਕੰਪਨੀ ‘ਵੋਗ’ ਵੱਲੋਂ ਆਪਣੇ ਅੱਖਾਂ ਦੇ ਮੇਕਅਪ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਕੰਪਨੀ ਵੱਲੋਂ ਆਪਣਾ ਕੈਂਪੇਨ ‘ਲੈਟਸਵੋਗ’ ਸ਼ੁਰੂ ਕੀਤਾ ਗਿਆ ਹੈ। ਇਸ ਕੈਂਪੇਨ ਬਾਰੇ ਗੱਲ ਕਰਦਿਆਂ ਤਾਪਸੀ ਨੇ ਕਿਹਾ, ‘ਮੈਨੂੰ ਵੋਗ ਦੇ ਅੱਖਾਂ ਦੇ ਮੇਕਅਪ ਕੈਂਪੇਨ ਨਾਲ ਜੁੜ ਕੇ ਅਤੇ ‘ਲੈਟਸਵੋਗ’ ਮੁਹਿੰਮ ਦਾ ਭਾਰਤੀ ਚਿਹਰਾ ਬਣ ਕੇ ਬਹੁਤ ਖੁਸ਼ੀ ਹੋ ਰਹੀ ਹੈ।’ ਤਾਪਸੀ ਨੇ ਕਿਹਾ, ‘ਮੇਰੀ ਆਪਣੀ ਪਸੰਦ ਵੀ ਵੋਗ ਦੇ ਰੰਗੀਨ ਤੇ ਤਾਜ਼ਾ ਦਿੱਖ ਵਾਲੇ ਮੇਕਅਪ ਨਾਲ ਮੇਲ ਖਾਂਦੀ ਹੈ ਤੇ ਇਹੀ ਕਾਰਨ ਹੈ ਕਿ ਮੈਨੂੰ ਇਹ ਮੇਕਅਪ ਦਾ ਸਾਮਾਨ ਪਸੰਦ ਹੈ।’

News Source link