ਵਾਸ਼ਿੰਗਟਨ/ਕੈਲੀਫੋਰਨੀਆ, 15 ਜੁਲਾਈ

ਮੋਂਟਾਨਾ ਨੇ ਅਮਰੀਕਾ ਦੇ ਪੱਛਮੀ ਖੇਤਰ ‘ਚ ਜੰਗਲਾਂ ਨੂੰ ਲੱਗੀ ਅੱਗ ਨੂੰ ਐਮਰਜੈਂਸੀ ਐਲਾਨ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉੱਧਰ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ।

ਮੋਂਟਾਨਾ ਦੇ ਗਵਰਨਰ ਗਰੇਗ ਜਿਆਨਫੋਰਟ ਨੇ ਟਵੀਟ ਕੀਤਾ, ‘ਜੰਗਲਾਂ ‘ਚ ਲੱਗੀ ਭਿਆਨਕ ਅੱਗ ਨੇ ਸਾਡੇ ਲੋਕਾਂ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰਾ ਖੜ੍ਹਾ ਕਰ ਦਿੱਤਾ ਹੈ। ਅੱਜ ਮੈਂ ਮੋਂਟਾਨਾ ‘ਚ ਜੰਗਲ ਦੀ ਅੱਗ ਨੂੰ ਐਮਰਜੈਂਸੀ ਐਲਾਨਦਾ ਹਾਂ ਤਾਂ ਜੋ ਸਾਡੇ ਲੋਕਾਂ ਦੀ ਇਸ ਅੱਗ ਤੋਂ ਸੁਰੱਖਿਆ ਯਕੀਨੀ ਬਣਾਈ ਜਾ ਸਕੇ।’ ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਹੁਕਮਾਂ ਨਾਲ ਅੱਗ ਬੁਝਾਉਣ ‘ਚ ਜੁਟੇ ਹੋਏ ਮੁਲਜ਼ਮਾਂ ਨੂੰ ਵਾਧੂ ਮਦਦ ਤੇ ਸੋਮੇ ਮਿਲਣ ‘ਚ ਮਦਦ ਮਿਲੇਗੀ। ਗਵਰਨਰ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਸਾਰੇ ਮੋਂਟਾਨਾ ਰਾਜ ‘ਚ ਜੰਗਲਾਂ ਦੀ ਅੱਗ ਕਾਰਨ ਭਿਆਨਕ ਹਾਲਾਤ ਬਣੇ ਹੋਏ ਹਨ ਤੇ ਇੱਥੇ ਲਗਾਤਾਰ ਤਾਪਮਾਨ ‘ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਂਟਾਨਾ ‘ਚ ਹੁਣ ਤੱਕ 1398 ਏਕੜ ਵਿਚਲੇ ਜੰਗਲਾਤ ਰਕਬੇ ‘ਚ ਅੱਗ ਫੈਲ ਚੁੱਕੀ ਹੈ।

ਉੱਧਰ ਅਮਰੀਕਾ ਦੇ ਇਤਿਹਾਸ ‘ਚ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਇਹ ਅੱਗ ਅਜੇ ਲੋਕਾਂ ਦੇ ਘਰਾਂ ਤੋਂ ਦੂਰ ਹੈ ਪਰ 2018 ਦੀ ਅੱਗਜ਼ਨੀ ਤੋਂ ਬਚੇ ਲੋਕਾਂ ਨੂੰ ਡਰ ਹੈ ਕਿ ਹੁਣ ਫਿਰ 2018 ਵਾਲੇ ਹਾਲਾਤ ਬਣ ਸਕਦੇ ਹਨ। ਜਾਣਕਾਰੀ ਅਨੁਸਾਰ ਬੱਟੇ ਕਾਊਂਟੀ ‘ਚ ਫੈਦਰ ਰਿਵਰ ਕੈਨਨ ਇਲਾਕੇ ‘ਚ ਕਈ ਮੀਲ ਤੱਕ ਜੰਗਲ ਸੜ ਚੁੱਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕ ਕਿਸੇ ਵੀ ਸਮੇਂ ਇਲਾਕਾ ਛੱਡਣ ਦੀ ਤਿਆਰੀ ‘ਚ ਹਨ। -ਏਪੀ/ਆਈਏਐੱਨਐੱਸ

News Source link