ਪੱਤਰ ਪ੍ਰੇਰਕ

ਹੁਸ਼ਿਆਰਪੁਰ, 14 ਜੁਲਾਈ

ਕੇਂਦਰੀ ਜੇਲ੍ਹ ‘ਚ ਅੱਜ ਸਵੇਰੇ ਕੈਦੀਆਂ ਦੇ ਦੋ ਗੁੱਟਾਂ ਦਰਮਿਆਨ ਲੜਾਈ ਹੋ ਗਈ, ਜਿਸ ਵਿੱਚ ਦੋ ਕੈਦੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖ਼ਮੀ ਹੋਏ ਦੋਵੇਂ ਕੈਦੀ ਕਤਲ ਦੇ ਕੇਸ ‘ਚ ਜੇਲ੍ਹ ਵਿੱਚ ਬੰਦ ਹਨ। ਸੂਤਰਾਂ ਅਨੁਸਾਰ ਦੋ ਗੁੱਟਾਂ ਵਿੱਚ ਪਹਿਲਾਂ ਤੋਂ ਹੀ ਤਕਰਾਰ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਅੱਜ ਇਕ ਗੁੱਟ ਨੇ ਦੂਜੇ ‘ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਕੈਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਮਲਾ ਹੋਣ ਦਾ ਸ਼ੱਕ ਸੀ, ਜਿਸ ਕਰਕੇ ਉਨ੍ਹਾਂ ਜੇਲ੍ਹ ਅਧਿਕਾਰੀਆਂ ਕੋਲ ਉਨ੍ਹਾਂ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਪੀਲ ਵੀ ਕੀਤੀ ਸੀ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਡਾਕਟਰਾਂ ਅਨੁਸਾਰ, ਦੋਵੇਂ ਕੈਦੀ ਖ਼ਤਰੇ ਤੋਂ ਬਾਹਰ ਹਨ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜ ਹਮਲਾਵਰਾਂ ਖ਼ਿਲਾਫ਼ ਕਾਰਵਾਈ ਲਈ ਸਿਟੀ ਪੁਲੀਸ ਨੂੰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਵੀ ਦੋਵੇਂ ਗੁੱਟਾਂ ‘ਚ ਲੜਾਈ ਹੋਈ ਸੀ, ਜਿਸ ਪਿੱਛੋਂ ਇਨ੍ਹਾਂ ਨੂੰ ਵੱਖਰੇ ਸੈੱਲਾਂ ‘ਚ ਬੰਦ ਕੀਤਾ ਗਿਆ ਸੀ।

News Source link